ਪੰਜਾਬ ਸਰਕਾਰ ਦੀ 'ਘਰ-ਘਰ ਰੁਜ਼ਗਾਰ' ਯੋਜਨਾ ਤਹਿਤ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਸ. ਅਮਰਜੀਤ ਸਿੰਘ ਸਮਰਾ ਵੱਲੋਂ ਅੱਜ ਇੱਕ ਹੋਰ ਨੌਜਵਾਨ ਨੂੰ ਰੁਜ਼ਗਾਰ ਦਾ ਸਾਧਨ ਦਿੰਦਿਆਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਮਾਰਕਫੈੱਡ ਦੇ ਵਿਕਰੀ ਬੂਥ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਮਾਰਕਫੈੱਡ ਦੇ ਅਧਿਕਾਰੀਆਂ ਤੋਂ ਇਲਾਵਾ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵੀ ਮੌਜੂਦ ਸਨ।ਚੈਅਰਮੇਨ ਮਾਰਕਫੈਡ ਪੰਜਾਬ ਸ. ਅਮਰਜੀਤ ਸਿੰਘ ਸਮਰਾ ਨੇ ਉਦਘਾਟਨ ਮੌਕੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਹਰ ਇੱਕ ਘਰ 'ਚ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਲਈ ਮਾਰਕਫੈੱਡ ਵੱਲੋਂ ਪੰਜਾਬ ਭਰ 'ਚ 110 ਅਜਿਹੇ ਵਿਕਰੀ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ।ਸ. ਸਮਰਾ ਨੇ ਦੱਸਿਆ ਕਿ ਪੰਜਾਬ ਮਾਰਕਫੈੱਡ ਅਤੇ ਵੇਰਕਾ ਮਿਲਕਫੈਡ ਦੇ ਸਮਝੌਤੇ ਤਹਿਤ ਵੇਰਕਾ ਦੇ ਸਾਰੇ ਉਤਪਾਦ ਮਾਰਕਫੈੱਡ ਦੇ ਵਿਕਰੀ ਕੇਂਦਰਾਂ 'ਤੇ ਵੀ ਉਪਲਬਧ ਕਰਵਾਏ ਜਾਣਗੇ ਜਿਸ ਨਾਲ ਖਪਤਕਾਰਾਂ ਨੂੰ ਨਾ ਸਿਰਫ਼ ਉੱਚ ਗੁਣਵੱਤਾ ਦੇ ਮਾਰਕਫੈੱਡ ਦੇ ਉਤਪਾਦ ਮਿਲਦੇ ਹਨ ਬਲਕਿ ਵੇਰਕਾ ਦੇ ਵੀ ਵਧੀਆ ਦੁੱਧ ਦੇ ਉਤਪਾਦ ਇੱਕ ਹੀ ਥਾਂ 'ਤੇ ਮਿਲਣਗੇ। ਉਨ੍ਹਾਂ ਦੱਸਿਆ ਕਿ ਜਿਸ ਨੌਜਵਾਨ ਨੂੰ ਇਹ ਵਿਕਰੀ ਕੇਂਦਰ ਚਲਾਉਣ ਲਈ ਦਿੱਤਾ ਗਿਆ ਹੈ, ਉਸ ਦੀ ਚੋਣ ਬਣਦੇ ਨਿਯਮਾਂ ਦੁਆਰਾ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮਾਰਕਫੈੱਡ ਵੱਲੋਂ ਇਸ ਨੌਜਵਾਨ ਨੂੰ ਉਤਪਾਦ ਫੈਕਟਰੀ ਰੇਟਾਂ ਅਨੁਸਾਰ ਦਿੱਤੇ ਜਾਣਗੇ ਅਤੇ ਇਹ ਨੌਜਵਾਨ ਅੱਗੇ ਇਨ੍ਹਾਂ ਉਤਪਾਦਾਂ ਨੂੰ ਤਹਿਸ਼ੁਦਾ ਕੀਮਤ 'ਤੇ ਵੇਚ ਕੇ ਆਪਣਾ ਮੁਨਾਫ਼ਾ ਕਮਾਉਣਗੇ। ਡਾਇਰੈਕਟਰ ਮਾਰਕਫੈਡ ਸ. ਬਲਦੇਵ ਸਿੰਘ ਨੇ ਦੱਸਿਆ ਕਿ ਇਸ ਬੂਥ ਸਥਾਪਤ ਕਰਨ ਦਾ ਖਰਚਾ ਮਾਰਕਫੈੱਡ ਦੁਆਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਰਕਫੈੱਡ ਦੇ ਮਸ਼ਹੂਰ ਉਤਪਾਦ ਜਿਵੇਂ ਕਿ ਮਸਾਲਾ ਗੁੜ, ਕੇਸਰ ਦਲੀਆ ਅਤੇ ਸ਼ਹਿਦ ਵੀ ਇਨ੍ਹਾਂ ਬੂਥਾਂ 'ਤੇ ਵਿਕਰੀ ਲਈ ਉਪਲਬਧ ਹੋਣਗੇ। ਉਨ੍ਹਾਂ ਦੱਸਿਆ ਕਿ ਮਾਰਕਫੈੱਡ ਦੁਆਰਾ ਇਹ ਵਿਕਰੀ ਕੇਂਦਰ ਆਪ ਉਸਾਰੇ ਜਾਣਗੇ ਅਤੇ ਇਨ੍ਹਾਂ ਨੂੰ ਚਲਾਉਣ ਵਾਲੇ ਨੌਜਵਾਨ ਉਹੀ ਹੋਣਗੇ ਜਿਨ੍ਹਾਂ ਕੋਲ ਪਹਿਲਾਂ ਰੁਜ਼ਗਾਰ ਨਹੀਂ ਸੀ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਮਿਲਾਵਟਖੋਰੀ ਤੋਂ ਬਚਣ ਲਈ ਉਹ ਚੰਗੀ ਗੁਣਵੱਤਾ ਵਾਲਾ ਸਮਾਨ ਇਨ੍ਹਾਂ ਵਿਕਰੀ ਕੇਂਦਰਾਂ ਤੋਂ ਹੀ ਖ੍ਰੀਦਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕਫੈੱਡ ਏ.ਐਮ.ਡੀ. (ਵਿਕਾਸ) ਦੇ ਬਾਲ ਮੁਕੰਦ ਸ਼ਰਮਾ, ਡਾਇਰੈਕਟਰ ਸੁਖਚੈਨ ਸਿੰਘ, ਡੀ.ਐਮ. ਗੁਰਬੀਰ ਸਿੰਘ, ਕੋਆਪ੍ਰੇਟਿਵ ਵਿਭਾਗ ਦੇ ਡੀ.ਆਰ. ਜਤਿੰਦਰਪਾਲ ਸਿੰਘ, ਮੱਖਣ ਸ਼ਰਮਾ, ਗੁਰਜੀਤ ਬਰਾੜ, ਡਿੰਪਲ ਉੱਪਲੀ, ਸੁਖਜੀਤ ਕੌਰ ਸੁੱਖੀ ਦੇ ਨਾਲ-ਨਾਲ ਮਾਰਕਫੈੱਡ ਬਰਨਾਲਾ ਤੇ ਸੰਗਰੂਰ ਦਾ ਹੋਰ ਸਟਾਫ ਤੇ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।