ਵਧੀਕ ਡਿਪਟੀ ਕਮਿਸ਼ਨਰ (ਜ) ਅਮਿ੍ਰਤ ਸਿੰਘ ਨੇ ਅੱਜ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਕਿ ਜ਼ਿਲ੍ਹਾ ਪੱਧਰੀ ਅਜ਼ਾਦੀ ਦਿਵਸ ਮੌਕੇ ਕੱਢੀਆਂ ਜਾਣ ਵਾਲੀਆਂ ਝਾਕੀਆਂ ਗਿਣਤੀ ਵਿੱਚ ਥੋੜ੍ਹੀਆਂ ਪਰੰਤੂ ਪ੍ਰਭਾਵਸ਼ਾਲੀ ਹੋਣ।ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲਾਮਬੰਦੀ ਵਾਲੀਆਂ ਸਰਕਾਰ ਦੀਆਂ ਮੁਹਿੰਮਾਂ, ਮਿਸ਼ਨ ਤੰਦਰੁਸਤ ਪੰਜਾਬ ਅਤੇ ਸਵੱਛ ਮਿਸ਼ਨ ਨੂੰ ਇਨ੍ਹਾਂ ਝਾਕੀਆਂ ਦਾ ਹਿੱਸਾ ਬਣਾਇਆ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਝਾਕੀਆਂ ਨੂੰ ਗਿਣਤੀ ਵਿੱਚ ਜ਼ਿਆਦਾ ਕਰਨ ਦੀ ਥਾਂ ’ਤੇ ਝਾਕੀਆਂ ਦੇ ਵਿਸ਼ੇ ਨਾਲ ਸਬੰਧਤ ਇੱਕੋ ਜਿਹੇ ਵਿਭਾਗ ਰਲ ਕੇ ਇੱਕ-ਇੱਕ ਝਾਕੀ ਤਿਆਰ ਕਰ ਲੈਣ।ਏ.ਡੀ.ਸੀ. ਅਮਿ੍ਰਤ ਸਿੰਘ ਨੇ ਖੇਤੀਬਾੜੀ ਤੇ ਕਿਸਾਨ ਭਲਾਈ, ਬਾਗਬਾਨੀ ਤੇ ਜੰਗਲਾਤ ਵਿਭਾਗ ਨੂੰ ਮਿਸ਼ਨ ਤੰਦਰੁਸਤ ਪੰਜਾਬ ਦੀ ਥੀਮ ’ਤੇ, ਸਾਂਝ ਕੇਂਦਰ ਤੇ ਸਿਹਤ ਵਿਭਾਗ ਨੂੰ ਨਸ਼ਿਆਂ ਖਿਲਾਫ਼ ਮੁਹਿੰਮ ਦੀ ਥੀਮ ’ਤੇ, ਵੇਰਕਾ ਤੇ ਮਾਰਕਫ਼ੈਡ ਨੂੰ ਤੰਦਰੁਸਤ ਪੰਜਾਬ ਥੀਮ ’ਤੇ ਅਤੇ ਸਿਖਿਆ ਤੇ ਖੇਡ ਵਿਭਾਗਾਂ ਨੂੰ ਨੌਜੁਆਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਥੀਮ ’ਤੇ ਝਾਕੀਆਂ ਤਿਆਰ ਕਰਨ ਲਈ ਆਖਿਆ। ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਵੱਲੋਂ ਨਸ਼ਿਆਂ ਖਿਲਾਫ਼ ਅਤੇ ਕੰਨਿਆ ਭਰੂਣ ਹੱਤਿਆ ਖਿਲਾਫ਼ ਝਾਕੀ ਕੱਢਣ ਬਾਰੇ ਦੱਸਿਆ ਗਿਆ।ਵਧੀਕ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਸਾਰੀਆਂ ਝਾਕੀਆਂ ਦੀ ਰੀਹਰਸਲ 14 ਅਗਸਤ ਨੂੰ ਆਈ.ਟੀ.ਆਈ ਸਟੇਡੀਅਮ ਵਿਖੇ ਜ਼ਿਲ੍ਹਾ ਅਧਿਕਾਰੀਆਂ ਦੇ ਸਾਹਮਣੇ ਕਰਕੇ ਦਿਖਾਉਣ ਲਈ ਵੀ ਆਖਿਆ।ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਸੰਜੀਵ ਕੁਮਾਰ, ਡੀ.ਈ.ਓ. ਵਿਨੋਦ ਕੁਮਾਰ, ਏ.ਈ.ਓ. ਰਾਕੇਸ਼ ਚੰਦਰ, ਸਹਾਇਕ ਡਾਇਰੈਕਟਰ ਬਾਗਬਾਨੀ ਦਨੇਸ਼ ਕੁਮਾਰ, ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਦੇ ਜਸਪਾਲ ਸਿੰਘ ਗਿੱਧਾ ਤੇ ਹੋਰ ਵਿਭਾਗੀ ਅਧਿਕਾਰੀ ਮੌਜੂਦ ਸਨ।