ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ ਵਿੱਚ ਆਰੰਭੀ ਮੁਹਿੰਮ ਤਹਿਤ ਅੱਜ ਖੇਤੀਬਾੜੀ ਵਿਭਾਗ ਵੱਲੋਂ ਔੜ ਵਿਖੇ ਖਾਦ, ਬੀਜ ਤੇ ਕੀਟਨਾਸ਼ਕ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਜਦਕਿ ਮੰਡੀ ਬੋਰਡ ਅਧਿਕਾਰੀਆਂ ਵੱਲੋਂ ਬੰਗਾ ਵਿੱਚ ਸਬਜ਼ੀ ਮੰਡੀ ਦੀ ਚੈਕਿੰਗ ਕਰਨ ਤੋਂ ਇਲਾਵਾ ਫੂਡ ਸੇਫ਼ਟੀ ਅਧਿਕਾਰੀਆਂ, ਡੇਅਰੀ ਵਿਭਾਗ, ਨਾਪ-ਤੋਲ ਵਿਭਾਗ ਤੇ ਨਾਇਬ ਤਹਿਸੀਲਦਾਰ ਬੰਗਾ ਤੇ ਅਧਾਰਿਤ ਟੀਮ ਵੱਲੋਂ 6 ਦੁਕਾਨਾਂ ਤੋਂ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੇ ਸੈਂਪਲ ਲਏ ਗਏ। ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਖਸ਼ ਸਿੰਘ ਅਨੁਸਾਰ ਔੜ ਵਿਖੇ ਖੇਤੀਬਾੜੀ ਇਨਪੁਟਸ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਦਵਾਈਆਂ ਤੇ ਹੋਰ ਖੇਤੀਬਾੜੀ ਵਸਤਾਂ ਦਾ ਰਿਕਾਰਡ ਦੇਖਿਆ ਗਿਆ। ਜ਼ਿਲ੍ਹਾ ਮੰਡੀ ਅਫ਼ਸਰ ਦਵਿੰਦਰ ਕੈਂਥ ਅਨੁਸਾਰ ਬੰਗਾ ਮੰਡੀ ਵਿਖੇ ਫਲਾਂ ਦੀ ਪਕਾਉਣ ਦੀ ਵਿਧੀ ਜਾਂਚਣ ਲਈ ਚੈਕਿੰਗ ਕੀਤੀ ਗਈ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਕੋਈ ਵੀ ਦੁਕਾਨਦਾਰ ਜਾਂ ਆੜ੍ਹਤੀ ਜ਼ਿਆਦਾ ਪੱਕੇ ਫ਼ਲ ਨਾ ਵੇਚੇ ਅਤੇ ਨਾ ਹੀ ਪਕਾਉਣ ਲਈ ਕੈਲਸ਼ੀਅਮ ਕਾਰਬਾਈਡ ਮਸਾਲੇ ਦੀ ਵਰਤੋਂ ਕੀਤੀ ਜਾਵੇ। ਸਹਾਇਕ ਕਮਿਸ਼ਨਰ ਫੂਡ ਸੇਫ਼ਟੀ ਮਨੋਜ ਖੋਸਲਾ ਅਨੁਸਾਰ ਬੰਗਾ ਵਿਖੇ ਨਾਇਬ ਤਹਿਸੀਲਦਾਰ ਪਰਮਜੀਤ ਸਿੰਘ, ਡੇਅਰੀ ਵਿਕਾਸ ਅਫ਼ਸਰ ਦਵਿੰਦਰ ਸਿੰਘ, ਫੂਡ ਸੇਫਟੀ ਅਫਸਰ ਸੰਗੀਤਾ ਸਹਿਦੇਵ, ਨਾਪ-ਤੋਲ ਵਿਭਾਗ ਦੇ ਰਮੇਸ਼ ਭੱਟੀ ਤੇ ਸੋਹਣ ਲਾਲ ’ਤੇ ਅਧਾਰਿਤ ਟੀਮ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ ਕਾਰਵਾਈ ਦੌਰਾਨ 6 ਥਾਂਵਾਂ ਤੋਂ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੇ ਨਮੂਨੇ ਲਏ ਗਏ। ਇਸ ਤੋਂ ਇਲਾਵਾ ਦੋ ਦੁਕਾਨਾਂ/ਅਦਾਰਿਆਂ ਨੂੰ ਸੁਧਾਰ ਲਈ ਨੋਟਿਸ ਵੀ ਜਾਰੀ ਕੀਤਾ ਗਿਆ।