ਸਕੱਤਰ ਖੇਤੀਬਾੜੀ ਅਤੇ ਡਾਇਰੈਕਟਰ ਖੇਤੀਬਾੜੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ ਨਗਰ ਡਾ: ਗੁਰਦਿਆਲ ਸਿੰਘ ਦੀ ਅਗਵਾਈ ਵਿੱਚ ਬਲਾਕ ਮਾਜਰੀ ਦੇ ਸਮੂਹ ਖਾਦ ਬੀਜ ਅਤੇ ਕੀਟ ਨਾਸ਼ਕ ਦਵਾਈਆਂ ਦੇ ਡੀਲਰਾਂ ਦੀ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮੀਟਿੰਗ ਖੇਤੀਬਾੜੀ ਦਫਤਰ ਵਿੱਚ ਕੀਤੀ ਗਈ । ਜਿਸ ਵਿਚ ਬਲਾਕ ਖੇਤੀਬਾੜੀ ਅਫਸਰ ਮਾਜਰੀ ਡਾ: ਗੁਰਚਰਨ ਸਿੰਘ ਨੇ ਸਮੂਹ ਡੀਲਰਾਂ ਨੂੰ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਤੀ ਏਕੜ 90 ਕਿਲੋ ਯੂਰੀਆ ਵਰਤਣ ਲਈ ਸਲਾਹ ਦਿੱਤੀ ਗਈ ਹੈ। ਇਸ ਲਈ ਉਹ ਖਾਦ ਖਰੀਦਣ ਲਈ ਆਏ ਕਿਸਾਨਾਂ ਨੂੰ ਇਸ ਤੋਂ ਵੱਧ ਖਾਦ ਨਾ ਵਰਤਣ ਲਈ ਪ੍ਰੇਰਿਤ ਕਰਨ।ਇਸ ਮੌਕੇ ਡਾ: ਜਸਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਜਿਮੀਂਦਾਰ ਆਪਣੇ ਖੇਤਾਂ ਵਿੱਚ ਝੋਨਾ ਲਾਉਣ ਤੋਂ ਬਾਅਦ 45 ਦਿਨਾਂ ਦੇ ਅੰਦਰ-ਅੰਦਰ ਯੂਰੀਆ ਖਾਦ ਦੀ ਵਰਤੋਂ ਕਰਨ। ਇਸ ਤੋਂ ਬਾਅਦ ਵਿੱਚ ਪਾਈ ਗਈ ਯੂਰੀਆ ਖਾਦ ਸਹਾਈ ਸਿੱਧ ਨਹੀਂ ਹੁੰਦੀ ਅਤੇ ਜਿਸ ਦੇ ਵੱਧ ਪਾਉਣ ਨਾਲ ਹਾਨੀਕਾਰਕ ਕੀੜਿਆਂ ਦਾ ਹਮਲਾ ਵਧ ਜਾਂਦਾ ਹੈ। ਇਸ ਮੌਕੇ ਡਾ: ਗੁਰਬਚਨ ਸਿੰਘ ਨੇ ਡੀਲਰਾਂ ਨੂੰ ਦੱਸਿਆ ਕਿ ਜੇਕਰ ਕਿਸਾਨ ਨੇ ਕਣਕ ਵਿੱਚ ਡੀ.ਏ.ਪੀ. ਦੀ ਪੂਰੀ ਮਾਤਰਾ ਪਾਈ ਹੈ। ਤਾਂ ਝੋਨੇ ਵਿੱਚ ਡੀ.ਏ.ਪੀ ਖਾਦ ਪਾਉਣੇ ਦੀ ਕੋਈ ਜਰੂਰਤ ਨਹੀਂ ਹੈ। ਡੀਲਰਾਂ ਨੂੰ ਹਦਾਇਤ ਕੀਤੀ ਗਈ ਕਿ ਜਿੰਮੀਦਾਰ ਨੂੰ ਕਿਸੇ ਵੀ ਕਿਸਮ ਦਾ ਖੇਤੀਬਾੜੀ ਦਾ ਇਨਪੁਟਸ ਜਿਵੇਂ ਕਿ ਖਾਦ,ਬੀਜ ਅਤੇ ਦਵਾਈ ਵੇਚਣ ਵੇਲੇ ਬਿਲ ਜਰੂਰ ਦਿੱਤਾ ਜਾਵੇ ਅਤੇ ਇਸ ਸਬੰਧੀ ਸਾਰਾ ਰਿਕਾਰਡ ਮੁਕੰਮਲ ਰੱਖਿਆ ਜਾਵੇ। ਇਸ ਮੌਕੇ ਡੀਲਰਾਂ ਦੇ ਪ੍ਰਧਾਨ ਦਲਜੀਤ ਸਿੰਘ , ਰੋਹਿਤ ਵਰਮਾ , ਬਲਬੀਰ ਸਿੰਘ , ਰਵਿੰਦਰ ਕੁਮਾਰ,ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।