ਪੰਜਾਬ ਸਰਕਾਰ ਵਲੋਂ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਲਈ 2000 ਕਰੋੜ ਰੁਪੈ ਦੇ ਮਾਸਟਰ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਨਾਲ 2016 ਤੱਕ ਇਸ ਸ਼ਹਿਰ ਨੂੰ ਬਿਲਕੁਲ ਨਵੀਂ ਦਿੱਖ ਪ੍ਰਦਾਨ ਕੀਤੀ ਜਾਵੇਗੀ।ਅੱਜ ਇੱਥੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਿੱਛੋਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 'ਅੰਮ੍ਰਿਤਸਰ ਸ਼ਹਿਰ ਨੂੰ ਦੁਨੀਆਂ ਦਾ ਸਭ ਤੋਂ ਸੋਹਣਾ ਅਤੇ ਸੁਰੱਖਿਅਤ ਸ਼ਹਿਰ ਬਨਾਉਣਾ ਮੇਰਾ ਮਿਸ਼ਨ ਹੈ ਅਤੇ ਇਸ ਮਿਸ਼ਨ ਦੀ ਪੂਰਤੀ ਵਿਚ ਕੋਈ ਢਿੱਲ-ਮੱਠ ਨਹੀਂ ਵਰਤੀ ਜਾ ਰਹੀ। ਬਾਦਲ ਨੇ ਅੰਮ੍ਰਿਤਸਰ-ਜਲੰਧਰ ਕੌਮੀ ਸ਼ਾਹ ਰਾਹ 'ਤੇ ਕਰੀਬ ਸਾਢੇ ਸੱਤ ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਸ਼ਾਨਦਾਰ ਮੁੱਖ ਦੁਆਰ (ਗੇਟ) ਦਾ ਨੀਂਹ ਪੱਥਰ ਰੱਖਣ ਮੌਕੇ ਦੱਸਿਆ ਕਿ ਅੱਜ ਉਹ ਸ਼ਹਿਰ ਵਿਚ 25.30 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਕੇ ਜਾ ਰਹੇ ਹਨ ਅਤੇ ਅਗਲੇ ਤਿੰਨ ਮਹੀਨਿਆਂ ਦੌਰਾਨ 500 ਕਰੋੜ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਣਗੇ। ਉਨ੍ਹਾਂ ਵਾਅਦਾ ਕੀਤਾ ਕਿ ਸਾਲ 2016 ਤੱਕ ਸ਼ਹਿਰ ਵਿਚ 2000 ਕਰੋੜ ਰੁਪਏ ਵੱਖ-ਵੱਖ ਵਿਕਾਸ ਕੰਮਾਂ 'ਤੇ ਖਰਚ ਕਰਕੇ ਸ਼ਹਿਰ ਦਾ ਮੁਹਾਂਦਰਾ ਬਦਲ ਦਿੱਤਾ ਜਾਵੇਗਾ। ਉਨ੍ਹਾਂ ਕਹਾ ਕਿ ਇੰਨ੍ਹਾਂ ਕੰਮਾਂ ਵਿਚ 100 ਫੀਸਦੀ ਸੀਵਰੇਜ ਤੇ ਪਾਣੀ ਸਪਲਾਈ, ਸੜਕਾਂ 'ਤੇ ਸੁੰਦਰ ਰੌਸ਼ਨੀਆਂ, ਸਟੇਡੀਅਮ, ਫਲਾਈਓਵਰ, ਚੌੜੀਆਂ ਸੜਕਾਂ, ਬਸ ਰੇਪਿਡ ਟਰਾਂਸਪੋਰਟ ਸਿਸਟਮ ਅਤੇ ਸੋਲਡ ਵੇਸਟ ਮੈਨਜਮੈਂਟ ਪਲਾਂਟ ਸ਼ਾਮਿਲ ਹਨ। ਸ. ਬਾਦਲ ਨੇ ਦੱਸਿਆ ਕਿ ਅੰਮ੍ਰਿਤਸਰ-ਜਲੰਧਰ ਮੁੱਖ ਸੜਕ 'ਤੇ ਬਣਨ ਵਾਲੇ ਸੁਆਗਤੀ ਗੇਟ ਦੀ ਚੌੜਾਈ 84 ਮੀਟਰ ਤੇ ਉਚਾਈ 30 ਮੀਟਰ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਦਾ ਡਿਜ਼ਾਇਨ ਸਿਖ ਭਵਨ ਕਲਾ ਤੋਂ ਪ੍ਰੇਰਣਾ ਲੈ ਕੇ ਗੁੰਬਦ ਦੀ ਸ਼ਕਲ ਵਿਚ ਬਣਾਇਆ ਗਿਆ ਹੈ ਅਤੇ ਇਹ ਅੰਮ੍ਰਿਤਸਰ ਦੀ ਰੂਹਾਨੀਅਤ ਨਾਲ ਇਕਸੁਰ ਹੋਇਆ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਇਸਦੇ ਬਣਨ ਨਾਲ ਅੰਮ੍ਰਿਤਸਰ ਨੂੰ ਵਿਲੱਖਣ ਦਿੱਖ ਤਾਂ ਮਿਲੇਗੀ ਹੀ ਨਾਲ ਯਾਤਰੀ 'ਸਿਫਤੀ ਦੇ ਘਰ' ਦੀ ਰੂਹਾਨੀਅਤ ਨੂੰ ਵੀ ਸ਼ਹਿਰ ਵਿਚ ਦਾਖਲ ਹੁੰਦੇ ਮਹਿਸੂਸ ਕਰ ਸਕਣਗੇ। ਉਨ੍ਹਾਂ ਕਿਹਾ ਕਿ 9 ਮਹੀਨਿਆਂ ਵਿਚ ਇਹ ਪ੍ਰਾਜੈਕਟ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਗੇਟ ਅੰਮ੍ਰਿਤਸਰ ਵਿਚ ਦਾਖਲ ਹੁੰਦੀਆਂ ਸਾਰੀਆਂ ਮੁੱਖ ਸੜਕਾਂ 'ਤੇ ਉਸਾਰੇ ਜਾਣਗੇ।
ਅੰਮ੍ਰਿਤਸਰ ਸ਼ਹਿਰ ਵਿਚ ਲੱਗਣ ਵਾਲੇ ਸੀ ਸੀ ਟੀ.ਵੀ. ਕੈਮਰਿਆਂ ਦੀ ਗੱਲ ਕਰਦੇ ਸ. ਬਾਦਲ ਨੇ ਦੱਸਿਆ ਕਿ ਸ਼ਹਿਰ ਨੂੰ ਸੁਰੱਖਿਅਤ ਪੱਖ ਤੋਂ ਮਜ਼ਬੂਤ ਬਨਾਉਣ ਵਾਲੇ ਇਸ ਪ੍ਰਾਜੈਕਟ 'ਤੇ ਲਗਭਗ 100 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਮਾਰਚ 2014 ਤੱਕ ਅੰਮ੍ਰਿਤਸਰ ਦੁਨੀਆਂ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਹੋਵੇਗਾ। ਬਿਨਾਂ ਕਿਸੇ ਦਾ ਨਾਂਅ ਲਏ ਸ. ਬਾਦਲ ਨੇ ਕਿਹਾ ਕਿ ਉਹ ਗੱਲਾਂ ਵਿਚ ਵਿਸ਼ਵਾਸ਼ ਨਹੀਂ ਰੱਖਦੇ, ਬਲਕਿ ਕੰਮ ਕਰਨ ਵਿਚ ਯਕੀਨ ਰੱਖਦੇ ਹਨ ਅਤੇ ਪੰਜਾਬ ਵਿਚ ਉਨ੍ਹਾਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜ ਇਸ ਦੇ ਗਵਾਹ ਹਨ। ਉਨ੍ਹਾਂ ਕਿਹਾ ਕਿ ਅਸੀਂ ਜੋ ਕਹਿੰਦੇ ਹਾਂ, ਉਹ ਪੂਰਾ ਕਰਕੇ ਵਿਖਾਉਂਦੇ ਹਾਂ। ਸ਼ਹਿਰ ਵਿਚ ਬਣਨ ਵਾਲੇ ਸਟੇਡੀਅਮ ਦੀ ਗੱਲ ਕਰਦੇ ਸ. ਬਾਦਲ ਨੇ ਕਿਹਾ ਕਿ ਇਹ ਸਪੋਰਟਸ ਕੰਪਲੈਕਸ ਉਲੰਪਿਕ ਪੱਧਰ ਦਾ ਬਣਾਇਆ ਜਾ ਰਿਹਾ ਹੈ, ਜਿਸ ਦਾ ਡਿਜ਼ਾਇਨ ਲਗਭਗ ਪੂਰਾ ਕਰ ਲਿਆ ਗਿਆ ਹੈ ਅਤੇ ਛੇਤੀ ਹੀ ਇਸ ਦੀ ਉਸਾਰੀ ਸ਼ੁਰੂ ਹੋ ਜਾਵੇਗੀ। ਸੋਲਡ ਵੇਸਟ ਮੈਨਜਮੈਂਟ ਪਲਾਂਟ ਦੀ ਗੱਲ ਕਰਦੇ ਸ. ਬਾਦਲ ਨੇ ਕਿਹਾ ਕਿ ਇਹ ਮਾਮਲਾ ਹਾਈਕੋਰਟ ਵਿਚ ਹੋਣ ਕਾਰਨ ਲਟਕ ਗਿਆ ਸੀ, ਪਰ ਹਾਈਕੋਰਟ ਦੇ ਹੁਕਮਾਂ ਤੋਂ ਤਰੁੰਤ ਬਾਅਦ ਇਸ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਤੁਰਕੀ ਵਿਚ ਜਾ ਕੇ ਸ਼ਹਿਰ ਦੀ ਸਫਾਈ ਅਤੇ ਪਲਾਂਟ ਦਾ ਕੰਮ ਵੇਖ ਆਏ ਹਨ ਅਤੇ ਜਲਦੀ ਹੀ ਇਸ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ।
ਉਪ ਮੁੱਖ ਮੰਤਰੀ ਨੇ ਦੱਸਿਆ ਕਿ ਸ਼ਹਿਰ ਵਿਚ ਬੱਸ ਰੇਪਿਡ ਟਰਾਂਜਿਟ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ 'ਤੇ 500 ਕਰੋੜ ਦੀ ਲਾਗਤ ਆਵੇਗੀ ਅਤੇ ਇਸ ਨਾਲ ਸ਼ਹਿਰ ਦੇ ਆਵਾਜਾਈ ਪ੍ਰਬੰਧ ਵਿਚ ਵੱਡਾ ਸੁਧਾਰ ਵੇਖਣ ਨੂੰ ਮਿਲੇਗਾ।ਅੰਮ੍ਰਿਤਸਰ ਲੋਕ ਸਭਾ ਸੀਟ ਦੀ ਭਾਜਪਾ ਨਾਲ ਅਦਲਾ-ਬਦਲੀ ਬਾਰੇ ਪੁੱਛੇ ਜਾਣ 'ਤੇ ਸ. ਬਾਦਲ ਨੇ ਕਿਹਾ ਕਿ ਇਸ ਬਾਰੇ ਫਿਲਹਾਲ ਭਾਜਪਾ ਵੱਲੋਂ ਕੋਈ ਪ੍ਰਸਤਾਵ ਨਹੀਂ ਆਇਆ, ਪਰ ਜੇਕਰ ਭਾਰਤੀ ਜਨਤਾ ਪਾਰਟੀ ਨੇ ਇਸ ਬਾਬਤ ਕੋਈ ਗੱਲ ਕੀਤੀ, ਤਾਂ ਇਸ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।
ਪੰਜਾਬ ਦੀ ਮਾਲੀ ਹਾਲਤ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ 'ਤੇ ਸ. ਬਾਦਲ ਨੇ ਕਿਹਾ ਕਿ ਇਸ ਬਾਰੇ ਗਲਤ ਪ੍ਰਭਾਵ ਕਾਇਮ ਕੀਤਾ ਗਿਆ ਹੈ, ਜਦਕਿ ਖਜ਼ਾਨੇ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ …ਰਾਜ ਦੇ ਕੁੱਲ ਘਰੇਲੂ ਉਤਪਾਦ ਦੇ ਮੁਕਾਬਲੇ ਕਰਜ਼ੇ ਦੀ ਦਰ ਜਿਹੜੀ ਕਿ ਕਾਂਗਰਸ ਸਰਕਾਰ ਵੇਲੇ 47.1 ਸੀ, ਉਹ ਸਾਲ 2013-14 ਵਿਚ ਘੱਟ ਕੇ 32 ਫੀਸਦੀ 'ਤੇ ਆ ਗਈ ਹੈ, ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਸਿਰ ਕਰਜ਼ਾ ਘਟਿਆ ਹੈ, ਨਾ ਕਿ ਵਧਿਆ। ਪ੍ਰਧਾਨ ਮੰਤਰੀ ਦੇ ਅਹੁਦੇ ਬਾਰੇ ਪੁੱਛੇ ਜਾਣ 'ਤੇ ਸ. ਬਾਦਲ ਨੇ ਕਿਹਾ ਕਿ ਅਸੀਂ ਰਾਸ਼ਟਰੀ ਜਮਹੂਰੀ ਗਠਜੋੜ ਨਾਲ ਹੈ, ਇਹ ਗਠਜੋੜ ਜਿਸ ਨੂੰ ਵੀ ਪ੍ਰਧਾਨ ਮੰਤਰੀ ਅਹੁਦੇ ਲਈ ਪੇਸ਼ ਕਰੇਗਾ ਅਸੀਂ ਉਸ ਦੀ ਹਮਾਇਤ ਕਰਾਂਗੇ। ਉਨ੍ਹਾਂ ਮੁਜ਼ਫਰਨਗਰ (ਉਤਰਪ੍ਰਦੇਸ਼) ਵਿਚ ਹੋ ਰਹੇ ਫਸਾਂਦਾ ਦੀ ਵੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਈ-ਟਰਿੱਪ ਲਾਗੂ ਕਰਨ ਬਾਰੇ ਬੋਲਦੇ ਸ. ਬਾਦਲ ਨੇ ਕਿਹਾ ਕਿ ਇਹ ਫੈਸਲਾ ਵਪਾਰੀਆਂ ਦੀ ਸਹਿਮਤੀ ਨਾਲ ਲਾਗੂ ਕੀਤਾ ਗਿਆ ਹੈ ਅਤੇ ਇਸ ਬਾਰੇ ਕਿਸੇ ਤਰਾਂ ਦਾ ਵਿਰੋਧ ਨਹੀਂ ਹੈ, ਬਲਕਿ ਇਹ ਸਫਲਤਾ ਪੂਰਵਕ ਕੰਮ ਕਰ ਰਿਹਾ ਹੈ।
ਅੱਜ ਇਸ ਤੋਂ ਪਹਿਲਾਂ ਸ. ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਕੇਂਦਰੀ ਹਲਕੇ ਵਿਚ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਤਰੁਣ ਚੁੱਗ ਦੀ ਕੋਸ਼ਿਸ਼ ਸਦਕਾ ਕਟੜਾ ਭਾਈ ਸੰਤ ਸਿੰਘ ਵਿਖੇ ਪਾਣੀ ਦੀਆਂ 65 ਸਾਲ ਪੁਰਾਣੀਆਂ ਪਾਇਪਾਂ ਬਦਲਣ ਦੇ ਪ੍ਰਾਜੈਕਟ ਨੂੰ ਸ਼ੁਰੂ ਕੀਤਾ, ਜਿਸ 'ਤੇ 12.80 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਟੜਾ ਆਹਲੂਵਾਲੀਆ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਕੰਕਰੀਟ ਦੀਆਂ ਗਲੀਆਂ ਬਨਾਉਣ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ। ਇਸ ਮੌਕੇ ਸ੍ਰੀ ਤਰੁਣ ਚੁੱਗ ਅਤੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਸ. ਬਾਦਲ ਨੂੰ ਫੁੱਲਾਂ ਦੇ ਹਾਰਾਂ ਨਾਲ ਸਨਮਾਨਿਆ ਗਿਆ। ਸ. ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਵੀ ਹੋਏ ਅਤੇ ਉਥੇ ਬਣ ਰਹੇ ਪਲਾਜ਼ੇ ਦੇ ਕੰਮ ਦਾ ਜਾਇਜ਼ਾ ਵੀ ਲਿਆ।ਅੱਜ ਦੇ ਇਸ ਸਮਾਗਮ ਮੌਕੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ, ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ, ਮੇਅਰ ਬਖਸ਼ੀ ਰਾਮ ਅਰੋੜਾ, ਪੁਲਿਸ ਕਮਿਸ਼ਨਰ ਸ. ਜਤਿੰਦਰ ਸਿੰਘ ਔਲਖ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਡੀ. ਪੀ. ਐਸ. ਖਰਬੰਦਾ, ਸ. ਉਪਕਾਰ ਸਿੰਘ ਸੰਧੂ, ਭਾਈ ਰਾਮ ਸਿੰਘ ਅਤੇ ਹੋਰ ਹਸਤੀਆਂ ਵੀ ਉਨ੍ਹਾਂ ਨਾਲ ਸਨ।