ਪੰਜਾਬ ਸਰਕਾਰ ਵੱਲੋਂ ਆਰੰਭੇ ਮਿਸ਼ਨ ਤੰਦਰੁਸਤ ਪੰਜਾਬ ਦੀ ਸਫ਼ਲਤਾ ਲਈ ਲੋਕਾਂ ਦੀ ਭਾਗੀਦਾਰੀ ਵੀ ਅਤਿ ਜ਼ਰੂਰੀ ਹੈ ਕਿਉਂ ਜੋ ਕੋਈ ਵੀ ਸਰਕਾਰੀ ਮੁਹਿੰਮ ਜਦੋਂ ਤੱਕ ਲੋਕਾਂ ਦੀ ਮੁਹਿੰਮ ਨਹੀਂ ਬਣਦੀ, ਉਦੋਂ ਤੱਕ ਉਸ ਦਾ ਅਸਲ ਮਨੋਰਥ ਪੂਰਾ ਨਹੀਂ ਹੁੰਦਾ। ਅਵਾਜ਼ ਵਰਗੀਆਂ ਐਨ.ਜੀ.ਓਜ਼ ਵੱਲੋਂ ਇਸ ਮੁਹਿੰਮ ਦੇ ਸਰਕਾਰ ਦੇ ਸਹਿਯੋਗ ਲਈ ਸਵੈ-ਇੱਛਾ ਨਾਲ ਅੱਗੇ ਆਉਣਾ ਜਿੱਥੇ ਮਿਸ਼ਨ ਤੰਦਰੁਸਤ ਪੰਜਾਬ ਲਈ ਸ਼ੁੱਭ ਸੰਕੇਤ ਹੈ, ਉੱਥੇ ਹੋਰਨਾਂ ਐਨ.ਜੀ.ਓਜ਼ ਲਈ ਪ੍ਰੇਰਨਾਸ੍ਰੋਤ ਹੈ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅਵਾਜ਼ ਚੈਰੀਟੇਬਲ ਅਤੇ ਵੈਲਫ਼ੇਅਰ ਕਮੇਟੀ ਵਲੋਂ ਅੰਬੇਡਕਰ ਚੌਂਕ ਨਵਾਂਸ਼ਹਿਰ ਵਿਖੇ ਲਾਈ 'ਹਰੀ ਛਬੀਲ' 'ਚ ਅੱਜ ਸ਼ਾਮ ਸ਼ਮੂਲੀਅਤ ਕਰਨ ਮੌਕੇ ਕੀਤਾ। ਉਨ੍ਹਾਂ ਇਸ ਮੌਕੇ ਸੰਸਥਾ ਨਾਲ ਸਹਿਯੋਗ ਕਰਨ ਵਾਲੇ ਲੋਕਾਂ ਅਤੇ ਐਨ.ਜੀ.ਓਜ਼ ਨੂੰ ਪ੍ਰਸ਼ੰਸਾ ਪੱਤਰਾਂ ਦੀ ਵੰਡ ਵੀ ਕੀਤੀ। ਇਸ ਤੋਂ ਪਹਿਲਾਂ ਸੰਸਥਾ ਦੇ ਮੈਂਬਰਾਂ ਦੀ ਹੌਂਸਲਾ ਅਫ਼ਜਾਈ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਐਸ.ਪੀ. (ਐਚ) ਦਿਆਮਾ ਹਰੀਸ਼ ਨੇ ਅਵਾਜ਼ ਅਤੇ ਇਸ ਦੀਆਂ ਸਹਿਯੋਗੀ ਸੰਸਥਾਂਵਾਂ ਵੱਲੋਂ ਕੀਤੇ 'ਹਰੀ ਛਬੀਲ' ਦੇ ਵਿਸ਼ੇਸ਼ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਿਨੋਂ-ਦਿਨ ਘਟਦੀ ਜਾਂਦੀ ਹਰੀ ਛੱਤਰੀ ਨੂੰ ਵਧਾਉਣ ਲਈ ਤੇ ਬਰਕਰਾਰ ਰੱਖਣ ਲਈ ਅਜਿਹੇ ਉਪਰਾਲਿਆਂ ਦੀ ਵੱਡੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਅਤੇ ਸਾਂਝ ਕੇਂਦਰਾਂ ਵੱਲੋਂ ਵੀ ਇਸ ਮੁਹਿੰਮ ਵਿੱਚ ਹੁਣ ਤੱਕ 2250 ਪੌਦੇ ਲਾ ਕੇ ਯੋਗਦਾਨ ਪਾਇਆ ਗਿਆ ਹੈ।
ਅਵਾਜ਼ ਦੇ ਮੈਂਬਰ ਵਰਿੰਦਰ ਬਜਾੜ੍ਹ ਨੇ ਇਸ ਮੌਕੇ ਆਪਣੀ ਸੰਸਥਾ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦਾ ਸੰਖੇਪ ਵੇਰਵਾ ਦਿੰਦਿਆਂ ਦੱਸਿਆ ਕਿ ਢਾਈ ਸਾਲ ਤੋਂ ਸਰਗਰਮੀ ਦੌਰਾਨ ਸੰਸਥਾ ਵੱਲੋਂ 46 ਲੱਖ ਦਾ ਯੋਗਦਾਨ ਇਕੱਤਰ ਕੀਤਾ ਗਿਆ ਹੈ ਜਿਸ ਵਿਚੋਂ 45 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸ ਸਾਰੇ ਖਰਚ ਦੀ ਪਾਰਦਰਸ਼ਤਾ ਬਰਕਰਾਰ ਰੱਖਣ ਲਈ ਸੰਸਥਾ ਦੀ ਵੈੱਬਸਾਈਟ 'ਤੇ ਉਪਲਲਬਧ ਕਰਵਾਇਆ ਗਿਆ ਹੈ। ਸੰਸਥਾ ਵੱਲੋਂ ਹੁਣ ਤੱਕ 150 ਲੋੜਵੰਦ ਲੋਕਾਂ ਦੀ ਇਲਾਜ ਲਈ ਸਿੱਧੇ ਤੌਰ 'ਤੇ ਮੱਦਦ ਕੀਤੀ ਜਾ ਚੁੱਕੀ ਹੈ ਅਤੇ 3000 ਬੱਚਿਆਂ ਨੂੰ ਵਰਦੀਆਂ ਮੁਹੱਈਆ ਕਰਵਾਉਣ ਤੋਂ ਇਲਾਵਾ 23 ਖੂਨਦਾਨ ਕੈਂਪ ਲਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਐਂਬੂਲੈਂਸ ਸੇਵਾ ਵੀ ਚਲਾਈ ਜਾ ਰਹੀ ਹੈ। ਅੱਜ ਲਾਈ ਗਈ ਹਰੀ ਛਬੀਲ ਦੌਰਾਨ 2500 ਬੂਟਿਆਂ ਦੀ ਵੰਡ ਕੀਤੀ ਗਈ। ਇਸ ਤੋਂ ਪਹਿਲਾਂ ਮੰਡਲ ਵਣ ਅਫ਼ਸਰ ਸਤਿੰਦਰ ਸਿੰਘ ਨੇ ਅਵਾਜ਼ ਦੇ ਇਸ ਸਮਾਗਮ ਵਿੱਚ ਸ਼ਿਰਕਤ ਕਰਕੇ ਵਣ ਵਿਭਾਗ ਦੀ ਤਰਫੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਹੋਰਨਾਂ ਤੋਂ ਇਲਾਵਾ ਸੇਵਾ ਮੁਕਤ ਲੈਕਚਰਾਰ ਵਰਿੰਦਰ ਸਰੀਨ, ਸਤਨਾਮ ਸਿੰਘ ਚੇਚੀ, ਰਾਮਧੰਨ ਖੇਪੜ, ਮਦਨ ਲਾਲ ਚੇਚੀ, ਸੁਰਿੰਦਰ ਖੇਪੜ, ਵਰਿੰਦਰ ਬਜਾੜ੍ਹ, ਹਰਿੰਦਰ ਬਜਾੜ੍ਹ, ਗਗਨ ਅਗਨੀਹੋਤਰੀ, ਰਾਜਕੁਮਾਰ ਵੀ ਮੌਜੂਦ ਸਨ।