ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿਵਲ ਸਰਜਨ ਡਾ. ਪਰਵਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਚਲ ਰਹੇ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਲੁਧਿਆਣਾ ਵੱਲੋਂ ਜਨਮ ਤੋਂ ਬਹਿਰੇ ਬੱਚੇ ਦਾ ਪੀ.ਜੀ.ਆਈ. ਚੰਡੀਗੜ੍ਹ ਤੋਂ ਮੁਫਤ ਕੋਕਲੀਅਰ ਇੰਮਪਲਾਂਟ ਕਰਵਾ ਕੇ ਬੱਚੇ ਦੀ ਬੇਜਾਨ ਜ਼ਿੰਦਗੀ ਵਿੱਚ ਲਿਆਂਦੀ ਹੈ। ਇਹ ਜ਼ਿਲ੍ਹਾ ਲੁਧਿਆਣਾ ਦਾ ਪਹਿਲਾ ਕੇਸ ਹੈ, ਜੋ ਕਿ ਪੂਰੀ ਤਰ੍ਹਾਂ ਕਾਮਯਾਬ ਹੋਇਆ। ਇਸ ਸਬੰਧ ਵਿੱਚ ਡਾ. ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਆਰ.ਬੀ.ਐਸ.ਕੇ. ਮੋਬਾਇਲ ਹੈਲਥ ਟੀਮਾਂ ਵੱਲੋਂ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਵਿੱਚ ਪੜ੍ਹਦੇ ਬੱਚਿਆਂ ਦਾ ਹੈਲਥ ਚੈੱਕ-ਅਪ ਕਰਕੇ ਲੋੜਵੰਦ ਬੱਚਿਆਂ ਦਾ ਇਸ ਪ੍ਰੋਗਰਾਮ ਤਹਿਤ ਮੁਫਤ ਇਲਾਜ ਕੀਤਾ ਜਾਂਦਾ ਹੈ। ਮੋਬਾਇਲ ਹੈਲਥ ਟੀਮ ਪਾਇਲ ਦੇ ਚੈਕ-ਅਪ ਦੌਰਾਨ ਪਾਇਆ ਗਿਆ ਕਿ ਕੁੰਵਰਦੀਪ ਸਿੰਘ ਪੁੱਤਰ ਸ਼੍ਰੀ ਹਰਜਿੰਦਰ ਸਿੰਘ ਨਿਵਾਸੀ ਦੋਰਾਹਾ ਜਨਮ ਤੋਂ ਗੂੰਗਾ ਅਤੇ ਬਹਿਰਾ ਸੀ। ਜਿਸ ਦੀ ਉਮਰ ਇੱਕ ਸਾਲ ਦੀ ਸੀ। ਜਿਸ ਨੂੰ ਡੀ.ਈ.ਆਈ.ਸੀ. ਸਿਵਲ ਹਸਪਤਾਲ ਲੁਧਿਆਣਾ ਵਿਖੇ ਭੇਜਿਆ ਗਿਆ। ਜਿੱਥੇ ਨੱਕ, ਕੰਨ ਅਤੇ ਗਲੇ ਦੇ ਮਾਹਿਰ ਡਾਕਟਰ ਨੇ ਬੱਚੇ ਦੀ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਉਸ ਨੂੰ ਪੀ.ਜੀ. ਆਈ. ਚੰਡੀਗੜ੍ਹ ਵਿਖੇ ਕੋਕਲੀਅਰ ਇੰਮਪਲਾਟ ਲਈ ਰੈਫਰ ਕੀਤਾ ਗਿਆ। ਉੱਥੇ ਯੋਗ ਡਾਕਟਰਾਂ ਵੱਲੋਂ ਬੱਚੇ ਦਾ ਆਰ.ਬੀ.ਐਸ.ਕੇ. ਤਹਿਤ ਮੁਫਤ ਇਲਾਜ ਕੀਤਾ ਗਿਆ। ਜਿਸ ਦਾ ਖਰਚਾ ਲਗਭਗ 6 ਲੱਖ ਰੁਪਏ ਹੈ। ਹੁਣ ਇਹ ਬੱਚਾ ਬਹੁਤ ਵਧੀਆ ਰਿਸਪੌਂਸ ਕਰ ਰਿਹਾ ਹੈ। ਇਸ ਸਮੇਂ ਬੱਚੇ ਦੇ ਪਿਤਾ ਸ਼੍ਰੀ ਹਰਜਿੰਦਰ ਸਿੰਘ ਨੇ ਸਿਵਲ ਸਰਜਨ ਡਾ. ਸਿੱਧੂ ਤੇ ਸਮੁੱਚੀ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ, ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ। ਇਸ ਮੌਕੇ ਤੇ ਜ਼ਿਲ੍ਹਾ ਨੋਡਲ ਅਫਸਰ ਡਾ. ਜਸਬੀਰ ਸਿੰਘ ਵੀ ਹਾਜ਼ਰ ਸਨ। ਡਾ. ਮਨੀਸ਼ਾ ਖੰਨਾ ਈ.ਐਨ.ਟੀ. ਦੇ ਮਾਹਿਰ ਅਤੇ ਡਾ. ਅਰੁਣਦੀਪ ਕੌਰ ਡੀ.ਈ.ਆਈ.ਸੀ. ਇੰਚਾਰਜ ਹਾਜ਼ਰ ਸਨ।