ਪੈਸਟੀਸਾਈਡ (ਗੈਰ ਸ਼ਿਫਾਰਸ) ਮੁਕਤ ਬਾਸਮਤੀ ਪੈਦਾ ਕਰਨ ਤੇ ਵਧੇਰੇ ਆਮਦਨ ਵਧਾਉਣ ਦੇ ਮੰਤਵ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਪੰਜਾਬ ਰਾਇਸ਼ ਮਿਲਰਜ਼ ਐਕਸਪੋਰਟਰਜ਼ ਐਸ਼ੋਸੀਏਸ਼ਨ ਦੇ ਸਾਂਝੇ ਉਪਾਰਲੇ ਸਦਕਾ ਜ਼ਿਲੇ ਦੇ ਸਮੂਹ ਪੈਸਟੀਸਾਈਡ/ਕੀਟਨਾਸ਼ਕ ਦਵਾਈਆਂ ਦੇ ਦੁਕਾਨਦਾਰਾਂ ਤੇ ਡੀਲਰਾਂ ਨਾਲ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਕਾਹਨ ਸਿੰਘ ਪਨੂੰ ਸਕੱਤਰ, ਖੇਤੀਬਾੜੀ ਵਿਭਾਗ ਤੇ ਕਿਸਾਨ ਭਲਾਈ ਵਿਭਾਗ ਅਤੇ ਡਾਇਰੈਕਟਰ 'ਮਿਸ਼ਨ ਤੰਦਰੁਸਤ ਪੰਜਾਬ' ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾਇਰੈਕਟਰ ਖੇਤੀਬਾੜੀ ਵਿਭਾਗ ਜਸਬੀਰ ਸਿੰਘ ਬੈਂਸ ਸਮੇਤ ਸਮੂਹ ਉੱਚ ਅਧਿਕਾਰੀ ਤੇ ਜ਼ਿਲੇ ਭਰ ਦੇ ਡੀਲਰ ਤੇ ਦੁਕਾਨਦਾਰ ਮੋਜੂਦ ਸਨ। ਸੈਮੀਨਾਰ ਵਿਚ ਸੰਬੋਧਨ ਕਰਦਿਆਂ ਸ. ਪਨੂੰ ਨੇ ਕਿਹਾ ਕਿ ਗੁਰਦਾਸਪੁਰ ਤੇ ਇਸ ਦੇ ਆਸ ਪਾਸ ਦੇ ਇਲਾਕੇ ਨੂੰ ਕੁਦਰਤ ਦੀ ਨਿਆਮਤ ਹੈ ਕਿ ਇਥੇ ਬਾਸਮਤੀ ਦੀ ਫਸਲ ਦੁਨੀਆ ਭਰ ਵਿਚ ਪ੍ਰਸਿੱਧ ਹੈ ਤੇ ਬਾਸਮਤੀ ਦੀ ਖੁਸ਼ਬੋ ਪੂਰੀ ਦੁਨੀਆਂ ਵਿਚ ਆਪਣੀ ਮਹਿਕ ਬਿਖੇਰਦੀ ਹੈ। ਉਨਾਂ ਦੱਸਿਆ ਕਿ ਦੁਨੀਆਂ ਵਿਚ ਕੋਈ ਵੀ ਐਸੀ ਜਗ੍ਹਾ ਨਹੀਂ ਜਿਥੇ ਅਜਿਹੀ ਬਾਸਮਤੀ ਦੀ ਫਸਲ ਉਗਾਈ ਜਾ ਸਕੇ, ਇਸ ਲਈ ਇਥੋਂ ਦੇ ਕਿਸਾਨ ਇਸ ਪੱਖੋਂ ਬਹੁਤ ਅਮੀਰ ਤੇ ਕਿਸਮਤ ਦੇ ਧਨੀ ਹਨ। ਉਨਾਂ ਅੱਗੇ ਦੱਸਿਆ ਕਿ ਪਰ ਹੁਣ ਵੇਖਣ ਵਿਚ ਆ ਰਿਹਾ ਹੈ ਕਿ ਬਾਸਮਤੀ ਦੀ ਫਸਲ ਜਿਸਦੀ ਦੇਸ਼-ਵਿਦੇਸ਼ ਵਿਚ ਭਾਰੀ ਮੰਗ ਸੀ ਨੂੰ ਯੂਰਪ ਤੇ ਖਾਸਕਰਕੇ ਅਮਰੀਕਾ ਦੇਸ਼ ਵਲੋਂ ਇਸ ਵਿਚ ਕੀਟਨਾਸ਼ਕ ਦਵਾਈਆਂ ਦੀ ਲੋੜ ਨਾਲ ਕਿਤੇ ਵੱਧ ਮਾਤਰਾ ਹੋਣ ਕਰਕੇ ਖਰੀਦਣ ਤੋਂ ਕਿਨਾਰਾ ਕੀਤਾ ਜਾ ਰਿਹਾ ਹੈ, ਜੋ ਸਾਡੇ ਲਈ ਸੋਚਣ ਤੇ ਵਿਚਾਰਨ ਦਾ ਮੁੱਦਾ ਹੈ। ਸ. ਪਨੂੰ ਨੇ ਅੱਗੇ ਕਿਹਾ ਕਿ ਕਿਸਾਨ ਵੀਰ ਬਿਨਾਂ ਖੇਤੀ ਮਾਹਿਰਾਂ ਦੇ ਬਾਸਮਤੀ ਦੇ ਫਸਲ ਉੱਪਰ ਪਾਬੰਦੀਸ਼ੁਦਾ ਕੀਟਨਾਸ਼ਕ ਦਵਾਈਆਂ ਦੀ ਸਪਰੇਅ ਕਰਦੇ ਹਨ ਅਤੇ ਜਿਨਾਂ ਦਵਾਈਆਂ ਦੀ ਬਿਲਕੁਲ ਫਸਲ ਨੂੰ ਜਰੂਰਤ ਨਹੀਂ ਹੁੰਦੀ ਹੈ ਉਸਦੀ ਵਰਤੋਂ ਨਾਲ ਫਸਲ ਨਿਰਧਾਰਿਤ ਮਾਪਦੰਡਾਂ ਦੇ ਖਰ੍ਹੀ ਨਹੀਂ ਉਤਰਦੀ।
ਇਸ ਲਈ ਜਿਥੇ ਕਾਸਨਾਂ ਨੂੰ ਪਾਬੰਦੀਸ਼ੁਦਾ ਕੀਟਨਾਸ਼ਕ ਦਵਾਈਆਂ ਤੋਂ ਤੋਬਾ ਕਰਨੀ ਪਵੇਗੀ ਉਸਦੇ ਨਾਲ-ਨਾਲ ਡੀਲਰਾਂ ਨੂੰ ਅਜਿਹੀਆਂ ਕੀਟਨਾਸ਼ਕ ਦਵਾਈਆਂ ਵੇਚਣ ਤੋਂ ਗੁਰੇਜ ਕਰਨਾ ਪਵੇਗਾ ਅਤੇ ਨਾਲ ਹੀ ਕਿਸਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਉਹ ਅਜਿਹੀਆਂ ਦਵਾਈਆਂ ਨਾ ਵਰਤਣ। ਉਨਾਂ ਕਿਹਾ ਕਿ ਅਗਰ ਬਾਸਮਤੀ ਦੀ ਮੰਗ ਹੀ ਨਾ ਰਹੀ ਤਾਂ ਜਿਥੇ ਡੀਲਰ ਤੇ ਦੁਕਾਨਦਾਰ ਪ੍ਰਭਾਵਿਤ ਹੋਣਗੇ ਉਸਦੇ ਦੇ ਨਾਲ ਨਾਲ ਕਿਸਾਨੀ ਵੀ ਆਰਥਿਕ ਪੱਖੋਂ ਹੋਰ ਕਮਜੋਰ ਹੋ ਜਾਵੇਗੀ। ਉਨਾਂ ਕਿਹਾ ਕਿ ਕਿਸਾਨ ਕੇਵਲ ਸਿਫਾਰਸ਼ ਸ਼ੁਦਾ ਕੀਟਨਾਸ਼ਕ ਦਵਾਈਆਂ ਹੀ ਫਸਲ ਲਈ ਵਰਤਣ। ਉਨਾਂ ਸਮੂਹ ਡੀਲਰਾਂ ਤੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਤਹਿਤ ਵੀ ਵਾਤਾਵਰਣ ਦੀ ਸਾਂਭ ਸੰਭਾਲ ਕਰਨ, ਸਿਫਾਰਿਸ ਸ਼ੁਦਾ ਕੀਟਨਾਸ਼ਕ ਦਵਾਈਆਂ ਵਰਤਣ, ਖਾਣਯੋਗ ਪਦਾਰਥਾਂ ਦੀ ਗੁਣਵੱਤਾ ਬਣਾਈ ਰੱਖਣ ਸਮੇਤ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਅੰਧਾਧੁੰਦ ਕੀਟਨਾਸ਼ਕ ਦਵਾਈਆਂ , ਖਾਦਾਂ ਤੇ ਸਪਰੇਆਂ ਦੀ ਵਰਤੋਂ ਨਾਲ ਪੰਜਾਬ ਦੀ ਆਬੋ ਹਵਾ ਦੂਸ਼ਿਤ ਹੋ ਰਹੀ ਹੈ। ਮਨੁੱਖੀ ਜੀਵਨ ਅਣਗਿਣਤ ਬਿਮਾਰੀਆਂ ਦੀ ਲਪੇਟ ਵਿਚ ਆ ਗਿਆ ਹੈ। ਤੰਦਰੁਸਤੀ ਗਾਇਬ ਹੋ ਰਹੀ ਹੈ। ਸਾਨੂੰ ਮੁਨੱਖੀ ਜੀਵਨ ਬਚਾਉਣ ਤੇ ਤੰਦਰੁਸਤ ਸਮਾਜ ਦੀ ਸਿਰਜਨਾ ਲਈ ਅੱਗੇ ਹੋ ਕੇ ਕੰਮ ਕਰਨਾ ਪਵੇਗਾ ਤੇ ਵਾਤਾਵਰਣ ਦੀ ਸੰਭਾਲ ਲਈ ਠੋਸ ਸਾਂਝੇ ਉਪਰਾਲੇ ਕਰਨੇ ਚਾਹੀਦੇ ਹਨ। ਉਨਾਂ ਦੱਸਿਆ ਕਿ ਸੂਬੇ ਭਰ ਵਿਚ ਇਸ ਮਿਸ਼ਨ ਤਹਿਤ ਸਮੂਹ ਵਿਭਾਗਾਂ ਤੇ ਲੋਕਾਂ ਦੇ ਸਹਿਯੋਗ ਨਾਲ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ ਡਾਇਰੈਕਟਰ ਖੇਤੀਬਾੜੀ ਡਾ. ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਗਰ ਅਸੀ ਸਮੇਂ ਸਿਰ ਸਮਾਂ ਨਾ ਸੰਭਾਲਿਆਂ ਤਾ ਬਹੁਤ ਦੇਰੀ ਹੋ ਜਾਵੇਗੀ, ਇਸ ਲਈ ਕੇਵਲ ਖੇਤੀ ਮਾਹਿਰਾਂ ਦੀ ਸਿਫਾਰਿਸ਼ ਨਾਲ ਖੇਤੀ ਕਰਨਾ ਸਮੇਂ ਦੀ ਮੁੱਖ ਲੋੜ ਹੈ। ਕਰੀਬ 77 ਪ੍ਰਤੀਸ਼ਤ ਬਾਸਮਤੀ ਕੁਲ ਪੈਦਾਵਾਰ ਵਿਚੋਂ ਨਿਰਯਾਤ ਕੀਤੀ ਜਾਂਦੀ ਹੈ, ਇਸ ਲਈ ਦੂਸਰੇ ਦੇਸ਼ਾਂ ਦੇ ਨਿਰਦਾਰਿਤ ਮਾਪਦੰਡਾਂ ਅਨਸਾਰ ਖਰਾ ਉਤਰਨ ਲਈ ਕਿਸਾਨਾਂ ਨੂੰ ਸਿਫਾਰਿਸ਼ ਸ਼ੁਦਾ ਦਵਾਈਆਂ ਹੀ ਵਰਤਣੀਆਂ ਚਾਹੀਦੀਆਂ ਹਨ। ਉਨਾਂ ਦੱਸਿਆ ਕਿ ਟ੍ਰਾਈਸਾਈਕਲਾਜ਼ੋਲ, ਕਾਰਬੈਂਡਾਜ਼ਿਮ, ਐਸੀਫਿਟ, ਥਾਈਮੀਥੋਕਸਮ ਅਤੇ ਟ੍ਰਾਈਐਜੋਫਾਸ ਦੀ ਵਰਤੋਂ ਬਾਸਮਤੀ ਵਿਚ ਬਿਲਕੁਲ ਨਹੀਂ ਕਰਨੀ ਚਾਹੀਦੀ ਹੈ।
ਨਾਈਟਰੋਜ਼ਨ ਖਾਦ ਸਿਫਾਰਸ ਕੀਤੀ ਮਾਤਰਾ ਤੋਂ ਵੱਧ ਨਾ ਪਾਓ ਕਿਉਕਿ ਇਸ ਨਾਲ ਕੀੜੇ-ਮਕੋੜੇ ਅਤੇ ਬਿਮਾਰੀਆਂ ਦਾ ਹਮਲਾ ਵੱਧਦਾ ਹੈ। ਕੀਟਨਾਸ਼ਕਾਂ ਦੀ ਵਰਤੋਂ ਆਰਥਿਕ ਕਗਾਰ ਅਨੁਸਾਰ ਹੀ ਕਰੋ। ਭੁਰੜ ਰੋਗ ਦੀ ਰੋਕਥਾਮ ਲਈ ਐਮੀਸਟਾਰ ਟੌਪ 325 ਐਸ ਸੀ ਜਾਂ ਇੰਡੋਫਿਲ ਜ਼ੈਡ-78,75 ਡਬਲਯੂ ਪੀ ਦਾ ਛਿੜਕਾਅ ਕਰੋ। ਸਿੰਥੈਟਿਕ ਪਰਿਥਰਾਇਡ ਕੀਟਨਾਸ਼ਕਾਂ (ਸਾਈਪਰਮੈਥਰਿਨ, ਡੈਲਟਾਮੈਥਰਿਨ,ਆਦਿ) ਦੀ ਵਰਤੋਂ ਨਾ ਕਰੋ ਕਿਉਕ ਇਸ ਨਾਲ ਬੂਟਿਆਂ ਤੇ ਟਿੱਡਿਆਂ ਦਾ ਹਮਲਾ ਵੱਧ ਜਾਂਦਾ ਹੈ। ਫਸਲ ਦੇ ਪੱਕਣ ਸਮੇਂ ਆਖਰੀ ਤਿੰਨ ਤੋਂ ਚਰ ਹਫਤੇ ਖੇਤੀ ਜਹਿਰਾਂ ਦੀ ਵਰਤੋਂ ਤੋ ਗੁਰੇਜ ਕਰੋ। ਇਸ ਮੌਕੇ ਜੁਆਇੰਟ ਡਾਇਰੈਕਟਰ ਖੇਤੀਬਾੜੀ ਡਾ. ਸੁਖਦੇਵ ਸਿੰਘ ਸਿੱਧੂ, ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾ. ਇੰਦਰਜੀਤ ਸਿੰਘ ਧੰਜੂ, ਡਾ. ਸਰਬਜੀਤ ਸਿੰਘ ਔਲਖ ਇੰਚਾਰਜ ਕੇਵੀਕੇ, ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਰਵਿੰਦਰਪਾਲ ਸਿੰਘ, ਡਾਇਰੈਕਟਰ ਸ੍ਰੀ ਅਸ਼ੋਕ ਕੁਮਾਰ, ਖੇਤੀਬਾੜੀ ਅਫਸਰ ਡਾ. ਰਮੇਸ਼ ਸ਼ਰਮਾ, ਡਾ. ਅਮਰੀਕ ਸਿੰਘ ਨੇ ਵੀ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ ਤੇ ਡੀਲਰਾਂ ਨੂੰ ਕਿਸਾਨਾਂ ਨੂੰ ਸਿਫਾਰਸ ਸ਼ੁਦਾ ਕੀਟਨਾਸ਼ਕ ਦਵਾਈਆਂ ਵਰਤਣ ਦੀ ਅਪੀਲ ਕੀਤੀ। ਖੇਤੀਬਾੜੀ ਵਿਬਾਗ ਵਲੋਂ ਪੰਜਾਬ ਰਾਇਸ਼ ਮਿਲਰਜ਼ ਐਕਸਪੋਰਟਰਜ਼ ਐਸ਼ੋਸੀਏਸ਼ਨ ਦਾ ਵਿਸ਼ੇਸ ਤੋਰ ਤੇ ਸਮਾਗਮ ਨੂੰ ਸਫਲ ਬਣਾਉਣ 'ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਪੰਜਾਬ ਰਾਇਸ਼ ਮਿਲਰਜ਼ ਐਕਸਪੋਰਟਰਜ਼ ਐਸ਼ੋਸੀਏਸ਼ਨ ਵਲੋਂ ਐਲਾਨ ਕੀਤਾ ਗਿਆ ਕਿ ਜੋ ਕਿਸਾਨ ਬਾਸਮਤੀ ਦੀ ਫਸਲ ਪਾਬੰਦੀਸ਼ੁਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਤੋਂ ਬਗੈਰ ਫਸਲ ਨੂੰ ਮਾਰਕਿਟ ਵਿਚ ਲੈ ਕੇ ਆਵੇਗਾ ਉਸਨੂੰ ਮਾਰਕਿਟ ਨਾਲੋਂ 10 ਤੋਂ 15 ਪ੍ਰਤੀਸ਼ਤ ਵੱਧ ਕੀਮਤ 'ਤੇ ਖਰੀਦਿਆ ਜਾਵੇਗਾ। ਇਸ ਮੌਕੇ ਡਾ. ਸ਼ਹਿਬਾਜ਼ ਸਿੰਘ, ਸੰਦੀਰ ਸਿੰਘ, ਪ੍ਰਭਜੋਤ ਸਿੰਘ, ਧਰਮਿੰਦਰ ਕੁਮਾਰ ਖੇਤੀਬਾੜੀ ਅਫਸਰ ਸਮੇਤ ਜ਼ਿਲੇ ਭਰ ਦੇ ਡੀਲਰ ਤੇ ਦੁਕਾਨਦਾਰ ਮੋਜੂਦ ਸਨ।