ਗੁਰਦਾਸਪੁਰ ਦੇ ਨਵ-ਨਿਯੁਕਤ ਐਸ.ਐਸ ਪੀ ਸਵਰਨਦੀਪ ਸਿੰਘ ਵਲੋਂ ਅੱਜ ਆਪਣੇ ਦਫਤਰ ਵਿਖੇ ਪੱਤਰਕਾਰਾਂ ਨਾਲ ਪਹਿਲੀ ਮਿਲਣੀ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਹੈਡਕੁਆਟਰ ਦੇ ਸਮੂਹ ਮੀਡੀਆ ਸਾਥੀ ਮੋਜੂਦ ਸਨ। ਇਸ ਮੌਕੇ ਵਰਿੰਦਰ ਸਿੰਘ ਐਸ.ਪੀ (ਹੈੱਡਕੁਆਟਰ) ਵੀ ਮੋਜੂਦ ਸਨ।ਐਸ.ਐਸ.ਪੀ ਸਵਰਨਦੀਪ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਨਸ਼ਾ ਰੋਕੂ ਮੁਹਿੰਮ ਨੂੰ ਸਫਲ ਬਣਾਉਣਾ ਉਨੀ ਦੀ ਪਹਿਲਕਦਮੀ ਹੋਵੇਗੀ ਤੇ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨਾਂ ਸਪੱਸ਼ਟ ਸਬਦਾਂ ਵਿਚ ਕਿਹਾ ਕਿ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਹਰ ਹੀਲਾ ਵਰਤਿਆ ਜਾਵੇਗਾ। ਉਨ੍ਹਾਂ ਮੀਡੀਆ ਸਾਥੀਆਂ ਕੋਲੋਂ ਇਸ ਸਮਾਜਿਕ ਬੁਰਾਈ ਵਿਰੁੱਧ ਸਹਿਯੋਗ ਮੰਗਿਆ ਤੇ ਇਸ ਨਾਮੁਰਾਦ ਬਿਮਾਰੀ ਨੂੰ ਜੜ੍ਹ ਤੋਂ ਉਖਾੜਣ ਲਈ ਸਾਂਝਾ ਹੰਭਲਾ ਮਾਰਨ ਲਈ ਕਿਹਾ।ਐਸ.ਐਸ.ਪੀ ਨੇ ਅੱਗੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ , ਇਸ ਲਈ ਮੀਡੀਆ ਦੀ ਵੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਜਿਥੇ ਲੋਕ ਸਮੱਸਿਆਵਾਂ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਵੇ ਉਚੇ ਪੋਜਟਿਵ ਪੱਖਾਂ, ਖਬਰਾਂ ਪ੍ਰਤੀ ਵੀ ਬਣਦੀ ਜ਼ਿੰਮੇਵਾਰੀ ਨਿਭਾਵੇ।ਉਨਾਂ ਅੱਗੇ ਕਿਹਾ ਕਿ ਅਗਰ ਉਨਾਂ ਨੂੰ ਨਸ਼ਾ ਵੇਚਣ ਜਾਂ ਕਿਸੇ ਹੋਰ ਪ੍ਰਕਾਰ ਦੀ ਜਾਣਕਾਰੀ ਮਿਲਦੀ ਹੈ ਤਾਂ ਉਨਾਂ ਦੇ ਨਾਲ ਜਾਂ ਹੇਠਲੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਸਕਦੇ ਹਨ। ਉਨਾਂ ਕਿਹਾ ਕਿ ਅੱਜ ਸਮਾਜ ਵਿਚ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਸਾਝਾਂ ਹੰਭਲਾ ਮਾਰਨ ਦੀ ਲੋੜ ਹੈ। ਉਨਾਂ ਮੀਡੀਆ ਸਾਥੀਆਂ ਨੂੰ ਕਿਹਾ ਕਿ ਪੁਲਿਸ ਪ੍ਰਸ਼ਾਸਨ ਹਰ ਵੇਲੇ ਉਨਾਂ ਦੇ ਨਾਲ ਹੈ ਅਤੇ ਸਮੂਹਿਕ ਸਹਿਯੋਗ ਨਾਲ ਜ਼ਿਲੇ ਗੁਰਦਾਸਪੁਰ ਅੰਦਰ ਸਮਾਜਿਕ ਬੁਰਾਈਆਂ ਨੂੰ ਖਤਮ ਕੀਤਾ ਜਾਵੇਗਾ।ਉਨਾਂ ਜ਼ਿਲ੍ਹਾਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਹਰ ਵੇਲੇ ਲੋਕਾਂ ਦੀਆਂ ਸਮੱਸਿਆ ਪਹਿਲ ਦੇ ਆਧਰ 'ਤੇ ਹੱਲ ਕਰਨ ਲਈ ਹਾਜਰ ਹੈ ਪਰ ਨਾਲ ਹੀ ਉਨਾਂ ਕਿਹਾ ਕਿ ਅਗਰ ਕਿਸੇ ਕਿਸਮ ਦੀ ਸਮੱਸਿਆ ਹੁੰਦੀ ਹੈ ਥਾਂ ਸਭ ਤੋਂ ਪਹਿਲਾਂ ਹੇਠਲੇ ਪੱਧਰ ਤਕ ਪੁਲਿਸ ਅਧਿਕਾਰੀਆਂ ਨਾਲ ਜਰੂਰ ਪੁਹੰਚ ਕੀਤੀ ਜਾਵੇ ਅਤੇ ਜੇਕਰ ਹੇਠਲਾ ਪੱਧਰ ਦਾ ਅਧਿਕਾਰੀ ਉਨਾਂ ਦੀ ਸਮੱਸਿਆ ਹੱਲ ਨਹੀਂ ਕਰਦਾ ਤਾਂ ਹੀ ਉਹ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਸਮੱਸਿਆ ਲਿਆਉਣ।ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ 6-7 ਦਿਨਾਂ ਦੌਰਾਨ ਜਦ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ ਪੁਲਿਸ ਵਿਭਾਗ ਵਲੋਂ ਨਸ਼ੀਲੇ ਪਦਾਰਥਾਂ ਵੇਚਣ ਵਾਲੇ 10 ਵਿਅਕਤੀ ਗ੍ਰਿਫਤਾਰ ਕੀਤੇ ਹਨ ਅਤੇ ਪਰਚੇ ਦਰਜ ਕੀਤੇ ਗਏ ਹਨ। ਜਿਲੇ ਵਿਚ ਬਿਨਾਂ ਕਿਸੇ ਸ਼ਨਾਖਤ ਤੋਂ ਰਹੇ ਰਹੇ 233 ਵਿਅਕਤੀਆਂ ਦੀ ਪਹਿਚਾਣ ਕੀਤੀ ਗਈ ਹੈ , ਜੋ ਵੱਖ-ਵੱਖ ਇਲਾਕਿਆਂ ਵਿਚ ਰਹਿ ਰਹੇ ਹਨ । ਉਨਾਂ ਦੀ ਸ਼ਨਾਖਤ ਕਰਵਾਈ ਜਾ ਰਹੀ ਹੈ ਅਤੇ ਉਨਾਂ ਦਾ ਕ੍ਰਿਮੀਨਲ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ। ਇਸੇ ਤਰਾਂ 2 ਲੱਖ ਲੀਟਰ ਤੋਂ ਵੱਧ ਸ਼ਰਾਬ ਤੇ ਲਾਹਣ ਵੀ ਬਰਾਮਦ ਕੀਤੀ ਗਈ ਹੈ ਅਤੇ 20 ਪਰਚੇ ਦਰਜ ਕੀਤੇ ਗਏ ਹਨ।