ਮਿਸ਼ਨ ਤੰਦਰੁਸਤ ਪੰਜਾਬ ਅਧੀਨ ਨਗਰ ਪੰਚਾਇਤ ਖਮਾਣੋਂ ਵੱਲੋਂ ਆਪਣੇ ਸਫਾਈ ਸੇਵਕਾਂ ਦੀ ਤੰਦਰੁਸਤੀ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਖਮਾਣੋਂ ਵਿਖੇ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਵੱਖਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਨੇ ਸਫਾਈ ਸੇਵਕਾਂ ਦੀ ਸਿਹਤ ਦੀ ਜਾਂਚ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸ਼੍ਰੀ ਸੰਗੀਤ ਕੁਮਾਰ ਨੇ ਦੱਸਿਅ ਕਿ ਨਗਰ ਪੰਚਾਇਤ ਨੇ ਆਪਣੇ ਸਫਾਈ ਸੇਵਕਾਂ ਨੂੰ ਤੰਦਰੁਸਤ ਰੱਖਣ ਲਈ ਇਸ ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਸੀ ਕਿਉਂਕਿ ਅਕਸਰ ਸਫਾਈ ਸੇਵਕ ਆਪਣੀ ਸਿਹਤ ਪੱਖੋਂ ਅਵੇਸਲੇ ਹੋ ਜਾਂਦੇ ਹਨ ਅਤੇ ਇਹੋ ਅਵੇਸਲਾਪਣ ਉਨ੍ਹਾਂ ਨੂੰ ਕਈ ਬਿਮਾਰੀਆਂ ਲੱਗਣ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦਾ ਇਹ ਫਰਜ਼ ਹੈ ਕਿ ਉਹ ਆਪਣੇ ਕਰਮਚਾਰੀਆਂ ਦੀ ਸਿਹਤ ਦਾ ਪੂਰਾ ਧਿਆਨ ਰੱਖੇ ਕਿਉਂਕਿ ਇਹੋ ਸਫਾਈ ਸੇਵਕ ਪੂਰੇ ਸ਼ਹਿਰ ਦੀ ਗੰਦਗੀ ਸਾਫ ਕਰਦੇ ਹਨ ਅਤੇ ਮਿਸ਼ਨ ਤੰਦਰੁਸਤ ਸਮਾਜ ਦੀ ਸਫਲਤਾ ਵਿੱਚ ਸਫਾਈ ਸੇਵਕਾਂ ਦੀ ਅਹਿਮ ਭੂਮਿਕਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਫਾਈ ਸੇਵਕ ਤੰਦਰੁਸਤ ਰਹਿਣਗੇ ਤਾਂ ਹੀ ਸ਼ਹਿਰ ਸਾਫ ਸੁਥਰਾ ਬਣਿਆਂ ਰਹਿ ਸਕੇਗਾ ਅਤੇ ਜਿਸ ਸਮਰਪਣ ਦੀ ਭਾਵਨਾਂ ਨਾਲ ਸਫਾਈ ਸੇਵਕਾਂ ਵੱਲੋਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਆਪਣੀ ਡਿਊਟੀ ਨਿਭਾਈ ਜਾਂਦੀ ਹੈ ਉਹ ਸ਼ਲਾਘਾਯੋਗ ਹੈ। ਇਸੇ ਤਰ੍ਹਾਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵੱਲੋ ਅੰਬੇਮਾਜਰਾ ਵਿਖੇ ਵਿਸ਼ੇਸ਼ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਕੌਂਸਲ ਦੇ ਸਫਾਈ ਸੇਵਕ ਸੜਕਾਂ ਦੀ ਸਫਾਈ ਕਰ ਰਹੇ ਹਨ ਅਤੇ ਸੜਕਾਂ ਕਿਨਾਰੇ ਖੜੀ ਘਾਹ ਬੂਟੀ ਨੂੰ ਪੁੱਟ ਰਹੇ ਹਨ। ਇਸ ਤੋਂ ਇਲਾਵਾ ਸਫਾਈ ਸੇਵਕਾਂ ਰਾਹੀਂ ਅੰਬੇਮਾਜਰਾ ਦੀਆਂ ਡਰੇਨਾਂ ਦੀ ਸਫਾਈ ਵੀ ਕਰਵਾਈ ਜਾ ਰਹੀ ਹੈ।ਇਹ ਜਾਣਕਾਰੀ ਦਿੰਦਿਆਂ ਕੌਂਸਲ ਦੇ ਕਾਰਜ ਸਾਧਕ ਅਫਸਰ ਸ. ਕੇ.ਐਸ.ਬਰਾੜ ਨੇ ਦੱਸਿਆ ਕਿ ਇਹ ਸਫਾਈ ਅਭਿਆਨ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਅਧੀਨ ਪੈਂਦੇ ਇਲਾਕੇ ਨੂੰ ਸਾਫ ਸਫਾਈ ਪੱਖੋਂ ਨਮੂਨੇ ਦਾ ਸ਼ਹਿਰ ਬਣਾਉਣ ਲਈ ਸ਼ੁਰੂ ਕੀਤਾ ਗਿਆ ਹੈ ਜੋ ਕਿ ਇਸੇ ਤਰ੍ਹਾਂ ਜਾਰੀ ਰਹੇਗਾ।ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦਾ ਇਹ ਫਰਜ਼ ਬਣਦਾ ਹੈ ਕਿ ਕੌਂਸਲ ਅਧੀਨ ਪੈਂਦੇ ਇਲਾਕਿਆਂ ਵਿੱਚ ਪੂਰੀ ਸਾਫ ਸਫਾਈ ਰੱਖੀ ਜਾਵੇ ਜੋ ਕਿ ਮਿਸ਼ਨ ਤੰਦਰੁਸਤ ਪੰਜਾਬ ਦੀ ਸਫਲਤਾ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ।