ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਿੰਡ ਮਸਰਾਏ ਕਲਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮ: ਬਲਾਕ ਅਮਲੋਹ ਵਿਖੇ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਖੇਤੀਬਾੜੀ ਉਪ ਨਰੀਖਕ ਅਮਲੋਹ ਸ਼੍ਰੀ ਮਨੀਸ਼ ਸ਼ਰਮਾ ਨੇ ਕਿਸਾਨਾਂ ਨੂੰ ਝੋਨੇ ਦੀ ਫਸਲ ਵਿੱਚ ਡੀ.ਏ.ਪੀ. ਖਾਦ ਨਾ ਪਾਉਣ ਬਾਰੇ ਅਤੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਬਾਰੇਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨਾਂ ਕਿਸਾਨਾਂ ਨੂੰ ਇਹ ਵੀ ਦੱਸਿਆ ਕਿ ਉਹ ਝੋਨੇ ਦੀ ਵਢਾਈ ਉਨਾਂ ਕੰਬਾਈਨਾਂ ਰਾਹੀਂ ਹੀ ਕਰਵਾਉਣ ਜਿਨਾਂ ਦੇ ਪਿਛੇ ਸੁਪਰ ਐਸ.ਐਮ.ਐਸ. ਸਿਸਟਮ ਲੱਗਿਆ ਹੋਇਆ ਹੈ। ਕਿਉਂਕਿ ਇਨਾਂ ਕੰਬਾਈਨਾਂ ਨਾਲ ਝੋਨੇ ਦੀ ਵਢਾਈ ਕਰਵਾਉਣ ਨਾਲ ਕੰਬਾਈਨ ਪਿਛੇ ਲੱਗਿਆ ਸੁਪਰ ਐਸ.ਐਮ.ਐਸ. ਸਿਸਟਮ ਪਰਾਲੀ ਦੇ ਛੋਟੇ-ਛੋਟੇ ਟੁਕੜੇ ਕਰਕੇ ਉਸ ਨੂੰ ਖੇਤ ਵਿੱਚ ਹੀ ਖਿਲਾਰ ਦਿੰਦਾ ਹੈ ਅਤੇ ਇਸ ਉਪਰੰਤ ਹੈਪੀ ਸੀਡਰ ਨਾਲ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਇਸ ਤਰਾਂ ਕਣਕ ਦੀ ਬਿਜਾਈ ਕਰਨ ਨਾਲ ਜਿਥੇ ਧਰਤੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਉਥੇ ਹੀ ਫਸਲ ਤੋਂ ਝਾੜ ਵੀ ਵੱਧ ਨਿਕਲਦਾ ਹੈ ਤੇ ਕਿਸਾਨ ਦੇ ਮਿੱਤਰ ਕੀੜੇ ਵੀ ਜਿਉਂਦੇ ਰਹਿੰਦੇ ਹਨ। ਉਨਾਂ ਫਸਲਾਂ ਉੱਪਰ ਘੱਟ ਤੋ ਘੱਟ ਕੀਟਨਾਸ਼ਕ ਦਵਾਈਆਂ ਦੀ ਸਪਰੇਅ ਕਰਨ ਬਾਰੇ ਕਿਹਾ ਅਤੇ ਕਿਸਾਨਾਂ ਨੂੰ ਉਹਨਾਂ ਵੱਲੋ ਖਰੀਦੇ ਜਾਣ ਵਾਲੀ ਖਾਦ, ਬੀਜ ਅਤੇ ਦਵਾਈਆਂ ਦਾ ਪੱਕਾ ਬਿਲ ਲੈਣ ਲਈ ਵੀ ਪ੍ਰੇਰਿਤ ਕੀਤਾ।
ਉਹਨਾਂ ਕਿਸਾਨਾਂ ਨੂੰ ਜੰਗਲਾਤ ਵਿਭਾਗ ਦੀ ਐਪ ਆਈ ਹਰਿਆਲੀ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੀ ਮੋਟਰ 'ਤੇ ਘੱਟ ਤੋਂ ਘੱਟ ਇੱਕ ਬੂਟਾ ਜਰੂਰ ਲਗਾਉਣ ਅਤੇ ਉਸ ਦੀ ਸਾਂਭ ਸੰਭਾਲ ਕਰਨ, ਕਿਉਂਕਿ ਰੁੱਖਾਂ ਦੀ ਅੰਨੇਵਾਹ ਕੀਤੀ ਕਟਾਈ ਕਾਰਨ ਅੱਜ ਸਾਡੇ ਮੌਸਮ ਵਿੱਚ ਅਸੰਤੁਲਨ ਆ ਗਿਆ ਹੈ ਅਤੇ ਜੇਕਰ ਅਸੀਂ ਹੁਣ ਵੀ ਵਾਤਾਵਰਣ ਨੂੰ ਬਚਾਉਣ ਲਈ ਕੁਝ ਨਾ ਕੀਤਾ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਇਸ ਧਰਤੀ 'ਤੇ ਜਿੰਦਗੀ ਜਿਉਣਾ ਔਖਾ ਹੋ ਜਾਵੇਗਾ। ਉਨਾਂ ਕਿਹਾ ਕਿ ਰੁੱਖ ਮਨੁੱਖ ਦੇ ਜੀਵਨ ਵਿੱਚ ਅਹਿਮ ਸਥਾਨ ਰੱਖਦੇ ਹਨ ਅਤੇ ਰੁੱਖਾਂ ਨੂੰ ਬਚਾਉਣਾ ਮਨੁੱਖ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ। ਇਸ ਮੌਕੇ ਸ੍ਰੀ ਸ਼ਿੰਦਰਪਾਲ ਸਿੰਘ ਨੇ ਬਾਗਬਾਨੀ ਵਿਭਾਗ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ ਅਤੇ ਕਿਸਾਨਾਂ ਨੂੰ ਫਲਾਂ ਅਤੇ ਸਬਜ਼ੀਆਂ ਵਿੱਚ ਫੀਰੋਮੋਨ ਟਰੈਪ ਲਗਾਉਣ ਬਾਰੇ ਵੀ ਦੱਸਿਆ। ਇਸ ਮੌਕੇ ਭੂਮੀ ਰੱਖਿਆ ਵਿਭਾਗ ਦੇ ਸ਼੍ਰੀ ਵਿਕਾਸ ਕੁਮਾਰ ਨੇ ਕਿਸਾਨਾਂ ਨੂੰ ਤੁਪਕਾ ਸਿੰਚਾਈ ਅਤੇ ਵਿਭਾਗ ਦੀਆਂ ਹੋਰ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਸ਼੍ਰੀ ਸ਼ਮਸ਼ੇਰ ਸਿੰਘ ਖੇਤੀਬਾੜੀ ਉਪ ਨਰੀਖਕ ਅਤੇ ਸ੍ਰੀ ਸੋਦਾਗਰ ਖਾਨ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।