ਅੱਜ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਪੂਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਜ਼ੀਰੋ ਵੈਸਟ (ਕੂੜਾ ਕਰਕਟ ਮੁਕਤ ) ਬਣਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰਾਜੈਕਟ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦਾ ਸਹਿਯੋਗ ਲਿਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨ ਰਾਮਵੀਰ ਆਈ.ਏ.ਐਸ. ਨੇ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਉਪਰੰਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਸ ਪ੍ਰਾਜੈਕਟ ਸਬੰਧੀ ਕੀਤੀ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੀ। ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਇਹ ਪ੍ਰਾਜੈਕਟ ਅੱਜ ਸ਼ੁਰੂ ਹੋ ਗਿਆ ਹੈ ਤੇ ਇਸ ਦੀ ਸਫਲਤਾ ਲਈ ਕੰਪਲੈਕਸ ਦੀ ਬੇਸਮੈਂਟ ਤੋਂ ਲੈ ਕੇ ਛੱਤ ਤੱਕ ਪੂਰਨ ਰੂਪ ਵਿਚ ਸਫ਼ਾਈ ਕੀਤੀ ਜਾਵੇਗੀ ਅਤੇ ਜ਼ਰੂਰਤ ਅਨੁਸਾਰ ਕੰਪਲੈਕਸ ਅੰਦਰ ਕੂੜੇਦਾਨਾਂ, ਸਫ਼ਾਈ ਸੇਵਕਾਂ, ਸੇਵਾਦਾਰਾਂ, ਮਾਲੀਆਂ ਅਤੇ ਮਿਸ਼ਨ ਨਾਲ ਸਬੰਧਤ ਕਰਮਚਾਰੀਆਂ ਨੂੰ ਟਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੰਪਲੈਕਸ ਦੇ ਬਾਹਰ ਬਣੇ ਗ੍ਰੀਨ ਬੈਲਟ ਅੰਦਰ 3 ਜੈਵਿਕ ਖਾਦ ਬਣਾਉਣ ਲਈ ਕੰਪੋਸਟ ਪਿੱਟ ਤਿਆਰ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਸਮੂਹ ਵਿਭਾਗਾਂ ਦੇ ਦਫਤਰਾਂ ਦੇ ਬਾਹਰ ਕੂੜਾਦਾਨ ਰੱਖੇ ਜਾਣਗੇ ਅਤੇ ਉਨ੍ਹਾਂ ਉਪਰ ਵਿਭਾਗ ਦਾ ਨਾਮ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਦੇ ਮੁਖੀ ਨੂੰ ਨੋਡਲ ਅਫਸਰ ਬਣਾਇਆ ਜਾਵੇਗਾ ਅਤੇ ਉਸ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਕੂੜੇਦਾਨਾਂ ਨੂੰ ਹਰ ਰੋਜ਼ ਸਾਫ ਕਰਾਉਣ ਸਬੰਧੀ ਪੂਰੀ ਨਿਗਰਾਨੀ ਰੱਖਣਗੇ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਕੂੜਾ ਕਰਕਟ ਰਹਿਤ ਬਣਾਉਣ ਲਈ ਇਕ ਵਟਸਅੱਪ ਗਰੁੱਪ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਜਗ੍ਹਾਂ ਵੀ ਕੂੜਾ ਨਜ਼ਰ ਆਉਂਦਾ ਹੈ ਤਾਂ ਉਸ ਦੀ ਫੋਟੋ ਗਰੁੱਪ ਵਿੱਚ ਪਾਈ ਜਾਵੇ ਅਤੇ ਸਬੰਧਤ ਠੇਕੇਦਾਰ ਤੁਰੰਤ ਸਫਾਈ ਕਰਾਏਗਾ ਅਤੇ ਸਫਾਈ ਕਰਾਉਣ ਉਪਰੰਤ ਫੋਟੋ ਗਰੁੱਪ ਵਿੱਚ ਪਾਏਗਾ। ਉਨ੍ਹਾਂ ਕਿਹਾ ਕਿ ਕੰਪਲੈਕਸ ਵਿਚੋਂ ਨਿਕਲੇ ਗਿੱਲੇ ਕੂੜੇ ਜਿਵੇਂ ਕਿ ਬਚਿਆ ਹੋਇਆ ਖਾਣਾ, ਚਾਹ ਪੱਤੀ, ਸਬਜ਼ੀਆਂ/ਫਲਾਂ ਦੇ ਛਿਲਕੇ ਆਦਿ ਗਲਣਸ਼ੀਲ ਪਦਾਰਥਾਂ ਨੂੰ ਕੰਪਲੈਕਸ ਦੇ ਬਾਹਰ ਬਣੇ ਪਾਰਕ ਅੰਦਰ ਬਣਾਏ ਜਾਣ ਵਾਲੇ ਕੰਪੋਸਟ ਪਿੱਟਾਂ ਅੰਦਰ ਜੈਵਿਕ ਖਾਦ ਬਣਾਉਣ ਲਈ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਕੰਪੋਸਟ ਪਿੱਟ ਵਿੱਚ ਪੌਲੀਥੀਨ ਦੇ ਬਣੇ ਲਫਾਫੇ ਨਹੀਂ ਸੁੱਟੇ ਜਾਣਗੇ ਅਤੇ ਪੌਲੀਥੀਨ ਦੇ ਬਣੇ ਲਫਾਫਿਆਂ ਦੀ ਵਰਤੋਂ ਵੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕੰਪਲੈਕਸ ਵਿਚ ਲੱਗੇ ਬੂਟਿਆਂ ਦੀ ਵੀ ਪੂਰੀ ਸਾਂਭ-ਸੰਭਾਲ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣ ਕੇ ਆਪਣਾ ਯੋਗਦਾਨ ਪਾਉਣ ਤਾਂ ਜੋ ਆਪਣੇ ਆਲੇ-ਦੁਆਲੇ ਸਮੇਤ ਪੂਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਭਾਗ ਦੀ ਅਣਗਹਿਲੀ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਮੁਖੀ ਨੂੰ 2000 ਰੁਪਏ ਜੁਰਮਾਨਾ ਕੀਤਾ ਜਾਵੇਗਾ।ਸਹਾਇਕ ਕਮਿਸ਼ਨਰ ਕੇਸ਼ਵ ਗੋਇਲ ਨੇ ਦੱਸਿਆ ਕਿ ਕੰਪਲੈਕਸ ਦੀ ਸਾਫ-ਸਫਾਈ ਕਰਨਾ ਸਾਡੇ ਸਾਰਿਆਂ ਦਾ ਨੈਤਿਕ ਫਰਜ਼ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਮੂਹ ਵਿਭਾਗ ਇਸ ਪ੍ਰਾਜੈਕਟ ਦੀ ਸਫਲਤਾ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾਉਣਗੇ ਅਤੇ ਆਪਣੇ ਦਫਤਰਾਂ ਵਿੱਚ ਸਫਾਈ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਨੇ ਕੰਟੀਨ ਵਿੱਚ ਸਾਫ-ਸਾਫਈ ਰੱਖਣ ਅਤੇ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਲਈ ਵੀ ਠੇਕੇਦਾਰ ਨੂੰ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸੂਰਤ ਵਿੱਚ ਚੈਕਿੰਗ ਦੌਰਾਨ ਸਾਫ-ਸਫਾਈ ਵਿੱਚ ਕਿਸੇ ਵਿਭਾਗ ਦੀ ਅਣਗਹਿਲੀ ਸਾਹਮਣੇ ਆਉਂਦੀ ਹੈ ਤਾਂ ਉਸ ਵਿਭਾਗ ਦੇ ਮੁਖੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨਾ ਵੀ ਲਗਾਇਆ ਜਾਵੇਗਾ। ਨਗਰ ਕੌਂਸਲ ਫਿਰੋਜ਼ਪੁਰ ਦੇ ਸੈਨਟਰੀ ਇੰਸਪੈਕਟਰ ਸ. ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਫਾਈ ਕਰਮਚਾਰੀਆਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਅਤੇ ਕੰਪੋਸਟ ਵਿੱਚ ਤਿਆਰ ਖਾਦ ਦੀ ਵਰਤੋਂ ਕੰਪਲੈਕਸ ਵਿੱਚ ਲੱਗੇ ਬੂਟਿਆਂ ਲਈ ਕੀਤੀ ਜਾਵੇਗੀ।ਇਸ ਮੌਕੇ ਸ੍ਰ: ਰਣਜੀਤ ਸਿੰਘ ਸਹਾਇਕ ਕਮਿਸ਼ਨਰ (ਜਨ.), ਸਕੱਤਰ ਰੈੱਡ ਕਰਾਸ ਸ੍ਰੀ ਅਸ਼ੋਕ ਬਹਿਲ, ਜ਼ਿਲ੍ਹਾ ਖਜ਼ਾਨਾ ਅਫਸਰ ਸ੍ਰ. ਤਜਿੰਦਰ ਸਿੰਘ, ਭਾਸ਼ਾ ਵਿਭਾਗ ਤੋਂ ਸ੍ਰ. ਜਸਬੀਰ ਸਿੰਘ, ਸ੍ਰੀ ਮੁਕੇਸ਼ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।