ਮਿਤੀ 26 ਜੂਨ ਨੂੰ ਅੰਤਰਰਾਸ਼ਟਰੀ ਨਸ਼ਾ ਬੁਰਾਈ ਅਤੇ ਗੈਰਕਾਨੂੰਨੀ ਕਾਰੋਬਾਰ ਵਿਰੋਧੀ ਦਿਵਸ ਮੌਕੇ ਜ਼ਿਲ੍ਹਾ ਲੁਧਿਆਣਾ ਵਿੱਚ ਵੱਖ-ਵੱਖ ਜਗ੍ਹਾਂ ਜਾਗਰੂਕਤਾ ਸਮਾਗਮ ਕਰਵਾਏ ਜਾਣਗੇ। ਇਸ ਸੰਬੰਧੀ ਸਾਰੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਇੱਕ ਮੀਟਿੰਗ ਦਾ ਆਯੋਜਨ ਵਧੀਕ ਡਿਪਟੀ ਕਮਿਸ਼ਨਰ (ਖੰਨਾ) ਅਜੇ ਸੂਦ ਦੀ ਅਗਵਾਈ ਵਿੱਚ ਲੁਧਿਆਣਾ ਵਿਖੇ ਕੀਤੀ ਗਈ।ਮੀਟਿੰਗ ਦੌਰਾਨ ਉਨ੍ਹਾਂ ਖੇਡ ਵਿਭਾਗ ਅਤੇ ਯੁਵਕ ਸੇਵਾਵਾਂ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਵਿੱਚ ਨਸ਼ਿਆਂ ਵਿਰੁਧ ਜਾਗਰੂਕਤਾ ਫੈਲਾਉਣ ਲਈ ਸ਼ਹਿਰ ਵਿੱਚ ਦੌੜ ਦਾ ਆਯੋਜਨ ਕਰਾਉਣ। ਇਸ ਜਾਗਰੂਕਤਾ ਦੌਰਾਨ ਲੋਕਾਂ ਨੂੰ ਨਸ਼ਿਆਂ ਦੇ ਭੈੜੇ ਪ੍ਰਭਾਵਾਂ ਅਤੇ ਇਸ ਭੈੜੀ ਆਦਤ ਤੋਂ ਖਹਿੜਾ ਛੁਡਾਉਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣੂ ਕਰਾਉਣ। ਇਸ ਦੌੜ ਦੌਰਾਨ ਟਰੈਫਿਕ ਵਿਵਸਥਾ ਨੂੰ ਸੁਚਾਰੂ ਰੂਪ ਵਿੱਚ ਜਾਰੀ ਰੱਖਣ ਲਈ ਟਰੈਫਿਕ ਪੁਲਿਸ ਦੀ ਡਿਊਟੀ ਲਗਾਈ ਗਈ। ਸ੍ਰੀ ਸੂਦ ਨੇ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਇਸ ਦਿਨ ਵੱਖ-ਵੱਖ ਵਿਸ਼ਿਆਂ ਪ੍ਰਦਰਸ਼ਨੀਆਂ ਅਤੇ ਹੋਰ ਗਤੀਵਿਧੀਆਂ ਕਰਵਾਈਆਂ ਜਾਣ ਤਾਂ ਜੋ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਇਸ ਬੁਰਾਈ ਤੋਂ ਦੂਰ ਰਹਿਣ ਲਈ ਪ੍ਰੇਰਿਆ ਜਾ ਸਕੇ।ਸਿਹਤ ਵਿਭਾਗ ਨੂੰ ਸਥਾਨਕ ਟਰਾਂਸਪੋਰਟ ਨਗਰ ਵਿਖੇ ਟਰੱਕ ਚਾਲਕਾਂ ਲਈ ਵਿਸ਼ੇਸ਼ ਮੈਡੀਕਲ ਜਾਂਚ ਕੈਂਪ ਅਤੇ ਜਾਗਰੂਕਤਾ ਕੈਂਪ ਆਯੋਜਿਤ ਕਰਨ ਬਾਰੇ ਕਿਹਾ ਗਿਆ। ਜਿਸ ਦੌਰਾਨ ਉਨ੍ਹਾਂ ਨੂੰ ਨਸ਼ਿਆਂ ਵਿਰੁਧ ਜਾਗਰੂਕ ਕੀਤਾ ਜਾਵੇਗਾ। ਅਜਿਹੇ ਹੀ ਸਿਹਤ ਕੈਂਪ ਜਗਰਾਂਉ ਅਤੇ ਖੰਨਾ ਵਿਖੇ ਅਤੇ ਹੋਰ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਵੀ ਲਗਾਏ ਜਾਣਗੇ। ਇਸ ਤੋਂ ਇਲਾਵਾ ਇਸ ਦਿਨ ਜੇਲ੍ਹ ਵਿਭਾਗ ਵੱਲੋਂ ਜੇਲ੍ਹ ਵਿੱਚ ਨੁੱਕੜ ਨਾਟਕ ਖੇਡਿਆ ਜਾਵੇਗਾ, ਜਿਸ ਵਿੱਚ ਹਵਾਲਾਤੀ ਅਤੇ ਕੈਦੀ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਣਗੇ। ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਇਸ ਮੌਕੇ ਮਨੋਵਿਗਿਆਨੀ ਡਾਕਟਰ ਦੀ ਅਗਵਾਈ ਵਿੱਚ ਡਾਕਟਰਾਂ ਦੀ ਜਾਂਚ ਟੀਮ ਵੀ ਭੇਜੀ ਜਾਵੇ। ਸ੍ਰੀ ਸੂਦ ਨੇ ਇਸ ਦਿਵਸ ਨੂੰ ਸਹੀ ਮਾਅਨਿਆਂ ਵਿੱਚ ਮਨਾਉਣ ਅਤੇ ਨਸ਼ੇ ਵਿਰੋਧੀ ਸੁਨੇਹਾ ਸਮਾਜ ਦੇ ਹਰੇਕ ਵਰਗ ਤੱਕ ਪਹੁੰਚਾਉਣ ਲਈ ਲੋਕਾਂ ਤੋਂ ਭਰਪੂਰ ਸਹਿਯੋਗ ਦੀ ਆਸ ਕੀਤੀ। ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਜ) ਸ੍ਰ. ਅਮਰਿੰਦਰ ਸਿੰਘ ਮੱਲ੍ਹੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।