ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਵਿਖੇ ਪੁਲਿਸ ਵਿਭਾਗ ਦੇ ਕੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ। ਉਹਨਾਂ ਦੱਸਿਆ ਕਿ ਹਰ ਮਹੀਨੇ ਜਿਹੜੇ ਅਧਿਕਾਰੀ ਅਤੇ ਕਰਮਚਾਰੀ ਪੂਰੀ ਨਿਸ਼ਠਾ ਨਾਲ ਆਪਣੇ ਫਰਜ਼ ਅਦਾ ਕਰਦੇ ਹਨ। ਉਹਨਾਂ ਨੂੰ ਹਰ ਮਹੀਨੇ ‘Employ of the Month’ ਐਲਾਨਿਆ ਜਾਂਦਾ ਹੈ। ਉਹਨਾਂ ਇਸ ਮੌਕੇ ਵਿਭਾਗ ਦੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਉਹਨਾਂ ਨੂੰ ਵੀ ਸਨਮਾਨਿਤ ਕਰਮਚਾਰੀਆਂ ਤੋ ਪ੍ਰੇਰਨਾ ਲੈ ਕੇ ਹੋਰ ਵਧੀਆ ਕਾਰਗੁਜਾਰੀ ਦਿਖਾਉਣੀ ਚਾਹੀਦੀ ਹੈ ਤਾਂ ਜੋ ਉਹਨਾਂ ਨੂੰ ਵੀ ਇੱਕ ਦਿਨ ਅਜਿਹਾ ਸਨਮਾਨ ਹਾਸਲ ਹੋ ਸਕੇ।ਇਸ ਮੌਕੇ ਐਸ ਐਸ ਪੀ ਨੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਵਿਭਾਗ ਦੇ ਕੰਮ ਵਿੱਚ ਹੋਰ ਤੇਜੀ ਲਿਆਂਦੀ ਜਾਵੇ ਅਤੇ ਜ਼ਿਲ੍ਹੇ ਦੇ ਸੀਨੀਅਰ ਸਿਟੀਜਨਾਂ, ਬੱਚਿਆਂ ਅਤੇ ਔਰਤਾਂ ਦੀ ਸੁਰੱਖਿਆ ਕਰਨ ਨੂੰ ਤਰਜੀਹ ਦਿੱਤੀ ਜਾਵੇ ਅਤੇ ਉਹਨਾਂ ਨੂੰ ਦਰਪੇਸ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨੂੰ ਨਸ਼ਾ ਮੁਕਤ ਕਰਨ ਲਈ ਨਸ਼ੇ ਦੇ ਕਾਰੋਬਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਾ ਜਾਵੇ। ਉਨ੍ਹਾਂ ਥਾਣਿਆਂ ਵਿੱਚ ਦਰਜ਼ ਹੋਏ ਕੇਸਾਂ ਦੀ ਸੁਚੱਜੇ ਢੰਗ ਨਾਲ ਤਫਤੀਸ਼ ਕਰਕੇ ਨਿਸ਼ਚਿਤ ਸਮੇ ਵਿੱਚ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸਮੂਹ ਥਾਣਿਆਂ ਅਤੇ ਹੋਰ ਵਿੰਗਾਂ ਵਿੱਚੋਂ ਚੰਗਾ ਕੰਮ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਨਾਮ ਜ਼ਿਲ੍ਹੇ ਦੀ ਨਰੀਖਣ ਕਮੇਟੀ ਨੂੰ ਭੇਜੇ ਜਾਂਦੇ ਹਨ ਅਤੇ ਕਮੇਟੀ ਵੱਲੋਂ ਉਸ ਵਿੱਚੋਂ ਵਧੀਆ ਕਾਰਗੁਜ਼ਾਰੀ ਵਾਲੇ ਅਧਿਕਾਰੀ ਜਾਂ ਕਰਮਚਾਰੀ ਦੀ ਸ਼ਨਾਖਤ ਕਰਨ ਉਪਰੰਤ ਉਹਨਾਂ ਮੁਲਾਜ਼ਮਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ। ਉਨ੍ਹਾਂ ਇਸ ਮੌਕੇ ਏ ਐਸ ਆਈ ਸੁਖਵਿੰਦਰ ਸਿੰਘ ਜੋ ਕਿ ਥਾਣਾ ਮੁਲੇਪੁਰ ਵਿਖੇ ਤਾਇਨਾਤ ਹੈ , ਨੂੰ ਗੁੰਮਸੁਦਾ ਨਬਾਲਿਗ ਬੱਚੀ ਨੂੰ ਲੱਭ ਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰਨ ਅਤੇ ਐਨ.ਡੀ.ਪੀ.ਐਸ. ਐਕਟ ਅਧੀਨ ਅਤੇ ਆਬਕਾਰੀ ਐਕਟ ਅਧੀਨ ਮੁਕੱਦਮੇ ਦਰਜ਼ ਕਰਵਾਉਣ ਲਈ ਸਮਮਾਨਤ ਕੀਤਾ । ਇਸ ਤੋ ਇਲਾਵਾ ਏ ਐਸ ਆਈ ਜਤਿੰਦਰਪਾਲ ਸਿੰਘ ਜੋ ਕਿ ਪੁਲਿਸ ਥਾਣਾ ਵਡਾਲੀ ਆਲਾ ਸਿੰਘ ਵਿਖੇ ਤਾਇਨਾਤ ਹੈ, ਨੂੰ 92 ਗ੍ਰਾਮ ਹੀਰੋਇਨ ਫੜ ਕੇ ਐਨ ਡੀ ਪੀ ਐਸ ਐਕਟ ਅਧੀਨ ਕੇਸ ਦਰਜ ਕਰਨ ਲਈ ਸਨਮਾਨਤ ਕੀਤਾ ਗਿਆ । ਇਸ ਤੋ ਬਿਨਾਂ ਏ ਐਸ ਆਈ ਬਲਜੀਤ ਸਿੰਘ , ਇੰਚਾਰਜ ਸਾਂਝ ਕੇਂਦਰ ਖਮਾਣੋ ਅਤੇ ਸਿਪਾਹੀ ਸਤਨਾਮ ਸਿੰਘ ਨੂੰ ਸਾਂਝ ਕੇਂਦਰ ਵਿੱਚ ਆਈਆਂ 410 ਪਾਸਪੋਰਟ ਦੀਆਂ ਵੈਰੀਫਿਕੇਸ਼ਨਾਂ ਤੋ ਇਲਾਵਾ 110 ਹੋਰ ਵੈਰੀਫਿਕੇਸ਼ਨਾਂ ਦਾ ਕੰਮ ਨਿਸ਼ਚਿਤ ਸਮੇ ਵਿੱਚ 100 ਫੀਸਦੀ ਮੁਕੰਮਲ ਕਰਨ ਲਈ ਸਨਮਾਨਤ ਕੀਤਾ ਗਿਆ। ਉਹਨਾਂ ਹੋਰ ਦੱਸਿਆ ਕਿ ਏ ਐਸ ਆਈ ਤਰਨਜੀਤ ਸਿੰਘ ਥਾਣਾ ਖਮਾਣੋ ਵੱਲੋ ਦੋ ਵਿਅਕਤੀਆਂ ਨੂੰ ਨਸ਼ਿਆਂ ਸਮੇਤ ਫੜ ਕੇ ਕੇਸ ਦਰਜ ਕਰਨ ਅਤੇ ਸਿਪਾਹੀ ਸਰਬਜੀਤ ਕੌਰ ਅਤੇ ਰਜੀਆ ਨੂੰ ਕੰਪਿਊਟਰ ਅਪਰੇਟਰ ਵਜੋ ਕੰਮ ਕਰਦਿਆਂ ਹੋਇਆ ਬਹੁਤ ਹੀ ਵਧੀਆ ਕਾਰਜਗੁਜਾਰੀ ਦਿਖਾਉਣ ਤੇ ਸਨਮਾਨਤ ਕੀਤਾ ਗਿਆ। ਇਹਨਾਂ ਸਨਮਾਨਤ ਕਰਮਚਾਰੀਆਂ ਨੂੰ ਜ਼ਿਲ੍ਹਾ ਪੁਲਿਸ ਮੁਖੀ ਨੇ ਪ੍ਰਸੰਸਾ ਪੱਤਰ ਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਐਸ.ਪੀ. (ਐਚ) ਸ. ਰਵਿੰਦਰਪਾਲ ਸਿੰਘ ਸੰਧੂ, ਡੀ.ਐਸ.ਪੀ. (ਐਚ) ਸੰਦੀਪ ਕੌਰ ਸੈਣੀ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।