ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਨਗਰ ਨਿਗਮ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦਾ ਦੌਰਾ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਜਿੰਦਰਾ ਹਸਪਤਾਲ ਦੇ ਵਿਕਾਸ ਲਈ ਭੇਜੇ 150 ਲੱਖ ਰੁਪਏ ਦੀ ਯੋਗ ਵਰਤੋਂ ਤੇ ਇਥੇ ਇਲਾਜ ਲਈ ਆਉਂਦੇ ਲੋਕਾਂ ਦੀਆਂ ਸਹੂਲਤਾਂ ਨੂੰ ਜਾਨਣ ਲਈ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਬੀ.ਐਸ. ਸਿੱਧੂ ਅਤੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਬੀ.ਐਸ ਬਰਾੜ ਨਾਲ ਗੱਲਬਾਤ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਇਥੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ।ਡਿਪਟੀ ਕਮਿਸ਼ਨਰ ਨੇ ਮੌਕੇ 'ਤੇ ਹਾਜ਼ਰ ਨਗਰ ਨਿਗਮ ਦੇ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੂੰ ਕਿਹਾ ਕਿ ਸਰਕਾਰੀ ਰਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਸਾਹਮਣੇ ਵਾਲੀਆ ਸੜਕਾਂ ਨਾਲ ਗਰੀਨ ਬੈਲਟ ਬਣਾਈ ਜਾਵੇ ਅਤੇ ਨਾਲ ਹੀ ਰਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਨੂੰ ਜੋੜਨ ਵਾਲੇ ਸਬਵੇਅ ਪਾਥ ਨੂੰ ਚਾਲੂ ਕਰਨ ਅਤੇ ਇਸਨੂੰ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਅੰਦਰ ਖੋਲ੍ਹਣ ਲਈ ਕਿਹਾ ਨਾਲ ਹੀ ਉਨ੍ਹਾਂ ਹਸਪਤਾਲ ਦੇ ਨੇੜੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਵੀ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਹਸਪਤਾਲ ਅੰਦਰ ਹੀ ਗਰੀਨ ਬੇਸਟ ਤਿਆਰ ਕਰਨ ਲਈ ਪਿੱਟ ਬਣਾਇਆ ਜਾਵੇ ਅਤੇ ਉਸ ਖਾਦ ਦਾ ਉਪਯੋਗ ਹਸਪਤਾਲ ਦੇ ਪਾਰਕਾਂ ਵਿੱਚ ਕੀਤਾ ਜਾਵੇ।
ਸ਼੍ਰੀ ਕੁਮਾਰ ਅਮਿਤ ਨੇ ਨਗਰ ਨਿਗਮ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਅਤੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨਾਲ ਮੀਟਿੰਗ ਕਰਕੇ ਹਸਪਤਾਲ ਅੰਦਰ ਪਾਰਕਿੰਗ ਦੀ ਸਮੱਸਿਆ ਉਪਰ ਚਰਚਾਂ ਕੀਤੀ ਅਤੇ ਨਾਲ ਹੀ ਹਸਪਤਾਲ ਦੇ ਪਖਾਨਿਆਂ ਦੀ ਸਫ਼ਾਈ ਦੇ ਨਿਰਦੇਸ਼ ਦਿੱਤੇ ਉਨ੍ਹਾਂ ਪਾਰਕਿੰਗ ਦੇ ਹੱਲ ਲਈ ਪੂਰੇ ਰਜਿੰਦਰਾ ਹਸਪਤਾਲ ਦਾ ਪੈਦਲ ਦੌਰਾ ਕਰਕੇ ਕਾਫ਼ੀ ਸਥਾਨਾਂ ਦੀ ਚੋਣ ਕੀਤੀ ਜੋ ਪਾਰਕਿੰਗ ਲਈ ਢੁਕਵੀਆਂ ਸਨ ਅਤੇ ਉਨ੍ਹਾਂ ਦਾ ਉਪਯੋਗ ਨਹੀਂ ਕੀਤਾ ਜਾ ਰਿਹਾ ਸੀ। ਉਨ੍ਹਾਂ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਸਥਾਨ ਨੂੰ ਪਾਰਕਿੰਗ ਲਈ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਾਲੀ ਸਥਾਨ ਵਿੱਚੋਂ 400 ਨਵੀਆਂ ਗੱਡੀਆਂ ਪਾਰਕ ਕਰਨ ਦਾ ਥਾਂ ਬਣਾਈ ਜਾਵੇ। ਉਨ੍ਹਾਂ ਹਸਪਤਾਲ ਦੇ ਸਟਾਫ਼ ਲਈ ਵੱਖਰੀ ਪਾਰਕਿੰਗ ਬਣਾਉਣ ਦੇ ਆਦੇਸ਼ ਦਿੱਤੇ ਜਿਸ ਵਿੱਚ ਕੁਆਟਰਜ਼ ਲਈ ਵੱਖਰੀ ਪਾਰਕਿੰਗ, ਡਾਕਟਰ, ਨਰਸਾਂ ਅਤੇ ਹੋਰ ਸਟਾਫ਼ ਨੂੰ ਪਾਰਕਿੰਗ ਲਈ ਸਥਾਨ ਨਿਸ਼ਚਿਤ ਕਰਨ ਦੇ ਆਦੇਸ਼ ਵੀ ਦਿੱਤੇ ਗਏ। ਉਨ੍ਹਾਂ ਕਿਹਾ ਕਿ ਜਲਦੀ ਹੀ ਹਸਪਤਾਲ ਅੰਦਰ ਮਲਟੀਲੈਵਲ ਪਾਰਕਿੰਗ ਵੀ ਬਣਾਈ ਜਾਵੇਗੀ।ਡਿਪਟੀ ਕਮਿਸ਼ਨਰ ਨੇ ਸੜਕਾਂ ਦੇ ਨਾਲ ਕੱਚੇ ਸਥਾਨ ਉਪਰ ਟਾਈਲਾਂ ਲਗਾਉਣ ਲਈ ਵੀ ਕਿਹਾ ਅਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੇ ਬੈਠਣ ਲਈ ਹਸਪਤਾਲ ਅੰਦਰ ਸਾਫ਼ ਸੁਥਰੇ ਪਾਰਕ ਬਣਾਉਣ ਦੇ ਵੀ ਆਦੇਸ਼ ਦਿੱਤੇ। ਉਨ੍ਹਾਂ ਪਾਰਕਿੰਗ ਦੇ ਠੇਕੇਦਾਰ ਨੂੰ ਵੀ ਹਦਾਇਤ ਕੀਤੀ ਕਿ ਉਹ ਸਰਕਾਰ ਦੁਆਰਾ ਨਿਸ਼ਚਿਤ ਫ਼ੀਸ ਦੀ ਲਿਸਟ ਪਾਰਕਿੰਗ ਸਟੈਂਡ ਦੇ ਬਾਹਰ ਲਗਾਉਣ ਨੂੰ ਯਕੀਨੀ ਬਣਾਉਣ।ਇਸ ਮੌਕੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ਼੍ਰੀ ਅੰਕੁਰ ਮਹਿੰਦਰੂ, ਪੀ.ਡਬਲਿਊ.ਡੀ. ਦੇ ਐਕਸੀਅਨ ਸ਼੍ਰੀ ਨਵੀਨ ਮਿੱਤਲ, ਐਸ.ਡੀ.ਓ. ਹਰੀਸ਼ ਗੋਇਲ ਅਤੇ ਸੀ.ਏ. ਪੁੱਡਾ ਹਰਪ੍ਰੀਤ ਸਿੰਘ ਸੂਦਨ ਸਮੇਤ ਵੱਖ-ਵੱਖ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।