ਪੰਜਾਬ ਦੇ ਨੀਮ ਪਹਾੜੀ ਖੇਤਰ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸੂਰ ਫਾਰਮਿੰਗ, ਬੱਕਰੀ ਪਾਲਣ ਅਤੇ ਮੁਰਗੀ ਪਾਲਣ ਧੰਦੇ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਮੁਫਤ ਸਿਖਲਾਈ ਦੇ ਕੇ ਉਨ੍ਹਾਂ ਨੂੰ ਸਹਾਇਕ ਧੰਦਿਆ ਲਈ ਘੱਟ ਵਿਆਜ ਦਰ ਤੇ ਕਰਜੇ ਵੀ ਮੁਹੱਈਆ ਕਰਵਾਏ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸਰਦਾਰ ਬਲਬੀਰ ਸਿੰਘ ਸਿੱਧੂ ਨੇ ਪਿੰਡ ਪੜਛ ਵਿਖੇ ਨਾਢਾ ਅਤੇ ਪਿੰਡ ਪੜਛ ਦੇ 63 ਨੌਜਵਾਨਾਂ ਨੂੰ ਜਿਨ੍ਹਾਂ ਨੂੰ ਕੇ ਪਸ਼ੂ ਪਾਲਣ ਵਿਭਾਗ ਵੱਲੋਂ ਸਹਾਇਕ ਧੰਦਿਆਂ ਦੀ ਸਿਖਲਾਈ ਦਿੱਤੀ ਗਈ ਹੈ ਨੂੰ ਸਰਟੀਫਿਕੇਟ ਵੰਡਣ ਮੌਕੇ ਆਪਣੇ ਸੰਬੋਧਨ ਵਿਚ ਕੀਤਾ। ਸ੍ਰੀ ਸਿੱਧੂ ਨੇ ਕਿਹਾ ਕਿ ਇਹ ਇਲਾਕਾ ਚੰਡੀਗੜ੍ਹ ਅਤੇ ਮੋਹਾਲੀ ਦੇ ਨੇੜੇ ਹੋਣ ਕਾਰਣ ਇਥੇ ਮੁਰਗੀ ਪਾਲਣ , ਸੂਰ ਪਾਲਣ ਅਤੇ ਬੱਕਰੀ ਪਾਲਣ ਦਾ ਧੰਦਾ ਲਾਹੇਬੰਦ ਸਾਬਤ ਹੋਏਗਾ। ਇਨ੍ਹਾਂ ਦਾ ਮੀਟ ਦੂਜੇ ਰਾਜਾਂ ਨੂੰ ਵੀ ਭੇਜਿਆ ਜਾਵੇਗਾ ਜਿਸ ਲਈ ਜਲਦੀ ਹੀ ਮੀਟ ਪ੍ਰੋਸੈਸਿੰਗ ਪਲਾਂਟ ਵੀ ਲਗਾਇਆ ਜਾਵੇਗਾ। ਸ੍ਰੀ ਸਿੱਧੁੂ ਨੇ ਸਿਖਲਾਈ ਪ੍ਰਾਪਤ ਕਰਨ ਵਾਲੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਖਿਆ ਕਿ ਪਰਿਵਾਰਾਂ ਵਿਚ ਦਿਨ ਪ੍ਰਤੀ ਦਿਨ ਜ਼ਮੀਨਾਂ ਦੀ ਵੰਡ ਹੋਣ ਕਾਰਣ ਜ਼ਮੀਨਾਂ ਘੱਟਦੀਆਂ ਜਾ ਰਹੀਆਂ ਹਨ ਇਸ ਲਈ ਖਾਸ ਕਰਕੇ ਨੀਮ ਪਹਾੜੀ ਖੇਤਰ ਦੇ ਨੌਜਵਾਨਾ ਨੂੰ ਇਹ ਸਹਾਇਕ ਧੰਦੇ ਅਪਣਾਉਣੇ ਪੈਣਗੇ ।

ਇਸ ਨਾਲ ਉਨ੍ਹਾਂ ਨੂੰ ਆਮਦਨ ਦੇ ਵਸੀਲੇ ਪੈਦਾ ਹੋਣਗੇ ਅਤੇ ਪਰਿਵਾਰਾਂ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਹੋ ਸਕੇਗਾ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਰਾਜ ਦੇ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਅਤੇ ਮੱਛੀ ਪਾਲਣ ਤੋਂ ਇਲਾਵਾ ਇਨ੍ਹਾਂ ਸਹਾਇਕ ਧੰਦਿਆ ਵੱਲ ਵੀ ਪ੍ਰੇਰਿਤ ਕਰੇਗਾ ਤਾਂ ਜੋ ਕਿਸਾਨ ਇਨ੍ਹਾਂ ਧੰਦਿਆਂ ਨਾਲ ਵੀ ਮੁਨਾਫਾ ਕਮਾ ਸਕਣ। ਇਸ ਮੌਕੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਸ. ਅਮਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਪੜਛ ਅਤੇ ਨਾਢਾ ਦੇ ਬੇਰੁਜ਼ਗਾਰ ਨੌਜਵਾਨਾ ਨੂੰ ਸੂਰ, ਬੱਕਰੀ ਫਾਰਮ, ਮੁਰਗੀ ਪਾਲਣ ਧੰਦੇ ਲਈ ਇਕ ਹਫਤੇ ਦਾ ਸਿਖਲਾਈ ਕੋਰਸ ਕਰਵਾਇਆ ਗਿਆ। ਜਿਸ ਵਿਚ ਪਸ਼ੂ ਪਾਲਣ ਵਿਭਾਗ ਦੇ ਮਾਹਿਰਾਂ ਵੱਲੋਂ ਉਨ੍ਹਾਂ ਨੂੰ ਸਹਾਇਕ ਧੰਦਿਆਂ ਦੀ ਤਕਨੀਕੀ ਸਿਖਲਾਈ ਦਿੱਤੀ ਗਈ। ਉਨ੍ਹਾ ਕਿਹਾ ਕਿ ਪਸ਼ੂ ਪਾਲਣ ਵਿਭਾਗ ਸਿਖਲਾਈ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਸਮੇਂ- ਸਮੇਂ ਤੇ ਇਨ੍ਹਾਂ ਸਹਾਇਕ ਧੰਦਿਆਂ ਸਬੰਧੀ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਦਾਂ ਰਹੇਗਾ ਅਤੇ ਨੀਮ ਪਹਾੜੀ ਖੇਤਰ ਚ ਇਨ੍ਹਾਂ ਧੰਦਿਆਂ ਨੂੰ ਉਤਸ਼ਾਹਤ ਕਰੇਗਾ। ਇਸ ਮੌਕੇ ਸ੍ਰੀ ਸਿੱਧੂ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਮਲਕੀਤ ਸਿੰਘ, ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਪਰਮਾਤਮਾ ਸਰੂਪ, ਭੁਪਿੰਦਰ ਸਿੰਘ ਰੋਨੀ, ਡਾ.ਲੋਕਰਾਜ ਗੋਇਲ, ਡਾ. ਪ੍ਰਿੰਕਾ, ਡਾ. ਅੰਤਰਪ੍ਰੀਤ ਤੁਰ, ਡਾ. ਗਰੁਮੀਤ ਕੌਰ, ਡਾ ਸੰਗੀਤਾ ਤੁੂਰ ਸਮੇਤ ਪਸ਼ੂ ਪਾਲਣ ਵਿਭਾਗ ਦੇ ਹੋਰ ਅਧਿਕਾਰੀ ਤੇ ਇਲਾਕੇ ਦੇ ਪਤਵੰਤੇ ਮੌਜੂਦ ਸਨ।