ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਵਿਰੁੱਧ ਆਰੰਭੀ ਗਈ ਮੁਹਿੰਮ ਤਹਿਤ ਸੀ.ਆਈ.ਏ.ਸਟਾਫ ਐਸ.ਏ.ਐਸ ਨਗਰ ਦੀ ਪੁਲਿਸ ਵਲੋਂ ਅਫੀਮ ਦੀ ਸਮੱਗਲਿੰਗ ਕਰਨ ਵਾਲੇ 2 ਵਿਆਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 20 ਕਿਲੋ 500 ਗ੍ਰਾਮ ਅਫੀਮ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਪੁਲਿਸ ਮੁੱਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਹੈ ਕਿ ਇੰਸਪੈਕਟਰ ਗੁਰਚਰਨ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਐਸ.ਏ.ਐਸ ਨਗਰ ਨੂੰ ਖੁਫੀਆ ਤੌਰ ਤੇ ਇਤਲਾਹ ਮਿਲੀ ਸੀ ਕਿ ਰਾਜਸਥਾਨ ਦੇ ਬੈਨੀ ਰਾਮ ਵਾਸੀ ਬਾਸੋਡਾ ਥਾਣਾ ਬਦੇਸਰ ਜਿਲਾ ਚਿਤੌੜਗੜ੍ਹ ਜੋ ਕਿ ਪੰਜਾਬ ਵਿੱਚ ਟਰਾਂਸਪੋਰਟ ਦੀ ਆਡ ਵਿੱਚ ਗੱਡੀਆਂ ਰਾਹੀਂ ਆਪਣੇ ਪੱਕੇ ਡਰਾਇਵਰਾਂ ਨੂੰ ਭੇਜ ਕੇ ਅਫੀਮ ਦੀ ਸਮੱਗਲਿੰਗ ਕਰਾਉਂਦਾ ਹੈ ਵਲੋਂ ਭੇਜੇ ਵਿਆਕਤੀ ਅਫੀਮ ਦੀ ਭਾਰੀ ਮਾਤਰਾ ਵਿਚ ਸਪਲਾਈ ਦੇਣ ਲਈ ਗੱਡੀ ਨੰ: ਆਰ.ਜੇ -27 ਜੀ ਸੀ-4010 ( RJ-27 –GC -4010 ) ਰਾਹੀ ਪੰਜਾਬ ਆ ਰਹੇ ਹਨ।
ਮੁਖਬਰੀ ਦੇ ਆਧਾਰ ਤੇ ਮੁਕੱਦਮਾ ਨੰਬਰ 157 ਮਿਤੀ 06.09.13 ਅ/ਧ 18,61,85 ਐਨ.ਡੀ.ਪੀ.ਐਸ.ਐਕਟ ਥਾਣਾ ਸਿਟੀ ਖਰੜ ਵਿਖੇ ਦਰਜ ਰਜਿਸਟਰ ਕਰਕੇ ਜੀ.ਟੀ.ਰੋਡ ਖਰੜ- ਰੋਪੜ ਤੇ ਕੇ.ਟੀ.ਐਮ. ਮਿਲ ਖਰੜ ਵਿਖੇ ਨਾਕਾਬੰਦੀ ਦੌਰਾਨ ਸੀ.ਆਈ.ਏ.ਸਟਾਫ ਦੀ ਪੁਲਿਸ ਵਲੋਂ ਗੱਡੀ ਨੰਬਰ ਆਰ ਜੇ-27-GC-4010 (ਟਾਟਾ-1109) ਨੂੰ ਰੋਕ ਕੇ ਦੋ ਵਿਆਕਤੀਆਂ ਨੂੰ ਕਾਬੂ ਕੀਤਾ ਅਤੇ ਗੱਡੀ ਦੀ ਤਲਾਸ਼ੀ ਲੈਣ ਤੇ ਇਨਾਂ ਪਾਸੋਂ ਗੱਡੀ ਵਿਚੋਂ ਅਫੀਮ ਬ੍ਰਾਮਦ ਹੋਈ। ਮੌਕੇ ਤੇ ਸ੍ਰੀ ਤੇਜਿੰਦਰ ਸਿੰਘ, ਡੀ.ਐਸ.ਪੀ.(ਡੀ) ਐਸ.ਏ.ਐਸ ਨਗਰ ਨੂੰ ਬੁਲਾਇਆ ਗਿਆ, ਬ੍ਰਾਮਦ ਅਫੀਮ ਦਾ ਵਜਨ ਕਰਨ ਤੇ 20 ਕਿਲੋ 500 ਗ੍ਰਾਮ ਅਫੀਮ ਹੋਈ। ਇਹਨਾਂ ਵਿਆਕਤੀਆਂ ਨੇ ਉਕੱਤ ਗੱਡੀ ਵਿੱਚ ਰਾਜਸਥਾਨ ਤੋਂ ਬੱਦੀ (ਹਿਮਾਚਲ ਪ੍ਰਦੇਸ) ਲਈ ਇਲੈਕਟਰੋਨਿਕਸ ਦੇ ਪਾਰਟਸ ਲੋਡ ਕੀਤੇ ਹੋਏ ਸਨ ਅਤੇ ਅਫੀਮ ਦੀ ਸਪਲਾਈ ਪੰਜਾਬ ਜਾਂ ਹਿਮਾਚਲ ਵਿੱਚ ਦੇਣੀ ਸੀ। ਗ੍ਰਿਫਤਾਰ ਕੀਤੇ ਗਏ ਵਿਆਕਤੀ ਰਾਜਸਥਾਨ ਦੇ ਹਨ ਅਤੇ ਇਨਾਂ ਦੀ ਪਛਾਣ ਮਦਨ ਲਾਲ ਜੱਟੀਆਂ (35) ਪੁੱਤਰ ਹਜਾਰੀ ਲਾਲ ਜੱਟੀਆਂ ਵਾਸੀ ਕੇਸਰ ਖੇੜੀ, ਤਹਿਸੀਲ ਬਦੇਸਰ ਜਿਲਾ ਚਿਤੌੜਗੜ੍ਹ ਅਤੇ ਰਾਜ ਮੱਲ ਅਚਾਰੀਆ (36) ਪੁੱਤਰ ਕ੍ਰਿਸ਼ਨ ਲਾਲ ਅਚਾਰੀਆ ਵਾਸੀ ਬੜਾ ਰਾਜਪੁਰਾ ਤਹਿਸੀਲ ਬਲੱਭ ਨਗਰ, ਜਿਲਾ ਉਦੈਪੁਰ ਵਜੋ ਹੋਈ ਹੈ।
ਗ੍ਰਿਫਤਾਰ ਕੀਤੇ ਗਏ ਵਿਆਕਤੀਆਂ ਪਾਸੋਂ ਮੁੱਢਲੀ ਪੁੱਛਗਿੱਛ ਕਰਨ ਤੋਂ ਪਤਾ ਲੱਗਿਆ ਹੈ ਕਿ ਇਹਨਾ ਦਾ ਮਾਲਕ ਬੈਨੀ ਰਾਮ ਰਾਜਸਥਾਨ ਵਿੱਚ ਹੋਟਲ ਚਲਾ ਰਿਹਾ ਹੈ। ਇਹਨਾ ਦਾ ਪੰਜਾਬ ਜਾਂ ਹੋਰ ਰਾਜਾਂ ਵਿਚ ਸਮੱਗਲਿੰਗ ਕਰਨ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਕਿਹੜੇ ਕਿਹੜੇ ਸਮੱਗਲਰ ਉਸ ਨਾਲ ਸਪੰਰਕ ਵਿਚ ਹਨ। ਇਹਨਾਂ ਵਲੋ ਪਹਿਲਾਂ ਵੀ ਦਿੱਤੀ ਸਪਲਾਈ ਬਾਰੇ ਪਤਾ ਕੀਤਾ ਜਾ ਰਿਹਾ ਹੈ। ਮੁਕੱਦਮੇ ਦੀ ਤਫਤੀਸ਼ ਸ੍ਰੀ ਬਲਵਿੰਦਰ ਸਿੰਘ ਐਸ.ਪੀ (ਡੀ ) ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ।