ਜ਼ਿਲ੍ਹੇ ਦੇ ਬੈਂਕਾਂ ਵਲੋਂ ਤਰਜੀਹੀ ਖੇਤਰ ਵਿਚ ਚਾਲੂ ਮਾਲੀ ਸਾਲ ਦੌਰਾਨ ਹੁਣ ਤੱਕ 708 ਕਰੋੜ ਰੁਪਏ ਦੇ ਕਰਜੇ ਵੰਡੇ ਗਏ ਹਨ। ਜਿਨ੍ਹਾਂ ਵਿਚੋਂ 251 ਕਰੋੜ ਰੁਪਏ ਖੇਤੀਬਾੜੀ ਲਈ , 239 ਕਰੋੜ ਰੁਪਏ ਸੂਖਮ ਤੇ ਲਘੂ ਉੁਦਯੋਗਾਂ ਲਈ ਅਤੇ 218 ਕਰੋੜ ਰੁਪਏ ਮਕਾਨ ਬਣਾਉਣ, ਐਜੂਕੇਸ਼ਨ ਲੋਨ ਅਤੇ ਹੋਰ ਤਰਜੀਹੀ ਖੇਤਰਾਂ ਨੂੰ ਪ੍ਰਦਾਨ ਕੀਤੇ ਗਏ। ਇਸ ਗੱਲ ਦੀ ਜਾਣਕਾਰੀ ਦਿੰਦਿਆ ਪੰਜਾਬ ਨੈਸ਼ਨਲ ਬੈਂਕ(ਲੀਡ ਬੈਂਕ) ਮੋਹਾਲੀ ਦੀ 29ਵੀਂ ਜਿਲਾ੍ਹ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਬੈਂਕਾਂ ਵੱਲੋਂ ਸਾਲਾਨਾ ਰਿਣ ਯੋਜਨਾ ਦੇ ਅਧੀਨ ਦਿੱਤੇ ਗਏ ਟੀਚਿਆਂ ਲਈ ਸ਼ਲਾਘਾਯੋਗ ਕੰਮ ਕੀਤਾ ਹੈ।ਸ੍ਰੀ ਸਿੱਧੂ ਨੇ ਇਸ ਮੌਕੇ ਬੈਂਕਾਂ ਨੂੰ ਕਿਹਾ ਕਿ ਉਹ ਖੇਤੀਬਾੜੀ ਖੇਤਰ ਅਤੇ ਡੇਅਰੀ ਵਿਕਾਸ ਤੇ ਜ਼ਿਆਦਾ ਧਿਆਨ ਦੇਣ , ਜਿਸ ਨਾਲ ਨੌਜਵਾਨਾਂ ਨੂੰ ਵਧੇਰੇ ਰੋਜ਼ਗਾਰ ਮਿਲੇਗਾ । ਉਨ੍ਹਾਂ ਹੋਰ ਕਿਹਾ ਕਿ ਸੈਲਫ ਹੈਲਪ ਗਰੁੱਪਾਂ ਨੂੰ ਵੀ ਘੱਟ ਵਿਆਜ ਦਰ ਤੇ ਕਰਜੇ ਮੁਹੱਈਆਂ ਕਰਵਾਏ ਜਾਣ ਤਾਂ ਜੋ ਸੈਲਫ ਹੈਲਪ ਗਰੁੱਪ ਸਹਾਇਕ ਧੰਦੇ ਸ਼ੁਰੂ ਕਰਕੇ ਰੋਜ਼ਗਾਰ ਹਾਸਿਲ ਕਰ ਸਕਣ । ਇਸ ਤੋਂ ਇਲਾਵਾ ਸ੍ਰੀ ਸਿੱਧੂ ਨੇ ਕਿਹਾ ਕਿ ਬੈਂਕ ਐਜੂਕੇਸ਼ਨ ਲੋਨ ਸਕੀਮ ਅਧੀਨ ਬਿਨ੍ਹਾਂ ਕਿਸੇ ਦੇਰੀ ਤੋਂ ਲੋਨ ਮਨਜੂਰ ਕਰਨ ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬੈਂਕ ਅਧਿਕਾਰੀਆਂ ਨੂੰ ਜੋਰ ਦੇ ਕੇ ਆਖਿਆ ਕਿ ਜ਼ਿਲ੍ਹੇ 'ਚ ਵੱਧ ਤੋਂ ਵੱਧ ਕਿਸਾਨਾਂ ਦੇ ਕਿਸਾਨ ਕਰੈਡਿਟ ਕਾਰਡ ਬਣਾਉਣ ਅਤੇ ਬਿਨ੍ਹਾ ਕਿਸੇ ਦੇਰੀ ਤੋਂ ਟੀਚਿੱਆ ਨੂੰ ਮੁਕੰਮਲ ਕੀਤਾ ਜਾਵੇ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਫਾਰਮਜ਼ ਕਲੱਬ ਵੀ ਵੱਧ ਤੋਂ ਵੱਧ ਬਣਾਉਣ ਲਈ ਆਖਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪੁਨੀਤ ਗੋਇਲ ਨੇ ਕਿਹਾ ਕਿ ਬੈਂਕਾਂ ਨੂੰ ਇਲੈਕਟ੍ਰੋਨਿਕ ਵੈਨੀਫਿਟ ਟਰਾਂਸਫਰ ਸਕੀਮ ਨੂੰ ਲਾਗੂ ਕਰਨ ਵਿੱਚ ਪੁਰੀ ਸਿੱਦਤ ਨਾਲ ਕੰਮ ਕਰਨਾ ਚਾਹੀਦਾ ਹੈ। ਮੀਟਿੰਗ ਨੂੰ ਵਧੀਕ ਡਿਪਟੀ ਕਮਿਸ਼ਨਰ ( ਜਨਰਲ) ਸ੍ਰੀ ਪ੍ਰਵੀਨ ਕੁਮਾਰ ਥਿੰਦ ਨੇ ਵੀ ਸੰਬੋਧਨ ਕੀਤਾ।
ਮੀਟਿੰਗ ਦੌਰਾਨ ਡੀ.ਜੀ.ਐਮ .ਪੰਜਾਬ ਨੈਸ਼ਨਲ ਬੈਂਕ ਸ਼੍ਰੀ ਡੀ.ਕੇ. ਸ਼ਰਮਾ ਨੇ ਜਿਲ੍ਹੇ ਦੇ ਬੈਂਕਾਂ ਦੀ ਚੰਗੀ ਕਾਰ ਗੁਜਾਰੀ ਦੀ ਸ਼ਲਾਘਾ ਕੀਤੀ। ਉਨਾਂ ਦੱਸਿਆ ਕਿ ਜਿਲ੍ਹੇ ਦੀ 2013-14 ਦੀ 3000 ਕਰੋੜ ਰੁਪਏ ਦੀ ਰਿਣ ਯੋਜਨਾ ਨੂੰ ਲਾਗੂ ਕਰ ਦਿੱਤਾ ਗਿਆ ਹੈ।ਮੀਟਿੰਗ ਵਿਚ ਸ੍ਰੀ ਵਰਿਆਮ ਸਿੰਘ ਚੀਫ ਲੀਡ ਜ਼ਿਲ੍ਹਾ ਮੈਨੇਜਰ ਨੇ ਬੈਂਕਾਂ ਵੱਲੋਂ ਕੀਤੇ ਪ੍ਰਾਪਤ ਟੀਚਿੱਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਅਤੇ ਵੱਖ ਵੱਖ ਬੈਂਕਾਂ ਦੇ ਅਧਿਕਾਰੀ ਅਤੇ ਮੈਨੇਜਰ ਵੀ ਮੌਜੂਦ ਸਨ।