23 ਮਾਰਚ ਨੂੰ ਹੁਸੈਨੀਵਾਲਾ ਵਿਖੇ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਮਨਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਨੂੰ ਸਮਰਪਿਤ ਯੁਵਾ ਸਸ਼ਕਤੀਕਰਨ ਦਿਵਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨਗੇ। ਇਹ ਜਾਣਕਾਰੀ ਫ਼ਿਰੋਜ਼ਪੁਰ/ਫ਼ਰੀਦਕੋਟ ਡਵੀਜ਼ਨ ਦੇ ਕਮਿਸ਼ਨਰ ਸੁਮੇਰ ਸਿੰਘ ਗੁਰਜਰ ਨੇ ਸ਼ਹੀਦੀ ਸਮਾਰਕ ਤੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਮੌਕੇ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਐਮ.ਐਸ. ਛੀਨਾ ਆਈ.ਜੀ ਬਠਿੰਡਾ ਫ਼ਿਰੋਜ਼ਪੁਰ ਰੇਂਜ, ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ ਆਈ.ਏ.ਐੱਸ, ਸ਼੍ਰੀ ਰਜਿੰਦਰ ਸਿੰਘ ਡੀ.ਆਈ.ਜੀ ਫ਼ਿਰੋਜ਼ਪੁਰ ਰੇਂਜ, ਅਤੇ ਐਸ.ਐਸ.ਪੀ ਸ੍ਰ: ਪ੍ਰੀਤਮ ਸਿੰਘ ਵੀ ਹਾਜ਼ਰ ਸਨ। ਸ਼੍ਰੀ ਸੁਮੇਰ ਗੁਰਜ਼ਰ ਨੇ ਦੱਸਿਆ ਕਿ ਇਸ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 23 ਮਾਰਚ ਸ਼ਹੀਦੀ ਦਿਵਸ ਨੂੰ ਯੁਵਾ ਸਸ਼ਕਤੀਕਰਨ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ। ਜਿਸ ਤਹਿਤ ਹੁਸੈਨੀਵਾਲਾ ਸ਼ਹੀਦੀ ਸਮਾਰਕ ਤੇ ਰਾਜ ਪੱਧਰੀ ਸਮਾਗਮ ਨੂੰ ਯੁਵਾ ਸਸ਼ਕਤੀਕਰਨ ਦਿਵਸ ਵਜੋਂ ਬੜੇ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬ ਦੇ ਖ਼ਜ਼ਾਨਾ ਮੰਤਰੀ ਸ੍ਰ: ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਤੋਂ ਇਲਾਵਾ ਕ੍ਰਾਂਤੀਕਾਰੀ ਬੀ.ਕੇ ਦੱਤ ਦੀ ਬੇਟੀ ਸ਼੍ਰੀਮਤੀ ਭਾਰਤੀ ਦੱਤ ਬਾਗਚੀ ਵੀ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸਜਦਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 23 ਮਾਰਚ ਨੂੰ ਖਟਕੜ ਕਲ੍ਹਾਂ ਵਿਖੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇੱਕ ਸਹੁੰ ਚੁੱਕ ਸਮਾਗਮ ਵੀ ਕੀਤਾ ਜਾਣਾ ਹੈ, ਜਿਸ ਵਿਚ ਮੁੱਖ ਮੰਤਰੀ ਵੱਲੋਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ, ਜਿਸ ਦਾ ਸਮਾਗਮ ਵਾਲੀ ਥਾਂ ਤੇ ਸਿੱਧਾ ਪ੍ਰਸਾਰਨ ਐਲ.ਈ.ਡੀ ਸਕਰੀਨਾਂ ਦੁਆਰਾ ਵਿਖਾਇਆ ਜਾਵੇਗਾ। ਇਸ ਤੋਂ ਇਲਾਵਾ ਮੌਕੇ ਤੇ ਹੀ ਲੋਕਾਂ ਦੇ ਡੈਪੋ ਫਾਰਮ ਵੀ ਭਰਵਾਉਣ ਲਈ ਸਮਾਗਮ ਵਿਖੇ 3 ਕਾਊਂਟਰ ਵੀ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਨਸ਼ਾ ਰੋਕਥਾਮ ਮੁਹਿੰਮ ਨਾਲ ਜੋੜਿਆ ਜਾ ਸਕੇ ਤੇ ਇੱਕ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਉਨ੍ਹਾਂ ਨੇ ਦੱਸਿਆ ਕਿ 23 ਮਾਰਚ ਨੂੰ ਮਨਾਏ ਜਾ ਰਹੇ ਰਾਜ ਪੱਧਰੀ ਸਮਾਗਮ ਵਿੱਚ ਸ਼ਹੀਦਾਂ ਦੇ ਪਰਿਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਇਸ ਸਮੁੱਚੇ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੂਰੀ ਨਿਸ਼ਠਾ ਨਾਲ ਆਪਣੇ ਫ਼ਰਜ਼ ਨਿਭਾਉਣ ਲਈ ਕਿਹਾ ਤਾਂ ਜੋ ਸਮਾਗਮ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਵੇ ਤੇ ਇਸ ਸਮਾਗਮ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸਮਾਗਮ ਵਿਚ ਸ਼ਿਰਕਤ ਕਰਨ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ। ਇਸ ਮੌਕੇ ਆਈ.ਜੀ ਐਮ.ਐਸ. ਛੀਨਾ ਨੇ ਦੱਸਿਆ ਕਿ ਇਸ ਯੁਵਾ ਸਸ਼ਕਤੀਕਰਨ ਦਿਵਸ ਮੌਕੇ ਨਸ਼ਾ ਵਿਰੋਧੀ ਕਮੇਟੀਆਂ (ਡੈਪੋ) ਦੇ 5000 ਤੋਂ ਵੱਧ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ ਜੋ ਕਿ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਿਆਂ ਚ ਫਸੇ ਲੋਕਾਂ ਨੂੰ ਬਚਾਉਣ ਲਈ ਜਾਗਰੂਕ ਕਰਨਗੇ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਰਾਜ ਪੱਧਰੀ ਸਮਾਗਮ ਵਿਚ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਟ੍ਰੈਫਿਕ ਪ੍ਰਬੰਧ ਵੀ ਸੁਚਾਰੂ ਢੰਗ ਨਾਲ ਕੀਤੇ ਗਏ ਹਨ ਤਾਂ ਜੋ ਇਸ ਸਮਾਗਮ ਵਿਚ ਪਹੁੰਚਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ ਆਈ.ਏ.ਐੱਸ. ਨੇ ਦੱਸਿਆ ਕਿ ਸਮਾਗਮ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਸਮਾਗਮ ਵਿਚ ਧਾਰਮਿਕ, ਦੇਸ਼-ਭਗਤੀ ਆਦਿ ਪ੍ਰੋਗਰਾਮਾਂ ਦਾ ਵੀ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਵਿਚ ਲੋਕਾਂ ਦੇ ਆਉਣ-ਜਾਣ ਦੀ ਸਹੂਲਤ ਲਈ ਫ਼ਿਰੋਜ਼ਪੁਰ ਛਾਉਣੀ ਤੇ ਫ਼ਿਰੋਜ਼ਪੁਰ ਸ਼ਹਿਰ ਤੋਂ ਹੁਸੈਨੀਵਾਲਾ ਲਈ ਵਿਸ਼ੇਸ਼ ਬੱਸਾਂ ਅਤੇ ਰੇਲ-ਗੱਡੀਆਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਨੰਬਰ 01632-280161 ਹੈ, ਜਿਸ ਤੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਜਾ ਸਕਦੀ ਹੈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ, ਐਸ.ਡੀ.ਐਮ ਸ੍ਰ: ਹਰਜੀਤ ਸਿੰਘ ਸੰਧੂ, ਸਹਾਇਕ ਕਮਿਸ਼ਨਰ ਸ੍ਰ: ਰਣਜੀਤ ਸਿੰਘ ਸਮੇਤ ਸਬੰਧਤ ਵਿਭਾਗਾਂ ਦੇ ਸਿਵਲ ਤੇ ਪੁਲਿਸ ਅਧਿਕਾਰੀ ਹਾਜ਼ਰ ਸਨ।