ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਸਭ ਲਈ ਘਰ ਮਿਸ਼ਨ ਨੂੰ ਪੂਰਾ ਕਰਨ ਲਈ ਸ਼ਹਿਰੀ ਗਰੀਬਾਂ ਲਈ ਕਫਾਇਤੀ ਘਰ ਸਕੀਮ ਅਧੀਨ ਡਿਮਾਂਡ ਸਰਵੇਖਣ ਸ਼ੁਰੂ ਕੀਤਾ ਗਿਆ ਸੀ । ਇਸ ਸਕੀਮ ਅਧੀਨ ਸ਼ਹਿਰੀ ਬੇਘਰ ਐਸ.ਸੀ./ਬੀ.ਸੀ. ਪਰਿਵਾਰਾਂ ਵੱਲੋਂ ਸਬੰਧਤ ਨਗਰ ਕੌਂਸਲ ਦੇ ਦਫ਼ਤਰ ਵਿਖੇ ਆਪਣੇ ਫਾਰਮ ਜਮ੍ਹਾਂ ਕਰਵਾਏ ਗਏ ਹਨ ਤਾਂ ਜੋ ਜ਼ਿਲ੍ਹੇ ਦੇ ਲੋੜਵੰਦ ਬੇਘਰੇ ਲੋਕਾਂ ਨੂੰ ਆਪਣਾ ਘਰ ਮੁਹੱਈਆ ਹੋ ਸਕੇ। ਪੰਜਾਬ ਸ਼ਹਿਰੀ ਅਵਾਸ ਯੋਜਨਾ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਸਕੀਮ ਦਾ ਲਾਭ ਲੈਣ ਦੇ ਚਾਹਵਾਨ ਲਾਭਪਾਤਰ ਦਾ ਪੰਜਾਬ ਜਾਂ ਭਾਰਤ ਵਿੱਚ ਕਿਸੇ ਵੀ ਥਾਂ ਤੇ ਉਸਦੇ ਆਪਣੇ ਜਾਂ ਉਸ ਦੇ ਪਰਿਵਾਰਕ ਮੈਂਬਰ ਦੇ ਨਾਮ ਤੇ ਕੋਈ ਮਕਾਨ ਜਾਂ ਪਲਾਟ ਨਹੀਂ ਹੋਣਾ ਚਾਹੀਦਾ ਅਤੇ ਲਾਭਪਾਤਰ 10 ਸਾਲ ਤੋਂ ਜਿਆਦਾ ਸਮੇਂ ਤੱਕ ਪੰਜਾਬ ਵਿੱਚ ਰਹਿ ਰਿਹਾ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਕੀਮ ਅਧੀਨ ਪੰਜਾਬ ਵਿੱਚ ਪੈਦਾ ਹੋਏ ਲਾਭਪਾਤਰੀ ਨੂੰ ਤਰਜੀਹ ਦਿੱਤੀ ਜਾਵੇਗੀ।ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿਚ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਕਾਨ ਲੈਣ ਲਈ ਅਪਲਾਈ ਕੀਤੇ ਫਾਰਮ ਦੇ ਨਾਲ ਅਧਿਕਾਰਤ ਸਰਕਾਰੀ ਵਿਭਾਗਾਂ ਤੋਂ ਪ੍ਰਮਾਣਿਤ ਜਾਤੀ ਦਾ ਸਰਟੀਫਿਕੇਟ ਤੇ ਪੰਜਾਬ ਅੰਦਰ 10 ਸਾਲ ਤੱਕ ਰਹਿਣ ਦਾ ਸਰਟੀਫਿਕੇਟ, ਆਧਾਰ ਕਾਰਡ, ਸਲਾਨਾਂ ਪਰਿਵਾਰਕ ਆਮਦਨ ਦਾ ਸਵੈ ਘੋਸ਼ਣਾ ਪੱਤਰ ਅਤੇ ਲਾਭਪਾਤਰ ਦਾ ਆਪਣੇ ਅਤੇ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਮ ਕੋਈ ਮਕਾਨ ਜਾਂ ਪਲਾਟ ਨਾ ਹੋਣ ਦਾ ਲਗਾਏ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ 31 ਦਸਬੰਰ ਤੱਕ ਮੁਕਮੰਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿਚ ਕਾਰਜ ਸਾਧਕ ਅਫਸਰ ਵੈਰੀਫਿਕੇਸ਼ਨ ਦਾ ਕੰਮ ਮੁਕਮੰਲ ਕਰਨਗੇ । ਉਨਾਂ੍ਹ ਦੱਸਿਆ ਕਿ ਸਕੀਮ ਅਧੀਨ ਸਲਾਨਾਂ ਆਮਦਨ ਦੇ ਅਧਾਰ ਤੇ ਲੋੜਵੰਦ ਪਰਿਵਾਰਾਂ ਨੂੰ ਮਕਾਨ ਲਈ ਘੱਟ ਵਿਆਜ ਦਰ 'ਤੇ ਅਸਾਨ ਕਿਸ਼ਤਾਂ ਤੇ ਬੈਂਕ ਕਰਜੇ ਵੀ ਮੁਹੱਈਆ ਕਰਵਾਏ ਜਾਣਗੇ।ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਜੀਵ ਗਰਗ, ਐਸ.ਡੀ.ਐਮ ਖਰੜ ਸ੍ਰੀਮਤੀ ਅਮਨਿੰਦਰ ਕੌਰ, ਐਸ.ਡੀ.ਐਮ ਮੋਹਾਲੀ ਡਾ. ਰੁਪਿੰਦਰਪਾਲ ਸਿੰਘ, ਐਸ.ਡੀ.ਐਮ ਡੇਰਾਬਸੀ ਸ੍ਰੀ ਪਰਮਪਾਲ ਸਿੰਘ, ਐਕਸੀਅਨ ਨਗਰ ਨਿਗਮ ਨਰਿੰਦਰ ਸਿੰਘ ਦਾਲਮ, ਜ਼ਿਲ੍ਹਾ ਫੁਡ ਸਪਲਾਈ ਕੰਟਰੋਲਰ ਸ੍ਰੀਮਤੀ ਹਰਜੀਤ ਕੌਰ, ਜਨਰਲ ਮੈਨੇਜਰ ਉਦਯੋਗਿਕ ਕੇਂਦਰ ਚਮਨ ਲਾਲ ਗਰਗ, ਲੀਡ ਬੈਂਕ ਜ਼ਿਲ੍ਹਾ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਸ੍ਰੀ ਆਰ.ਕੇ. ਸੈਣੀ ਸਮੇਤ ਸਮੂਹ ਕਾਰਜਸਾਧਕ ਵੀ ਮੌਜੂਦ ਸਨ।