ਕਹਿੰਦੇ ਹਨ ਕਿਤਾਬਾਂ ਇਨਸਾਨ ਦੀਆਂ ਸਭ ਤੋਂ ਚੰਗੀਆਂ ਦੋਸਤ ਹਨ ਜੋ ਜਾਣਕਾਰੀ ਦੇਣ ਦੇ ਨਾਲ ਨਾਲ ਉਸ ਨੂੰ ਆਪਣਾ ਭਵਿਖ ਸੰਵਾਰਨ ਲਈ ਵੀ ਰਾਹ ਵਿਖਾਉਂਦੀਆਂ ਹਨ ਅਤੇ ਸਦਾ ਸਾਥ ਦਿੰਦੀਆਂ ਹਨ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਓਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨ ਦੇ ਮੰਤਵ ਨਾਲ ਸਕੂਲ ਵਿਚ ਇਕ ਦਿਨਾਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਲਾਇਬਰੇਰੀ ਵਿਚ ਇਕੱਠਾਂ ਕਰਦੇ ਹੋਏ ਟੈਕਨੌਲੋਜੀ ਤੋਂ ਦੂਰ ਰੱਖਦੇ ਹੋਏ ਕਿਤਾਬਾਂ ਦੇ ਫ਼ਾਇਦੇ ਅਤੇ ਉਨ੍ਹਾਂ ਦੀ ਕੈਟਾਗਰੀ ਵਾਈਜ਼ ਜਾਣਕਾਰੀ ਦਿਤੀ ਗਈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਨੋਟਿਸ ਬੋਰਡ ਤੇ ਕਿਤਾਬਾਂ ਸਬੰਧੀ ਉਨ੍ਹਾਂ ਦੀ ਸੋਚ ਨੂੰ ਉਕਰਾਉਣ ਦਾ ਮੌਕਾ ਦਿਤਾ ਗਿਆ । ਜਿਸ ਵਿਚ ਵਿਦਿਆਰਥੀਆਂ ਨੇ ਵਿਸਥਾਰ ਸਹਿਤ ਜਾਣਕਾਰੀ ਲਿਖੀ।
ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਸ ਸੈਮੀਨਾਰ ਦਾ ਉਦੇਸ਼ ਅੱਜ ਦੀ ਨੌਜਵਾਨ ਪੀੜੀ ਨੂੰ ਕਿਤਾਬਾਂ ਦੀ ਮਹੱਤਤਾ ਦੱਸਦੇ ਹੋਏ ਉਨ੍ਹਾਂ ਨੂੰ ਕਿਤਾਬਾਂ ਨਾਲ ਜੋੜਨਾ ਸੀ। ਉਨ੍ਹਾਂ ਅੱਗੇ ਕਿਹਾ ਕਿ ਅਕਸਰ ਵੇਖਿਆ ਗਿਆ ਹੈ ਕਿ ਬੱਚੇ ਪੜਾਈ ਦੀਆਂ ਕਿਤਾਬਾਂ ਤੋਂ ਇਲਾਵਾ ਹੋਰ ਕਿਤਾਬਾਂ ਨੂੰ ਪੜਨ ਦੀ ਆਦਤ ਪਾਉਣ ਦੀ ਬਜਾਏ ਅੱਜ ਟੈਕਨੌਲੋਜੀ ਨਾਲ ਜੁੜ ਕੇ ਅਸਲੀ ਜ਼ਿੰਦਗੀ ਤੋਂ ਦੂਰ ਹੁੰਦੇ ਜਾ ਰਹੇ ਹਨ। ਜਿਸ ਕਰ ਕੇ ਬੱਚੇ ਇਕ ਸੀਮਤ ਜਾਣਕਾਰੀ ਸਿਮਤ ਹੋ ਕੇ ਰਹਿ ਜਾਂਦੇ ਹਨ। ਜੇਕਰ ਬੱਚਿਆਂ ਨੂੰ ਸ਼ੁਰੂ ਤੋਂ ਹੀ ਕਿਤਾਬਾਂ ਪੜਨ ਦੀ ਆਦਤ ਪਾਈ ਜਾਵੇ ਤਾਂ ਉਨ੍ਹਾਂ ਦੀ ਜਾਣਕਾਰੀ ਵਿਚ ਵਾਧਾ ਹੋਣ ਦੇ ਨਾਲ ਨਾਲ ਉਨ੍ਹਾਂ ਦੀ ਸੋਚ ਵੀ ਸਕਾਰਤਮਕ ਬਦਲਾਓ ਆਉਦੇਂ ਹਨ ਜੋ ਕਿ ਭਾਰਤ ਦੇ ਉੱਜਲ ਭਵਿਖ ਲਈ ਬਹੁਤ ਲੋੜੀਦੇ ਹਨ। ਪ੍ਰਿੰਸੀਪਲ ਘੁੰਮਣ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਨਾਲ ਨਾਲ ਥੋੜਾ ਸਮਾਂ ਅਖ਼ਬਾਰ ਪੜਨ ਦੀ ਆਦਤ ਪਾਉਣ ਦੀ ਵੀ ਪ੍ਰੇਰਨਾ ਦਿਤੀ।