ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ਅੱਜ ਤੋਂ 3 ਤੋਂ 6 ਸਾਲ ਦੇ ਬੱਚਿਆਂ ਦੀਆਂ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਹੋ ਗਈਆਂ ਹਨ। ਛੋਟੇ ਬੱਚਿਆਂ ਦਾ ਅੱਜ ਸਕੂਲਾਂ ਵਿੱਚ ਪਹਿਲਾ ਦਿਨ ਹੱਸਦਿਆਂ ਖੇਡਦਿਆਂ ਪੜ੍ਹਾਈ ਕਰਦਿਆਂ ਬੀਤਿਆ। ਬਟਾਲਾ ਨੇੜਲੇ ਪਿੰਡ ਥਿੰਦ ਦੇ ਪ੍ਰਾਇਮਰੀ ਸਕੂਲ ਨੂੰ ਅੱਜ ਉਥੋਂ ਦੇ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਕੁਝ ਖਾਸ ਢੰਗ ਨਾਲ ਸਜਾਇਆ ਗਿਆ ਸੀ, ਕਿਉਂਕਿ ਅੱਜ ਉਨ੍ਹਾਂ ਦੇ ਸਕੂਲ ਵਿੱਚ ਨੰਨੇ-ਮੁੰਨੇ ਬਾਲ ਪੜ੍ਹਨ ਆ ਰਹੇ ਸਨ। ਸਕੂਲ ਅਧਿਆਪਕਾਂ ਵੱਲੋਂ ਪ੍ਰੀ-ਨਰਸਰੀ ਬੱਚਿਆਂ ਦੇ ਕਲਾਸ ਰੂਮ ਨੂੰ ਗੁਬਾਰਿਆਂ ਨਾਲ ਸ਼ਿੰਗਾਰਿਆ ਗਿਆ ਸੀ ਅਤੇ ਉਥੇ ਬੱਚਿਆਂ ਦੇ ਖੇਡਣ ਲਈ ਖਿਡੌਣੇ ਵੀ ਰੱਖੇ ਗਏ ਸਨ।ਸਕੂਲ ਵਿੱਚ ਬੱਚਿਆਂ ਦੀ ਅੱਜ ਪਹਿਲੇ ਦਿਨ ਆਮਦ 'ਤੇ ਅਧਿਆਪਕਾਂ ਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਨੰਨੇ ਬਾਲਾਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਚਾਹ-ਪਕੌੜੇ ਅਤੇ ਹੋਰ ਆਓ-ਭਗਤ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਪ੍ਰਾਇਮਰੀ ਸਕੂਲ ਥਿੰਦ ਦੇ ਅਧਿਆਪਕ ਦਲਬੀਰ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰੀ-ਪ੍ਰਾਇਮਰੀ ਕਲਾਸ ਦੇ ਬੱਚਿਆਂ ਨੂੰ ਖੇਡ ਮਹਿਲਾਂ ਵਿੱਚ ਪੜ੍ਹਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਸਾਰੇ ਹੀ ਬੱਚੇ ਪਹਿਲੇ ਦਿਨ ਪ੍ਰਾਇਮਰੀ ਸਕੂਲ ਆ ਕੇ ਬਹੁਤ ਖੁਸ਼ ਸਨ ਅਤੇ ਉਨ੍ਹਾਂ ਨੇ ਖੇਡਣ ਦੇ ਨਾਲ ਪੜ੍ਹਨਾ ਵੀ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਅਧਿਆਪਕ ਨੰਨੇ ਬਾਲਾਂ ਨੂੰ ਪੜ੍ਹਾਉਣ ਲਈ ਬਹੁਤ ਉਤਸੁਕ ਹਨ ਅਤੇ ਇਨ੍ਹਾਂ ਬੱਚਿਆਂ ਦੀ ਮਜਬੂਤ ਬੁਨਿਆਦ ਬਣਾਈ ਜਾਵੇਗੀ।ਦੱਸਣਯੋਗ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਕਲਾਸਾਂ ਨੂੰ ਲੈ ਕੇ ਬੱਚਿਆਂ ਦੇ ਮਾਪੇ ਬਹੁਤ ਖੁਸ਼ ਹਨ ਅਤੇ ਅੱਜ ਪਹਿਲੇ ਦਿਨ ਤਹਿਸੀਲ ਬਟਾਲਾ ਵਿੱਚ ਵੱਡੀ ਪੱਧਰ 'ਤੇ ਨੰਨੇ ਬਾਲ ਪੜ੍ਹਾਈ ਕਰਨ ਲਈ ਸਕੂਲਾਂ 'ਚ ਪਹੁੰਚੇ ਹਨ। ਤਹਿਸੀਲ ਬਟਾਲਾ ਵਿੱਚ ਅੱਜ ਤੱਕ 3411 ਬੱਚਿਆਂ ਨੇ ਪ੍ਰੀ-ਪ੍ਰਾਇਮਰੀ ਕਲਾਸਾਂ ਵਿੱਚ ਦਾਖਲਾ ਲਿਆ ਹੈ ਅਤੇ ਆਉਂਦੇ ਦਿਨਾਂ ਵਿੱਚ ਇਹ ਅੰਕੜਾ ਹੋਰ ਵੱਧਣ ਦੇ ਅਸਾਰ ਹਨ।