ਦੁੱਧ ਉਤਪਾਦਕਾਂ ਨੂੰ ਡੇਅਰੀ ਫਾਰਮਿੰਗ ਦੀ ਬਰੀਕੀਆਂ, ਪੈਦਾਵਾਰੀ ਖਰਚੇ ਘਟਾਉਣ ਦੇ ਨਾਲ ਦੁੱਧ ਦਾ ਉਚੇਰਾ ਮੁੱਲ ਹਾਸਲ ਕਰਕੇ ਲਾਹੇਵੰਦ ਬਣਾਉਣ ਦੇ ਮੰਤਵ ਨਾਲ ਚਲਾਏ ਜਾ ਰਹੇ ਡੇਅਰੀ ਉੱਦਮ ਸਿਖਲਾਈ ਕੋਰਸ ਦਾ ਅਗਲਾ ਬੈਚ 23 ਅਕਤੂਬਰ ਤੋਂ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਚਤਾਮਲੀ ( ਜ਼ਿਲ੍ਹਾ ਰੋਪੜ ) ਵਿਖੇ ਸ਼ੁਰੂ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਕਾਰਜਕਾਰੀ ਅਫ਼ਸਰ ਐਸ.ਏ.ਐਸ.ਨਗਰ ਸੇਵਾ ਸਿੰਘ ਭੁਰੜੇ ਨੇ ਦੱਸਿਆ ਕਿ ਇਸ 06 ਹਫਤਿਆਂ ਦੇ ਡੇਅਰੀ ਉੱਦਮ ਸਿਖਲਾਈ ਕੋਰਸ ਲਈ ਡੇਅਰੀ ਟਰੇਨਿੰਗ ਸੈਂਟਰ ਚਤਾਮਲੀ ਵਿਖੇ ਸਿਖਲਾਈ ਕੋਰਸ ਦੀ ਕੌਂਸਲਿੰਗ 13 ਅਕਤੂਬਰ ਨੂੰ ਸਵੇਰੇ 10.00 ਵਜੇ ਹੋਵੇਗੀ।ਸ੍ਰੀ ਭੁਰੜੇ ਨੇ ਦੱਸਿਆ ਕਿ ਡੇਅਰੀ ਉੱਦਮ ਸਿਖਲਾਈ ਸਕੀਮ ਤਹਿਤ ਸਿਖਲਾਈ ਉਨ੍ਹਾਂ ਵਿਅਕਤੀਆਂ ਨੂੰ ਹੀ ਦਿੱਤੀ ਜਾਵੇਗੀ । ਜਿਨ੍ਹਾਂ ਦੀ ਉਮਰ 18 ਸਾਲ ਤੋਂ 45 ਸਾਲ ਦੇ ਦਰਮਿਆਨ ਹੋਵੇ ਅਤੇ ਘੱਟੋ ਘੱਟ ਮੈਟ੍ਰਿਕ ਪਾਸ ਹੋਣ। ਉਨ੍ਹਾਂ ਕੋਲ ਘੱਟੋ ਘੱਟ 05 ਜਾਂ 05 ਤੋਂ ਵੱਧ ਦੁਧਾਰੂ ਪਸੂ ਹੋਣ ਜਾਂ ਅਪਣਾ ਹਾਈਟੈਕ ਡੇਅਰੀ ਫਾਰਮ ਬਣਾਇਆ ਹੋਵੇ ਅਤੇ ਪੇਂਡੂ ਖੇਤਰ ਨਾਲ ਸਬੰਧ ਰੱਖਦੇ ਹੋਣ। ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਦੁਧਾਰੂ ਪਸੂਆਂ ਦੀਆਂ ਨਸਲਾਂ, ਨਸਲਕਸੀ ਲਈ ਬਨਾਵਟੀ ਗਰਭਦਾਨ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਉਤਬੰਦੀ, ਦੁਧਾਰੂ ਪਸੁਆਂ ਦੀਆਂ ਆਮ ਬਿਮਾਰੀਆਂ ਅਤੇ ਉਨ੍ਹਾਂ ਦੀ ਜਾਂਚ ਕਰਨਾ, ਦੁੱਧ ਤੋਂ ਪ੍ਰੋਡਕਟ ਤਿਆਰ ਕਰਨਾ, ਸਾਫ ਦੁੱਧ ਪੈਦਾ ਕਰਨਾ ਅਤੇ ਖਾਦ ਖੁਰਾਕ ਬਾਰੇ ਜਾਣਕਾਰੀ ਦਿੱਤੀ ਜਾਵੇਗੀ। । ਸ੍ਰੀ ਸੇਵਾ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਡੇਅਰੀ ਸਿਖਲਾਈ ਪ੍ਰਾਪਤ ਕਰਕੇ ਵਿਭਾਗ ਦੀਆਂ ਸਕੀਮਾਂ ਦਾ ਪੂਰਨ ਲਾਹਾ ਲੈ ਕੇ ਆਪਣੇ ਡੇਅਰੀ ਧੰਦੇ ਨੂੰ ਵਪਾਰਕ ਲੀਹਾ ਤੇ ਲੈ ਜਾਣ ਚਾਹੀਦਾ ਹੈ। ਅੱਜ ਦੇ ਸਮੇਂ ਦੌਰਾਨ ਖੇਤੀ ਬਾੜੀ ਦੇ ਫਸਲੀ ਚੱਕਰ ਦੇ ਬਦਲਾ ਲਈ ਡੇਅਰੀ ਦਾ ਧੰਦਾ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਿਖਲਾਈ ਕੋਰਸ ਦੀ ਫੀਸ ਜਨਰਲ ਕੈਟਾਗਿਰੀ ਲਈ 5000 ਰੁਪਏ ਅਤੇ ਅਨੁਸੂਚਿਤ ਜਾਤੀ ਲਈ 4000 ਰੁਪਏ ਹੈ। ਉਨ੍ਹਾਂ ਦੱਸਿਆ ਕਿ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਕਮਰਾ ਨੰ: 434, ਤੀਜੀ ਮੰਜਿਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ.ਨਗਰ ਤੋਂ 100 ਰੁਪਏ ਦਾ ਭੁਗਤਾਨ ਕਰਕੇ ਪ੍ਰਾਸਪੈਕਟਸ ਪ੍ਰਾਪਤ ਕੀਤਾ ਜਾ ਸਕਦਾ ਹੈ। ਦਾਖਲਾ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ 0172-2219276 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।