ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸ਼ੁਕਰਵਾਰ ਨੂੰ ਪਾਰਲੀਮੈਂਟ ਵਿਚ ਪੰਜਾਬ ਦੇ ਮਿਆਰੀ ਸਿੱਖਿਆ ਪੱਖੋਂ ਨਿੱਘਰ ਚੁੱਕੇ ਸਰਕਾਰੀ ਸਕੂਲਾਂ ਦਾ ਮੁੱਦਾ ਜੋਰਦਾਰ ਤਰੀਕੇ ਨਾਲ ਚੁਕਿਆ। ‘ਆਪ’ ਵਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਮਾਨ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਿਆਰ ਇਸ ਕਦਰ ਡਿੱਘ ਚੁੱਕਿਆ ਹੈ ਕਿ ਸਰਕਾਰੀ ਸਕੂਲਾਂ ਵਿਚ ਪੜਦੇ ਬੱਚਿਆਂ ਦੀ ਰੁਚੀ ਪੜਾਈ ਨਾਲੋਂ ਜਿਆਦਾ ਮੀਡ ਡੇ ਮੀਲ ਉਤੇ ਕੇਂਦਰਤ ਹੋ ਗਈ ਹੈ। ਉਨਾਂ ਕਿਹਾ ਕਿ ਹਾਲਾਤ ਇਹ ਹਨ ਕਿ ਬੱਚੇ ਕਾਪੀਆਂ ਪੈਨਸਿਲਾਂ ਭੁੱਲ ਸਕਦੇ ਹਨ ਪਰ ਮੀਡ ਡੇ ਮੀਲ ਲਈ ਕੋਲੀਆਂ ਚਮਚੇ ਨਹੀਂ ਭੁਲਦੇ। ਉਨਾਂ ਕਿਹਾ ਕਿ ਸਰਕਾਰ ਸਕੂਲਾਂ ਵਿਚ ਮਿਆਰੀ ਸਿੱਖਿਆ ਦਾ ਬੁਰਾ ਹਾਲ ਹੈ। ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਉਚਾ ਚੁਕਣ ਲਈ ਕਈ ਠੋਸ ਕਦਮ ਚੁੱਕਣ ਦੀ ਜਰੂਰਤ ਹੈ। ਉਨਾਂ ਨੇ ਮੰਗ ਕੀਤੀ ਕਿ ਵਿਦਿਆਰਥੀਆਂ ਵਿਚ ਸਕੂਲ ਸਿੱਖਿਆ ਪ੍ਰਤੀ ਰੁਚੀ ਵਧਾਉਣ ਲਈ ਹਰ ਮਹੀਨੇ ਸਰਵੋਤਮ ਵਿਦਿਆਰਥੀ (ਸਟੂਡੈਂਟ ਆਫ ਦਾ ਮੰਥ) ਯੋਜਨਾ ਸ਼ੁਰੂ ਕੀਤੀ ਜਾਵੇ। ਮਾਨ ਨੇ ਜੋਰ ਦੇ ਕੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਤੁਰੰਤ ਨਵੀਂਆਂ ਭਰਤੀਆਂ ਦੀ ਜਰੂਰਤ ਹੈ ਅਤੇ ਅਧਿਆਪਕ ਯੋਗਤਾ ਪ੍ਰੀਖਿਆ (ਟੀਈਟੀ) ਪਾਸ ਉਮੀਦਵਾਰਾਂ ਦੀ ਬਿਨਾ ਦੇਰੀ ਤੁਰੰਤ ਨਿਯੁਕਤੀ ਕੀਤੀ ਜਾਵੇ। ਟੀਈਟੀ ਬਾਰੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ ਕਿ ਅਧਿਆਪਕ ਯੋਗਤਾ ਟੈਸਟ ਦਾ ਪੱਧਰ ਆਈਏਐਸ ਪੇਪਰ ਦੇ ਬਰਾਬਰ ਹੈ। ਇਸ ਦੇ ਬਾਵਜੂਦ ਸੈਂਕੜੇ ਟੀਈਟੀ ਪਾਸ ਉਮੀਦਵਾਰ ਆਪਣੀਆਂ ਨਿਯੁਕਤੀਆਂ ਲਈ ਪਾਣੀ ਦੀਆਂ ਟੈਂਕੀਆਂ ਉਤੇ ਚੜ ਕੇ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ, ਜਦਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ 14 ਹਜਾਰ ਤਂੋ ਜਿਆਦਾ ਅਸਾਮੀਆਂ ਖਾਲੀ ਪਈਆਂ ਹਨ। ਮਾਨ ਨੇ ਇਹ ਵੀ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਵਿਚ ਪੜਦੀਆਂ ਲੜਕੀਆਂ ਲਈ ਸਪੈਸ਼ਲ ਬੱਸ (ਸ਼ਟਲ) ਸਰਵਿਸ ਸ਼ੁਰੂ ਕੀਤੀ ਜਾਵੇ। ਇਸ ਨਾਲ ਲੜਕੀਆਂ ਵਲੋਂ ਸਕੂਲ ਛੱਡਣ (ਡਰੋਪ ਆਉਟ) ਦੀ ਦਰ ਵਿਚ ਕਮੀ ਆਵੇਗੀ।