ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਅਤੇ ਜਿਲਾ ਤੰਬਾਕੂ ਕੰਟਰੋਲ ਕਮੇਟੀ ਦੇ ਮੈਂਬਰ ਸ ਜਤਿੰਦਰਪਾਲ ਸਿੰਘ ਜੇ ਪੀ ਨੇ ਪ੍ਰਸਾਸਨ ਤੋਂ ਮੰਗ ਕੀਤੀ ਹੈ ਕਿ ਮੁਹਾਲੀ ਦੇ ਪੀ ਸੀ ਏ ਸਟੇਡੀਅਮ ਵਿਖੇ ਹੋ ਰਹੇ ਮੈਚਾਂ ਦੌਰਾਨ ਲੋਕਾਂ ਵਲੋਂ ਕੀਤੀ ਜਾ ਰਹੀ ਤੰਬਾਕੂਨੋਸੀ ਨੂੰ ਬੰਦ ਕਰਵਾਇਆ ਜਾਵੇ| ਇਸ ਪੱਤਰਕਾਰ ਨਾਲ ਗਲਬਾਤ ਕਰਦਿਆਂ ਸ ਜੇ ਪੀ ਸਿੰਘ ਨੇ ਕਿਹਾ ਕਿ ਬੀਤੇ ਦਿਨ ਮੁਹਾਲੀ ਦੇ ਪੀ ਸੀ ਏ ਦੇ ਸਟੇਡੀਅਮ ਵਿਖੇ ਹੋਏ ਆਈ ਪੀ ਐਲ ਕ੍ਰਿਕਟ ਮੈਚ ਦੌਰਾਨ ਪੀ ਸੀ ਏ ਨੇ ਆਪਣੀਆਂ ਚੰਮ ਦੀਆਂ ਚਲਾਈਆਂ ਹਨ| ਇਸ ਮੈਚ ਦੌਰਾਨ ਲੋਕਾਂ ਵਲੋਂ ਵੱਡੇ ਪੱਧਰ ਉਪਰ ਤੰਬਾਕੂਨੋਸੀ ਕੀਤੀ ਗਈ ਹੈ| ਉਹਨਾਂ ਕਿਹਾ ਕਿ ਉਹਨਾ ਨੇ ਇਹਨਾਂ ਮੈਚਾਂ ਦੇ ਸ਼ੁਰੂ ਹੋਣ ਤੋਂ ਹੀ ਕਈ ਦਿਨ ਪਹਿਲਾਂ ਡੀ ਸੀ ਮੁਹਾਲੀ ਅਤੇ ਹੋਰਨਾਂ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਸ ਸਟੇਡੀਅਮ ਵਿਚ ਹੋ ਰਹੀ ਤੰਬਾਕੂਨੋਸੀ ਉਪਰ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ, ਉਸ ਸਮੇਂ ਡੀ ਸੀ ਨੇ ਭਰੋਸਾ ਦਿਤਾ ਸੀ ਕਿ ਇਸ ਸਟੇਡੀਅਮ ਵਿਚ ਤੰਬਾਕੂਨੋਸੀ ਰੋਕਣ ਲਈ ਵਿਸੇਸ ਟੀਮਾਂ ਬਣਾਈਆਂ ਜਾਣਗੀਆਂ ਪਰ ਤੰਬਾਕੂਨੋਸ਼ੀ ਟੀਮ ਹੀ ਨਹੀਂ ਬਣਾਈ ਗਈ ਅਤੇ ਤੰਬਾਕੂਨੋਸ਼ੀ ਰੋਕਣ ਲਈ ਪੁਲੀਸ ਟੀਮਾਂ ਵੀ ਨਹੀਂ ਬਣਾਈਆਂ ਗਈਆਂ ਜਿਸ ਕਰਕੇ ਬੀਤੇ ਦਿਨ ਇਸ ਸਟੇਡੀਅਮ ਵਿੱਚ ਮੈਚ ਦੌਰਾਨ ਲੋਕਾਂ ਵਲੋਂ ਵੱਡੇ ਪੱਧਰ ਉਪਰ ਸਿਗਰਟਨੋਸੀ ਕੀਤੀ ਗਈ| ਉਹਨਾਂ ਕਿਹਾ ਕਿ ਪੀ ਸੀ ਏ ਦੇ ਕਿੰਗਜ ਇਲੈਵਨ ਵੱਲੋਂ ਹੈਲਥ ਟੀਮ ਦੇ ਪੰਜ ਮੈਂਬਰਾਂ ਨੂੰ ਪਰਮਿਸ਼ਨ ਦਿੱਤੀ ਗਈ ਪਰ ਤੰਬਾਕੂਨੋਸ਼ੀ ਨੂੰ ਚੈਕ ਕਰਨ ਲਈ ਸਿਰਫ ਇੱਕ ਹੀ ਡਾਕਟਰ ਨੂੰ ਪਰਮਿਸ਼ਨ ਦਿੱਤੀ ਗਈ| ਇਸ ਤਰ੍ਹਾਂ ਲੱਖਾਂ ਦੇ ਇਕੱਠ ਵਿੱਚ ਇੱਕ ਬੰਦਾ ਕਿਵੇਂ ਸਹੀ ਢੰਗ ਨਾਲ ਕੰਮ ਕਰ ਸਕਦਾ ਹੈ| ਉਹਨਾਂ ਕਿਹਾ ਕਿ ਇਹ ਸ਼ਹਿਰ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦੇ ਸਾਹਿਬਜਾਦਾ ਅਜੀਤ ਸਿੰਘ ਜੀ ਦੇ ਨਾਮ ਉਪਰ ਵਸਾਇਆ ਗਿਆ ਹੈ ਜਿਸ ਕਰਕੇ ਇਸ ਸ਼ਹਿਰ ਵਿਚ ਕੀਤੀ ਜਾਂਦੀ ਸਿਗਰਟਨੋਸੀ ਕਾਰਨ ਸਿੱਖਾਂ ਦੀਆਂ ਧਾਰਮਿਕ ਭਾਵਨਾਂਵਾਂ ਨੂੰ ਠੇਸ ਲੱਗਦੀ ਹੈ| ਉਹਨਾਂ ਪ੍ਰਸਾਸਨ ਨੂੰ ਚੇਤਾਵਨੀ ਦਿਤੀ ਕਿ ਜੇ ਅਗਲੇ ਦਿਨਾਂ ਦੌਰਾਨ ਇਸ ਸਟੇਡੀਅਮ ਵਿਚ ਹੋਣ ਵਾਲੇ ਮੈਚਾਂ ਦੌਰਾਨ ਸਿਗਰਟਨੋਸੀ ਉਪਰ ਰੋਕ ਨਾ ਲਗਾਈ ਗਈ ਤਾਂ ਉਹ ਪੀ ਸੀ ਏ ਸਟੇਡੀਅਮ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ |