ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਪਾਰਟੀ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਪਾਰਟੀ ਨੇ ਪੰਜਾਬ ਦੀ ਤਰੱਕੀ ਲਈ ਕੁਝ ਨਹੀਂ ਕੀਤਾ ਅਤੇ ਵਿਕਾਸ ਪੱਖੋਂ ਪੰਜਾਬ ਨੂੰ ਕਾਫੀ ਪਿੱਛੇ ਧੱਕ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਮੌਜੂਦਾ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ 'ਚ ਅਸਲ ਖੁਸ਼ਹਾਲੀ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਣ ਚੁੱਕੇ ਹਨ ਕਿ ਕਿਹੜੀ ਪਾਰਟੀ ਸਹੀ ਹੈ ਅਤੇ ਕਿਹੜੀ ਗਲਤ। ਉਨ੍ਹਾਂ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਾਸੀ ਕਰਾਰੀ ਹਾਰ ਦੇਣਗੇ।ਇੱਥੇ ਕਈ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੀ ਜੋ ਮਰਜ਼ੀ ਹਥਕੰਡੇ ਅਪਣਾ ਲਵੇ ਅਤੇ ਜਿੰਨੇ ਮਰਜ਼ੀ ਝੂਠੇ ਵਾਅਦੇ ਕਰ ਲਵੇ, ਪੰਜਾਬ ਦੇ ਲੋਕ ਇਸ ਪਾਰਟੀ ਨੂੰ ਚੋਣਾਂ ਵਿਚ ਲੱਕ ਤੋੜਵੀਂ ਹਾਰ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ 'ਤੇ ਸਿਰਫ ਅਕਾਲੀ-ਭਾਜਪਾ ਗੱਠਜੋੜ ਸਰਕਾਰ ਹੀ ਤੋਰ ਸਕਦੀ ਹੈ ਅਤੇ ਇਹ ਪਾਰਟੀਆਂ ਹੀ ਅਸਲ ਮਾਅਨਿਆਂ ਵਿਚ ਪੰਜਾਬ ਦੇ ਲੋਕਾਂ ਦੀਆਂ ਨੁਮਾਇੰਦਾ ਪਾਰਟੀਆਂ ਹਨ।ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਨੇ ਜਲਾਲਾਬਾਦ ਹਲਕੇ ਵਿਚ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਿਨ੍ਹਾਂ ਵਿਚ ਅਰਨੀਵਾਲਾ ਵਿਖੇ ਪੀਣ ਵਾਲੇ ਸਾਫ ਪਾਣੀ ਅਤੇ ਸੀਵਰੇਜ ਸਿਸਟਮ ਦਾ ਕੰਮ ਵੀ ਸ਼ਾਮਲ ਹੈ।
ਉਨ੍ਹਾਂ ਜਲਾਲਾਬਾਦ ਵਿਖੇ 18 ਕਰੋੜ ਰੁਪਏ ਦੀ ਲਾਗਤ ਨਾਲ ਲੜਕਿਆਂ ਦੇ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਅਤੇ 25 ਲੱਖ ਰੁਪਏ ਸਕੂਲ ਦਾ ਫਰਨੀਚਰ ਖਰੀਦਣ ਲਈ ਵੀ ਦਿੱਤੇ। ਉੱਪ ਮੁੱਖ ਮੰਤਰੀ ਨੇ ਜਲਾਲਾਬਾਦ ਕੋ-ਆਪ੍ਰੇਟਿਵ ਖੇਤੀਬਾੜੀ ਵਿਕਾਸ ਬੈਂਕ ਦੀ ਨਵੀਂ ਇਮਾਰਤ ਦਾ ਵੀ ਉਦਘਾਟਨ ਕੀਤਾ ਅਤੇ ਡਾ. ਬੀ.ਆਰ. ਅੰਬੇਦਕਰ ਦੀ ਮੂਰਤੀ ਤੋਂ ਵੀ ਪਰਦਾ ਹਟਾਇਆ। ਉਨ੍ਹਾਂ 100 ਬਿਸਤਰਿਆਂ ਵਾਲੇ ਹਸਪਤਾਲ ਤੇ ਯੂਨੀਵਰਸਿਟੀ ਇੰਸਟੀਚਿਊਟ ਦਾ ਉਦਘਾਟਨ ਵੀ ਕੀਤਾ ਅਤੇ ਕਿਹਾ ਕਿ ਇਸ ਹਸਪਤਾਲ ਨਾਲ ਇਲਾਕੇ ਦੇ ਲੋਕਾਂ ਨੂੰ ਹੋਰ ਬੇਹਤਰ ਸਿਹਤ ਸਹੂਲਤਾਂ ਮਿਲਣਗੀਆਂ।ਇਸ ਮੌਕੇ ਸ. ਬਾਦਲ ਨੇ ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਅਤੇ ਚੁੱਲ੍ਹੇ ਵੀ ਵੰਡੇ। ਉਨ੍ਹਾਂ ਦੱਸਿਆ ਕਿ ਪਿਛਲੇ ਸੱਤ ਸਾਲਾਂ ਦੌਰਾਨ ਜਲਾਲਾਬਾਦ ਹਲਕੇ ਦੇ ਸਰਬਪੱਖੀ ਵਿਕਾਸ ਲਈ 700 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਖਰਚੀ ਗਈ ਹੈ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵਧੇਰੇ ਮੌਕੇ ਦੇਣ ਲਈ ਚਾਰ ਸਕਿੱਲ ਸੈਂਟਰ ਵੀ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਤੀਜੀ ਵਾਰ ਸਰਕਾਰ ਬਣਨ 'ਤੇ ਜਿੱਥੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ ਉੱਥੇ ਹੀ ਹਰੇਕ ਪਿੰਡ ਵਿਚ ਕਲੋਨੀਆਂ ਬਣਾ ਕੇ ਬੇਘਰਿਆਂ ਨੂੰ ਘਰ ਮੁਹੱਈਆ ਕਰਵਾਏ ਜਾਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਪ ਮੁੱਖ ਮੰਤਰੀ ਦੇ ਓਐਸਡੀ ਸਤਿੰਦਰਜੀਤ ਸਿੰਘ ਮੰਟਾ, ਪਰਮਜੀਤ ਸਿੰਘ ਸਿੱਧਵਾਂ, ਵਿਸ਼ੇਸ਼ ਪ੍ਰਮੁੱਖ ਸਕੱਤਰ ਮਨਵੇਸ਼ ਸਿੰਘ ਸਿੱਧੂ, ਚੇਅਰਮੈਨ ਪ੍ਰੇਮ ਵਲੇਚਾ, ਜ਼ਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ, ਐਸਐਸਪੀ ਨਰਿੰਦਰ ਭਾਰਗਵ ਅਤੇ ਹੋਰ ਆਗੂ ਹਾਜ਼ਰ ਸਨ।