ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ 1 ਅਕਤੂਬਰ ਨੂੰ ਮਨਾਏ ਜਾ ਰਹੇ ਪੰਜਾਬੀ ਸੂਬੇ ਦੀ 50ਵੀ ਵਰੇਗੰਢ ਸੰਬੰਧੀ ਸਮੂਹ ਪੰਜਾਬੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਸ ਦਿਨ ਅੰਮ੍ਰਿਤਸਰ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਵਿਸ਼ਾਲ ਅਤੇ ਧੂਮ ਧਾਮ ਨਾਲ ਸਮਾਗਮ ਕਰਦਿਆਂ ਪੰਜਾਬੀ ਸੂਬੇ ਲਈ ਕੁਰਬਾਨੀਆਂ ਕਰਨ ਅਤੇ ਅਹਿਮ ਯੋਗਦਾਨ ਪਾਉਣ ਵਾਲਿਆਂ ਸਮੇਤ ਉਹਨਾਂ ਦੇ ਪਰਿਵਾਰਾਂ ਨੂੰ ਸਤਿਕਾਰ ਦਿੱਤਾ ਜਾ ਰਿਹਾ ਹੈ। ਜਿਸ ਵਿੱਚ ਕੇਂਦਰੀ ਖ਼ਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਸਮੇਤ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਵੀ ਹਿੱਸਾ ਲੈ ਰਹੇ ਹਨ। ਸ: ਮਜੀਠੀਆ ਅੱਜ ਇੱਥੇ ਕਰਾਏ ਜਾਣ ਵਾਲੇ ਵਿਸ਼ਾਲ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਜਾਇਜ਼ਾ ਲੈਣ ਅਤੇ ਪ੍ਰਬੰਧਕਾਂ ਨੂੰ ਜ਼ਰੂਰੀ ਹਦਾਇਤਾਂ ਦੇਣ ਆਏ ਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਸਮਾਗਮ ਦਾ ਸਿਆਸਤ ਨਾਲ ਕੋਈ ਸਰੋਕਾਰ ਨਹੀਂ। ਸਮਾਗਮ ਵਿੱਚ ਵਧ ਚੜ ਕੇ ਹਿੱਸਾ ਲੈਣ ਲਈ ਪੰਜਾਬ ਦੀਆਂ ਸਮੂਹ ਰਾਜਸੀ ਪਾਰਟੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਲਈ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਦੇ ਸਤਿਕਾਰ ਵਜੋਂ ਅਜਿਹੇ ਸਮਾਗਮ ਰਲ ਮਿਲ ਕੇ ਮਨਾਇਆ ਜਾਣਾ ਚਾਹੀਦਾ ਹੈ ਤਾਂ ਕਿ ਪੰਜਾਬੀਆਂ ਦੀ ਸਪਿਰਿਟ ਨੂੰ ਕਾਇਮ ਰੱਖਿਆ ਜਾ ਸਕੇ ਅਤੇ ਪੰਜਾਬ ਦੇ ਹਿਤਾਂ, ਤਰੱਕੀ ਅਤੇ ਖੁਸ਼ਹਾਲੀ ਲਈ ਰਲ ਮਿਲ ਕੇ ਯੋਗਦਾਨ ਪਾਇਆ ਜਾ ਸਕੇ। ਉਹਨਾਂ ਕਿਹਾ ਕਿ ਪਿਛਲੇ 50 ਸਾਲਾਂ ਦੌਰਾਨ ਕੇਂਦਰ ਦੀਆਂ ਕਾਂਗਰਸ ਸਰਕਾਰਾਂ ਦੇ ਵਿਤਕਰਿਆਂ ਦੇ ਬਾਵਜੂਦ ਪੰਜਾਬ ਨੇ ਬਹੁਤ ਤਰੱਕੀ ਕੀਤੀ ਹੈ। ਪੰਜਾਬੀਆਂ ਨੇ ਦੇਸ਼ 'ਚ ਹੀ ਨਹੀਂ ਵਿਦੇਸ਼ੀ ਧਰਤੀ 'ਤੇ ਵੀ ਕਈ ਮਲਾਂ ਮਾਰਦਿਆਂ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਉਹਨਾਂ ਅੰਮ੍ਰਿਤਸਰ ਵਿਖੇ ਹੋਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਬਿਆਨ ਕਰਦਿਆਂ ਕਿਹਾ ਕਿ ਉਸ ਦਿਨ ਦਿਨ ਸਮੇਂ ਰਣਜੀਤ ਐਵੀਨਿਯੂ ਦੇ ਵਿਸ਼ਾਲ ਮੈਦਾਨ ਵਿੱਚ ਵਿਸ਼ਾਲ ਸਮਾਗਮ ਕਰਾਇਆ ਜਾ ਰਿਹਾ ਹੈ ਅਤੇ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਲਾਈਟ ਐਡ ਸਾਊਡ ਪ੍ਰੋਗਰਾਮ ਹੋਵੇਗਾ। ਸ: ਮਜੀਠੀਆ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਪਾਕਿਸਤਾਨ ਵਿਰੁੱਧ ਕੀਤੇ ਗਏ ਸਰਜੀਕਲ ਸਟਰੈਕ ਨੂੰ ਵਾਜਬ ਠਹਿਰਾਉਂਦਿਆਂ ਕਿਹਾ ਕਿ ਸਮੇਂ ਦੀ ਮੰਗ ਅਨੁਸਾਰ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਜੇ ਕਰ ਪਾਕਿਸਤਾਨ ਹੁਣ ਵੀ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਇਆ ਤਾਂ ਉਸ ਨਾਲ ਸਾਰੇ ਸੰਬੰਧ ਤੋੜ ਦੇਣ ਤੋ ਇਲਾਵਾ ਉਸ ਖ਼ਿਲਾਫ਼ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਮਜ਼ਬੂਤ ਮੁਹਾਜ਼ ਖੜ੍ਹਾ ਕਰ ਦੇਣਾ ਚਾਹੀਦਾ ਹੈ। ਕਾਂਗਰਸ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਕਿਸਾਨਾਂ ਨੂੰ ਭਰਮਾਉਣ ਲਈ ਜਾਰੀ ਚੋਣ ਮੈਨੀਫੈਸਟੋਆਂ ਸੰਬੰਧੀ ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕੇਜਰੀਵਾਲ ਇਹ ਲਿਖਤੀ ਵਿਸ਼ਵਾਸ ਦੇਣ ਕਿ ਜੇ ਪਹਿਲੇ ਹਫ਼ਤੇ 'ਚ ਜੇ ਉਹਨਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਨਾ ਕਰਾ ਸਕਿਆ ਤਾਂ ਉਹ ਆਪਣੀ ਕੁਲ ਜਾਇਦਾਦ ਕੁਰਕ ਕਰਾ ਕੇ ਉਹ ਰਕਮ ਕਰਜ਼ਾ ਪੀੜਤ ਕਿਸਾਨਾਂ ਨੂੰ ਦੇਣਗੇ।
ਉਹਨਾਂ ਕਿਹਾ ਕਿ ਇਹ ਲੋਕ ਅਜਿਹਾ ਕਦੀ ਨਹੀਂ ਕਰਨਗੇ। ਇਹਨਾਂ ਦਾ ਮਕਸਦ ਸਿਰਫ਼ ਤੇ ਸਿਰਫ਼ ਆਪਣੀ ਡਿਗ ਚੁੱਕੀ ਸ਼ਾਖ ਨੂੰ ਦੇਖ ਕੇ ਬੌਖਲਾਹਟ ਵਿੱਚ ਆਏ ਹੋਏ ਹਨ। ਉਹਨਾਂ ਕਿਹਾ ਕਿ ਕੀ ਕਾਂਗਰਸ ਇਹ ਦਸੇ ਕਿ ਜੋ ਉਹ ਵਾਅਦੇ ਕਰ ਰਹੇ ਹਨ ਕੀ ਉਹ ਕਾਂਗਰਸ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਹਨ? ਪਿਛਲੇ ਦਸ ਸਾਲਾਂ ਦੌਰਾਨ ਜਦ ਉਹ ਕੇਂਦਰੀ ਸਤਾ ਵਿੱਚ ਹਨ ਤਾਂ ਉਸ ਵਕਤ ਉਹਨਾਂ ਨੂੰ ਕਿਸਾਨਾਂ ਦਾ ਖਿਆਲ ਕਿਉਂ ਨਾ ਆਇਆ।ਇਹੀ ਹਾਲ ਕੇਜਰੀਵਾਲ ਦਾ ਹੈ ਜਿਸ ਨੇ ਦਿੱਲੀ ਦੇ ਕਿਸਾਨਾਂ ਦੇ ਹਿਤ ਵਿੱਚ ਕੁੱਝ ਵੀ ਨਹੀਂ ਕੀਤਾ। ਉਹਨਾਂ ਕਿ ਕਿਸਾਨੀ ਦੀ ਬਾਂਹ ਅੱਜ ਤਕ ਸ: ਪ੍ਰਕਾਸ਼ ਸਿੰਘ ਬਾਦਲ ਹੀ ਮਜ਼ਬੂਤੀ ਨਾਲ ਫੜਦੇ ਰਹੇ ਹਨ। ਸਾਬਕਾ ਐਮ ਪੀ ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਜਾਣ 'ਤੇ ਸ: ਮਜੀਠੀਆ ਨੇ ਕਿਹਾ ਕਿ ਉਸ ਦੀਆਂ ਕਾਂਗਰਸ ਅਤੇ ਕੇਜਰੀਵਾਲ ਨਾਲ ਸਿਆਸੀ ਸੌਦੇਬਾਜ਼ੀਆਂ ਸਾਹਮਣੇ ਆਉਣ ਨਾਲ ਉਹ ਹੁਣ ਲੋਕਾਂ ਵਿੱਚ ਵਿਕਾਊ ਮਾਲ ਵਜੋਂ ਬੇਨਕਾਬ ਹੋ ਚੁੱਕਿਆ ਹੈ। ਉਹ ਸੌਦਾ ਵੇਚਣਾ ਚਾਹੁੰਦਾ ਹੈ ਨਾ ਕਿ ਸਮਾਜ ਸੇਵਾ ਲਈ ਰਾਜਨੀਤੀ ਕਰ ਰਿਹਾ ਹੈ। ਇਸ ਮੌਕੇ ਸ: ਮਨਜਿੰਦਰ ਸਿੰਘ ਸਰਸਾ, ਪਰਮਿੰਦਰ ਸਿੰਘ ਬਰਾੜ, ਉਪ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਤਿਵਾੜੀ, ਕਮਿਸ਼ਨਰ ਪੁਲਿਸ ਲੋਕ ਨਾਥ ਆਂਗਰਾ, ਡਿਪਟੀ ਕਮਿਸ਼ਨਰ ਵਰੁਣ ਰੂਜਮ, ਐੱਸ ਐੱਸ ਪੀ ਹਰਕਮਲਪ੍ਰੀਤ ਸਿੰਘ ਖੱਖ, ਮੇਜਰ ਸ਼ਿਵੀ , ਪ੍ਰੋ: ਸਰਚਾਂਦ ਸਿੰਘ ਮੀਡੀਆ ਸਲਾਹਕਾਰ ਆਦਿ ਹਾਜ਼ਰ ਸਨ ।