ਯੂਨੀਵਰਸਲ ਗਰੁੱਪ ਆਫ਼ ਇੰਸਚਿਟਿਊਸ਼ਨਜ਼ ਵੱਲੋਂ ਵਿਦਿਆਰਥਣਾਂ ਦਰਮਿਆਨ ਰੰਗੋਲੀ ਅਤੇ ਮਹਿੰਦੀ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ 'ਚ ਕੈਂਪਸ ਦੀਆਂ ਵਿਦਿਆਰਥਣਾਂ ਨੇ ਜਿੱਥੇ ਵੱਧ ਚੜ ਕੇ ਹਿੱਸਾ ਲਿਆ ਉੱਥੇ ਹੀ ਆਪਣੀਆਂ ਅਧਿਆਪਕਾਵਾਂ ਦੇ ਹੱਥਾਂ ਤੇ ਮਹਿੰਦੀ ਲਗਾ ਕੇ ਵਾਹੀ ਵਾਹੀ ਖੱਟੀ। ਇਸ ਮੌਕੇ ਤੇ ਯੂਨੀਵਰਸਲ ਗਰੁੱਪ ਦੇ ਸਭਿਆਚਾਰ ਕਮੇਟੀ ਦੇ ਕਨਵੀਨਰ ਡਾ. ਕੋਮਪਾਲ ਵਧਾਵਨ ਅਤੇ ਇੰਜ. ਕਿਸ਼ਪਰਾ ਗੁਪਤਾ ਵਾਈ ਕੋਰਡੀਨੇਟਰ, ਸਭਿਆਚਾਰਕ ਕਮੇਟੀ ਨੇ ਜੱਜ ਦੀ ਭੂਮਿਕਾ ਨਿਭਾਉਂਦੇ ਹੋਏ ਖ਼ੂਬਸੂਰਤ ਰੰਗੋਲੀ ਅਤੇ ਮਹਿੰਦੀ ਮੁਕਾਬਲਿਆਂ ਦੇ ਵਧੀਆਂ ਪੇਸ਼ਕਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਚੁਣਿਆ।
ਇਸ ਮੌਕੇ ਤੇ ਯੂਨੀਵਰਸਲ ਗਰੁੱਪ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਆਪਣੀਆਂ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਇਸ ਨਾਲ ਪੜਾਈ ਦੇ ਤਣਾਅ ਤੋਂ ਮੁਕਤੀ ਦੇ ਨਾਲ ਨਾਲ ਰਚਨਾਤਮਿਕ ਪ੍ਰਤਿਭਾਵਾਂ ਦਾ ਵਿਕਾਸ ਹੁੰਦਾ ਹੈ। ਇਸ ਦੇ ਨਾਲ ਹੀ ਡਾ. ਗੁਰਪ੍ਰੀਤ ਸਿੰਘ ਸਮੂਹ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਤੇ ਪਰੰਪਰਾਵਾਂ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਜੋ ਕੌਮਾਂ ਆਪਣੇ ਵਿਰਸੇ ਤੋਂ ਵਿੱਸਰ ਜਾਂਦੀਆਂ ਹਨ ਉਨ੍ਹਾਂ ਦਾ ਵਜੂਦ ਖ਼ਤਮ ਹੋ ਜਾਂਦਾ ਹੈ ਇਸ ਲਈ ਆਧੁਨਿਕਤਾ ਦੇ ਨਾਲ ਨਾਲ ਆਪਣੇ ਵਿਰਸੇ, ਪਰੰਪਰਾਵਾਂ ਅਤੇ ਤਹਿਜ਼ੀਬ ਨਾਲ ਜੁੜਦੇ ਹੋਏ ਇਸ ਤਰਾਂ ਦੇ ਰਚਨਾਤਮਿਕ ਮੁਕਾਬਲਿਆਂ ਵਿਚ ਹਿੱਸਾ ਲੈਣਾ ਚਾਹੀਦਾ ਹੈ। ਅੰਤ 'ਚ ਚੇਅਰਮੈਨ ਗੁਰਪ੍ਰੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।