ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨਾਸਤਿਕ ਅਤੇ ਧਰਮਾਂ ਦਾ ਸਤਿਕਾਰ ਨਾ ਕਰਨ ਵਾਲਿਆਂ ਦਾ ਸਮੂਹ ਹੈ ਜੋ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਸਮਝਣ ਤੋਂ ਪੂਰੀ ਤਰਾਂ ਨਾਲ ਅਨਜਾਣ ਹਨ ਅਤੇ ਇੰਨ੍ਹਾਂ ਦਾ ਇਕ ਮਾਤਰ ਉਦੇਸ਼ ਪੰਜਾਬ ਦੀ ਸੱਤਾ ਤੇ ਕਬਜਾ ਕਰਕੇ ਕੇਂਦਰ ਸਰਕਾਰ ਨਾਲ ਆਢਾ ਲਗਾਉਣਾ ਹੈ ਜਦ ਕਿ ਇੰਨ੍ਹਾਂ ਨੂੰ ਪੰਜਾਬ ਦੇ ਮਾਣ ਸਨਮਾਨ ਦੀ ਕੋਈ ਪ੍ਰਵਾਹ ਨਹੀਂ ਹੈ। ਅੱਜ ਇੱਥੇ ਪੰਜਾਬ ਸਰਕਾਰ ਵੱਲੋਂ ਨੌਜਵਾਨ ਕਲੱਬਾਂ ਅਤੇ ਪੰਚਾਇਤਾਂ ਨੂੰ ਖੇਡ ਕਿੱਟਾਂ ਅਤੇ ਜਿੰਮ ਵੰਡਨ ਦੇ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਆਪ ਪਾਰਟੀ ਦੇ ਗੁਪਤ ਏਂਜਡੇ ਦੀ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਆਪ ਦਾ ਨਿਸਾਨਾਂ ਪੰਜਾਬ ਦੀ ਤਰੱਕੀ ਨਹੀਂ ਹੈ ਸਗੋਂ ਉਹ ਤਾਂ ਪੰਜਾਬ ਨੂੰ ਸੱਤਾਂ ਪ੍ਰਾਪਤੀ ਲਈ ਇਕ ਪੌੜੀ ਵਜੋਂ ਵਰਤਨਾਂ ਚਾਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਦੂਜੇ ਪਾਸੇ 5 ਸਾਲ ਪੰਜਾਬ ਵਿਚ ਰਾਜ ਕਰ ਚੁੱਕੇ ਕੈਪਟਨ ਅਮਰਿੰਦਰ ਸਿੰਘ ਖੁਦ ਕਦੇ ਵੀ ਇਸ ਤਰਾਂ ਦੂਰ ਦਰਾਜ ਦੇ ਖੇਤਰਾਂ ਵਿਚ ਪਹੁੰਚ ਕੇ ਲੋਕਾਂ ਦੇ ਮਸਲਿਆਂ ਨੂੰ ਨਹੀਂ ਸਮਝਦੇ ਸਨ। ਉਨ੍ਹਾਂ ਨੇ ਕਿਹਾ ਕਿ ਮਹਿਲਾਂ ਵਿਚ ਰਹਿਣ ਵਾਲੇ ਰਾਜਿਆਂ ਨੂੰ ਕਿਸਾਨਾਂ, ਮਜਦੂਰਾਂ ਦੇ ਦੁੱਖ ਦਰਦਾਂ ਦਾ ਕੀ ਪਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਹਮਦਰਦ ਪਾਰਟੀ ਹੈ ਅਤੇ ਪਿੱਛਲੇ 9 ਸਾਲਾਂ ਤੋਂ ਇਸ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਹਰ ਵਰਗ ਦੀ ਭਲਾਈ ਲਈ ਸਕੀਮਾਂ ਬਣਾ ਕੇ ਲਾਗੂ ਕੀਤੀਆਂ ਹਨ।
ਉਨ੍ਹਾਂ ਜੋਰ ਦੇ ਕਿਹਾ ਕਿ ਪੰਜਾਬ ਪੰਜਾਬੀਆਂ ਦਾ ਹੈ, ਇੱਥੇ ਪੰਜਾਬੀ ਹੀ ਰਾਜ ਕਰਣਗੇ ਅਤੇ ਬਾਹਰੀ ਲੋਕਾਂ ਲਈ ਇੱਥੇ ਕੋਈ ਸਥਾਨ ਨਹੀਂ ਹੈ। ਇਸ ਮੌਕੇ ਹਲਕਾ ਜਲਾਲਾਬਾਦ ਦੇ ਲੋਕਾਂ ਦੇ ਇੱਕਠ ਨਾਲ ਖਚਾਖਚ ਭਰੇ ਬਹੁਮੰਤਵੀ ਸਟੇਡੀਅਮ ਵਿਚ ਆਪਣੇ ਸੰਬੋਧਨ ਵਿਚ ਉਪ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਦੀਆਂ ਪਿੱਛਲੇ 9 ਸਾਲਾਂ ਦੀਆਂ ਪ੍ਰਾਪਤੀਆਂ ਲੋਕਾਂ ਨਾਲ ਸਾਂਝੀਆਂ ਕਰਦਿਆਂ ਕਿਹਾ ਕਿ ਸਰਕਾਰ ਨੇ ਆਟਾ ਦਾਲ ਸਕੀਮ, ਸਗਨ, ਪੈਨਸ਼ਨ, ਭਗਤ ਪੂਰਨ ਸਿੰਘ ਸਿਹਤ ਬੀਮਾ ਸਕੀਮ, ਮਾਈ ਭਾਗੋ ਵਿਦਿਆ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ 250 ਦਵਾਈਆਂ ਦੀਆਂ ਦੁਕਾਨਾਂ ਖੋਲੀਆਂ ਜਾ ਰਹੀਆਂ ਹਨ ਜਦ ਕਿ ਸਰਕਾਰ ਨੇ 50000 ਰੁਪਏ ਤੱਕ ਦਾ ਵਿਆਜ ਮੁਕਤ ਕਰਜ ਕਿਸਾਨਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੀ ਭਲਾਈ ਲਈ ਵੀ ਵਿਸੇਸ਼ ਉਪਰਾਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ 25000 ਕਲੱਬਾਂ ਨੂੰ ਖੇਡ ਕਿੱਟਾਂ ਵੰਡੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇਸ਼ ਦੀ ਪਹਿਲੀ ਸਰਕਾਰ ਹੈ ਜਿਸ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਇਹ ਵਿਆਪਕ ਯੋਜਨਾ ਉਲੀਕੀ ਹੈ। ਇਸੇ ਤਰਾਂ ਰਾਜ ਵਿਚ ਜਿੱਥੇ ਪੰਜ ਵਿਸਵ ਕਬੱਡੀ ਕੱਪ ਕਰਵਾਏ ਗਏ ਹਨ ਉੱਥੇ ਨੌਜਵਾਨਾਂ ਨਾਲ ਸਬੰਧਤ ਕਾਰਜਾਂ ਤੇ 510 ਕਰੋੜ ਰੁਪਏ ਖਰਚੇ ਗਏ ਹਨ। 7 ਨਵੇਂ ਹਾਕੀ ਸਟੇਡੀਅਮ ਬਣਾਏ ਗਏ ਹਨ ਅਤੇ 21 ਨਵੇਂ ਮਲਟੀਪਰਪਜ ਖੇਡ ਸਟੇਡੀਅਮ ਬਣਾਏ ਗਏ ਹਨ ਜਿੰਨ੍ਹਾਂ ਵਿਚੋਂ ਦੋ ਫਾਜ਼ਿਲਕਾ ਜ਼ਿਲ੍ਹੇ ਵਿਚ ਹਨ। ਇਸ ਮੌਕੇ ਉਨ੍ਹਾਂ ਨੇ ਹਲਕੇ ਦੇ 600 ਕਲੱਬਾਂ ਨੂੰ ਖੇਡ ਕਿੱਟਾਂ ਅਤੇ ਪੰਚਾਇਤਾਂ ਨੂੰ ਜਿੰਮ ਦਾ ਸਮਾਨ ਭੇਂਟ ਕਰਨ ਦੀ ਯੋਜਨਾ ਦੀ ਸ਼ੁਰੂਆਤ ਕੀਤੀ।
ਉਪ ਮੁੱਖ ਮੰਤਰੀ ਨੇ ਇਸ ਮੌਕੇ ਜਲਾਲਬਾਦ ਹਲਕੇ ਵਿਚ ਹੋਏ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਿੱਛਲੇ 9 ਸਾਲਾਂ ਵਿਚ ਹਲਕੇ ਨੂੰ ਨਮੂਨੇ ਦਾ ਵਿਧਾਨ ਸਭਾ ਹਲਕਾ ਬਣਾਉਣ ਲਈ ਕੋਈ 800 ਕਰੋੜ ਰੁਪਏ ਖਰਚ ਕੀਤੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਾਪਤ ਕਰਨ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਪੰਜਾਬ ਭਰ ਵਿਚ ਆਉਣ ਵਾਲੇ ਦਿਨਾਂ ਵਿਚ 250 ਹੁਨਰ ਸਿਖਲਾਈ ਕੇਂਦਰ ਖੋਲੇ ਜਾ ਰਹੇ ਹਨ। ਉਨ੍ਹਾਂ ਨੇ ਜਲਾਲਾਬਾਦ ਵਿਖੇ ਅਗਾਮੀ ਵਿਸਵ ਕੱਪ ਦਾ ਫਾਈਨਲ ਮੈਚ ਅਤੇ ਸਮਾਪਤੀ ਸਮਾਰੋਹ ਕਰਵਾਉਣ ਦੇ ਨਾਲ ਨਾਲ ਸੁਹੇਲੇਵਾਲਾ ਮਾਈਨਰ ਨਹਿਰ ਦਾ ਨਿਰਮਾਣ ਕਰਵਾਉਣ ਦਾ ਐਲਾਣ ਵੀ ਕੀਤਾ। ਉਨ੍ਹਾਂ ਕਿਹਾ ਕਿ ਜਲਾਲਾਬਾਦ ਵਿਖੇ ਨਵੇਂ ਹਸਪਤਾਲ ਦਾ ਨਿਰਮਾਣ ਵੀ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਜਲਦ ਹੀ ਇਹ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਸ: ਸਤਿੰਦਰਜੀਤ ਸਿੰਘ ਮੰਟਾਂ, ਸ: ਗੁਰਤੇਜ ਸਿੰਘ ਘੁੜਿਆਣਾ ਵਿਧਾਇਕ ਬੱਲੂਆਣਾ, ਪ੍ਰਮੁੱਖ ਸਕੱਤਰ ਖੇਡਾਂ ਸ੍ਰੀ ਵੀ.ਪੀ. ਸਿੰਘ, ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ, ਡਾਇਰੈਕਟਰ ਖੇਡਾਂ ਸ੍ਰੀ ਰਾਹੁਲ ਗੁਪਤਾ, ਸ੍ਰੀ ਅਸ਼ੋਕ ਅਨੇਜਾ ਵਾਈਸ ਚੇਅਰਮੈਨ ਪੰਜਾਬ ਐਗਰੋ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ: ਗੁਰਪਾਲ ਸਿੰਘ ਗਰੇਵਾਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੀ੍ਰ ਪ੍ਰੇਮ ਵਲੇਚਾ, ਜੱਥੇਦਾਰ ਸੂਬਾ ਸਿੰਘ ਡੱਬਵਾਲਾ ਕਲਾਂ, ਸ: ਦਵਿੰਦਰ ਸਿੰਘ ਬੱਬਲ, ਚੇਅਰਮੈਨ ਸ: ਲਖਵਿੰਦਰ ਸਿੰਘ ਰੋਹੀਵਾਲਾ, ਸ: ਸਤਿੰਦਰਜੀਤ ਸਿੰਘ ਸਵੀ, ਜ਼ਿਲ੍ਹਾ ਖੇਡ ਅਫ਼ਸਰ ਸ: ਬਲਵੰਤ ਸਿੰਘ, ਸ: ਹਰਪਾਲ ਸਿੰਘ ਸੰਧੂ, ਸ੍ਰੀ ਦਰਸ਼ਨ ਵਧਵਾ, ਸ: ਜੈਸਰੱਤ ਸਿੰਘ ਸੰਧੂ, ਬੱਬੂ ਜੈਮਲਵਾਲਾ, ਚੇਅਰਮੈਨ ਸ: ਸੁਖਜਿੰਦਰ ਸਿੰਘ ਭੁੱਲਰ, ਪਰਮਜੀਤ ਸਿੰਘ ਪੰਮਾ ਵੈਰੜ, ਪ੍ਰਤਾਪ ਭਠੇਜਾ, ਮਾਸਟਰ ਜੋਗਿੰਦਰ ਸਿੰਘ ਆਦਿ ਵੀ ਹਾਜਰ ਸਨ।