ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਪ ਪਾਰਟੀ ਦੇ ਆਗੂ ਪੰਜਾਬ ਦੇ ਕਿਸਾਨੀ ਮੁੱਦਿਆਂ ਤੋਂ ਪੂਰੀ ਤਰਾਂ ਨਾਲ ਅਣਜਾਨ ਹਨ ਅਤੇ ਐਸ.ਵਾਈ.ਐਲ. ਨਹਿਰ ਦੇ ਮੁੱਦੇ ਤੇ ਇਸ ਪਾਰਟੀ ਵੱਲੋਂ ਲਏ ਸਟੈਂਡ ਕਾਰਨ ਇਸ ਪਾਰਟੀ ਦਾ ਪੰਜਾਬ ਅਤੇ ਇਸ ਦੇ ਕਿਸਾਨਾਂ ਪ੍ਰਤੀ ਝੂਠੇ ਹੇਜ ਦਾ ਪਹਿਲਾਂ ਹੀ ਪਰਦਾਫਾਸ਼ ਹੋ ਚੁੱਕਾ ਹੈ। ਅੱਜ ਇੱਥੇ ਜ਼ਿਲ੍ਹੇ ਦੇ ਪਿੰਡ ਸਜਰਾਣਾ ਵਿਖੇ ਸੇਵਾ ਕੇਂਦਰ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਮਸਲਿਆਂ ਦਾ ਕੋਈ ਗਿਆਨ ਨਹੀਂ ਹੈ। ਉਨ੍ਹਾਂ ਕਿਹਾ, ''ਕੇਜਰੀਵਾਲ ਨੂੰ ਤਾਂ ਹਾੜ੍ਹੀ ਸਾਉਣੀ ਦੀਆਂ ਫਸਲਾਂ ਦੇ ਵਖਰੇਵੇਂ ਦਾ ਵੀ ਪਤਾ ਨਹੀਂ ਹੈ ਜਦ ਕਿ ਉਹ ਗੱਲਾਂ ਪੰਜਾਬ ਦੀ ਕਿਸਾਨੀ ਦੀਆਂ ਕਰ ਰਹੇ ਹਨ। ਉਹ ਤਾਂ ਇਹ ਵੀ ਨਹੀਂ ਜਾਣਦਾ ਕਿ ਕਣਕ ਕਦੋਂ ਬੀਜੀ ਜਾਂਦੀ ਹੈ ਅਤੇ ਝੋਨਾ ਕਦੋਂ ਲਗਦਾ ਹੈ, ਉਹ ਪੰਜਾਬ ਦੀ ਕਿਸਾਨੀ ਦਾ ਕੀ ਭਲਾ ਕਰ ਲੈਣਗੇ।''ਸ: ਸੁਖਬੀਰ ਸਿੰਘ ਬਾਦਲ ਨੇ ਹੋਰ ਕਿਹਾ ਕਿ ਦਰਿਆਈ ਪਾਣੀਆਂ ਦੇ ਮੁੱਦੇ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਸੁਪਰੀਮ ਕੋਰਟ ਵਿਚ ਹਲਫਨਾਮਾ ਦਾਇਰ ਕੀਤਾ ਗਿਆ ਸੀ ਉਸ ਵਿਚ ਇਸ ਪਾਰਟੀ ਦੇ ਪੰਜਾਬ ਅਤੇ ਪੰਜਾਬ ਦੀ ਕਿਸਾਨੀ ਵਿਰੋਧੀ ਸਟੈਂਡ ਲਿਆ ਗਿਆ ਸੀ ਜਿਸ ਨਾਲ ਇਸ ਪਾਰਟੀ ਦਾ ਅਸਲ ਚਿਹਰਾ ਪਹਿਲਾਂ ਹੀ ਲੋਕਾਂ ਦੇ ਸਾਹਮਣੇ ਬੇਨਕਾਬ ਹੋ ਚੁੱਕਾ ਹੈ। ਉਨ੍ਹਾਂ ਕਿਹਾ, ''ਕੇਜਰੀਵਾਲ ਦਿੱਲੀ ਵਿਚ ਰਹਿੰਦਾ ਹੈ ਤੇ ਉਸ ਨੂੰ ਪੰਜਾਬ ਦੇ ਕਿਸਾਨ, ਖੇਤੀ ਸਬੰਧੀ ਉੱਕਾ ਹੀ ਕੋਈ ਗਿਆਨ ਨਹੀਂ ਹੈ।''
ਉਪ ਮੁੱਖ ਮੰਤਰੀ ਨੇ ਜੋਰ ਦੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਕਿਸਾਨੀ ਦੇ ਭਲੇ ਲਈ ਜੋ ਯੋਜਨਾਵਾਂ ਆਰੰਭੀਆਂ ਹਨ ਉਨ੍ਹਾਂ ਦਾ ਦੇਸ਼ ਭਰ ਵਿਚ ਕਿਤੇ ਵੀ ਕੋਈ ਤੋੜ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਿੱਛਲੇ 9 ਸਾਲਾਂ ਤੋਂ ਲਗਾਤਾਰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਭਗਤ ਪੂਰਨ ਸਿੰਘ ਸਿਹਤ ਬੀਮਾ ਸਕੀਮ ਤਹਿਤ ਕਿਸਾਨਾਂ ਦਾ ਬੀਮਾ ਕੀਤਾ ਗਿਆ ਹੈ ਅਤੇ ਹੁਣ 50 ਹਜਾਰ ਰੁਪਏ ਤੱਕ ਦਾ ਕਰਜਾ ਵਿਆਜ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, ''ਪੰਜਾਬ ਦੇ ਕਿਸਾਨ ਭਲੀਭਾਂਤ ਜਾਣਦੇ ਹਨ ਕਿ ਕੋਣ ਉਨ੍ਹਾਂ ਦਾ ਸੱਚਾ ਹਮਦਰਦ ਹੈ ਅਤੇ ਕੋਣ ਕਿਸਾਨਾਂ ਦੇ ਨਾਂਅ ਤੇ ਬਾਹਰਂੋ ਆ ਕੇ ਸਿਆਸਤ ਕਰ ਰਿਹਾ ਹੈ।''ਇਸ ਤੋਂ ਪਹਿਲਾਂ ਇੱਥੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੀਆਂ ਬਰੂਹਾਂ ਤੱਕ ਨਾਗਰਿਕ ਸੇਵਾਵਾਂ ਪੁੱਜਦੀਆਂ ਕਰਨ ਲਈ ਰਾਜ ਵਿਚ 2147 ਸੇਵਾ ਕੇਂਦਰ ਕੀਤੇ ਗਏ ਹਨ। ਸ਼ਹਿਰੀ ਕੇਂਦਰ ਪਹਿਲਾਂ ਹੀ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਅੱਜ ਹੋਰ 485 ਕੇਂਦਰ ਆਰੰਭ ਕਰ ਦਿੱਤੇ ਗਏ ਹਨ। ਆਪਣੇ ਸੰਬੋਧਨ ਵਿਚ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਖਾਸ ਤੌਰ 'ਤੇ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਘਰ ਬੈਠਿਆਂ ਹੀ ਸਰਕਾਰੀ ਸੇਵਾਵਾਂ ਦੇਣ ਵਾਲਾ ਪੰਜਾਬ ਆਪਣੇ ਆਪ ਵਿਚ ਨਿਵੇਕਲਾ ਸੂਬਾ ਬਣ ਗਿਆ ਹੈ ਅਤੇ ਹੁਣ ਲੋਕਾਂ ਨੂੰ ਆਪਣੇ ਜ਼ਰੂਰੀ ਸਰਕਾਰੀ ਕੰਮ ਕਰਵਾਉਣ ਲਈ ਸਰਕਾਰੀ ਦਫਤਰਾਂ ਵਿਚ ਖੱਜਲ-ਖੁਆਰ ਨਹੀਂ ਹੋਣਾ ਪਵੇਗਾ ਅਤੇ ਸੇਵਾ ਕੇਂਦਰਾਂ ਰਾਹੀਂ ਉਹ ਸੌਖੇ ਤਰੀਕੇ ਨਾਲ ਅਤੇ ਭ੍ਰਿਸ਼ਟਾਚਾਰ ਰਹਿਤ ਸੇਵਾਵਾਂ ਹਾਸਲ ਕਰ ਸਕਣਗੇ।
ਸ. ਬਾਦਲ ਨੇ ਕਿਹਾ ਕਿ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਤੋਂ ਇਲਾਵਾ ਇੱਥੇ ਸੜਕੀ ਢਾਂਚੇ ਵਿਚ ਵੀ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਭਲਾਈ ਸਕੀਮਾਂ ਜਿਵੇਂ ਕਿ ਕਿਸਾਨਾਂ ਨੂੰ ਮੁਫਤ ਬਿਜਲੀ, ਮੁਫਤ ਸਿਹਤ ਬੀਮਾ ਯੋਜਨਾ, ਐਸ.ਸੀ.-ਬੀ.ਸੀ. ਪਰਿਵਾਰਾਂ ਨੂੰ 200 ਯੂਨਿਟ ਮੁਫਤ ਬਿਜਲੀ, ਸ਼ਗਨ ਸਕੀਮ, ਪੈਨਸ਼ਨ ਸਕੀਮ, ਸਕੂਲੀ ਲੜਕੀਆਂ ਨੂੰ ਮੁਫਤ ਸਾਈਕਲ, ਪਿੰਡਾਂ ਵਿਚ ਖੇਡ ਤੇ ਜਿੰਮ ਕਿੱਟਾਂ ਦੀ ਵੰਡ, ਮੁਫਤ ਆਟਾ-ਦਾਲ ਸਕੀਮ ਆਦਿ ਉਦੋਂ ਹੀ ਸ਼ੁਰੂ ਹੋਈਆਂ ਜਦੋਂ-ਜਦੋਂ ਪੰਜਾਬ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਸਰਕਾਰ ਬਣੀ। ਉਨ੍ਹਾਂ ਦੱਸਿਆ ਕਿ ਅਕਤੂਬਰ ਮਹੀਨੇ ਵਿਚ ਮੁਫਤ ਦਵਾਈ ਕੇਂਦਰਾਂ ਅਤੇ ਸਕਿੱਲ ਸੈਂਟਰਾਂ ਦੀ ਸ਼ੁਰੂਆਤ ਵੀ ਕਰ ਦਿੱਤੀ ਜਾਵੇਗੀ ਅਤੇ ਸਕਿੱਲ ਕੇਂਦਰਾਂ ਰਾਹੀਂ ਹਰ ਸਾਲ ਇਕ ਲੱਖ ਦੇ ਕਰੀਬ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਰੁਜ਼ਗਾਰ ਦੇ ਯੋਗ ਬਣਾਇਆ ਜਾਵੇਗਾ। ਇੱਥੇ ਜ਼ਿਕਰਯੋਗ ਹੈ ਕਿ ਫਾਜ਼ਿਲਕਾ ਜ਼ਿਲ੍ਹੇ ਵਿਚ ਕੁੱਲ 84 ਸੇਵਾ ਕੇਂਦਰਾਂ ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਅਰਨੀਵਾਲਾ ਵਿਚ 1.5 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਪੁਲਿਸ ਥਾਣੇ ਦੀ ਨਵੀਂ ਇਮਾਰ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਸਤਿੰਦਰਜੀਤ ਸਿੰਘ ਮੰਟਾ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਮਨਵੇਸ ਸਿੰਘ, ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ, ਐਸ.ਐਸ.ਪੀ. ਸ੍ਰੀ ਨਰਿੰਦਰ ਭਾਰਗਵ, ਏ.ਡੀ.ਸੀ. ਸ: ਚਰਨਦੇਵ ਸਿੰਘ ਮਾਨ, ਸ੍ਰੀ ਅਰਵਿੰਦ ਕੁਮਾਰ, ਜੱਥੇਦਾਰ ਗੁਰਪਾਲ ਸਿੰਘ ਗਰੇਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜੱਥੇਦਾਰ ਸੂਬਾ ਸਿੰਘ ਡੱਬਵਾਲਾ ਕਲਾਂ, ਜੱਥੇਦਾਰ ਚਰਨ ਸਿੰਘ ਚੇਅਰਮੈਨ, ਸ੍ਰੀ ਅਸੋਕ ਅਨੇਜਾ ਵਾਈਸ ਚੇਅਰਮੈਨ ਪੰਜਾਬ ਐਗਰੋ, ਚੇਅਰਮੈਨ ਸ: ਸੁਖਜਿੰਦਰ ਸਿੰਘ ਭੁੱਲਰ, ਸ੍ਰੀ ਆਤਮਾ ਰਾਮ ਕੰਬੋਜ, ਲਖਵਿੰਦਰ ਸਿੰਘ ਰੋਹੀਵਾਲਾ, ਸ੍ਰੀ ਪ੍ਰਤਾਪ ਭਠੇਜਾ, ਸ: ਅਵਤਾਰ ਸਿੰਘ ਕਮਾਲਵਾਲ, ਸ: ਹਰਜੀਤ ਸਿੰਘ ਹੀਰਾ, ਜਰਨੈਲ ਸਿੰਘ, ਮੇਹਰ ਸਿੰਘ, ਰਛਪਾਲ ਸਿੰਘ ਆਦਿ ਵੀ ਹਾਜਰ ਸਨ।