ਪੰਜਾਬ ਸਰਕਾਰ ਵਲੋਂ ਭਾਰਤੀ ਹਾਕੀ ਦੀ 'ਗੋਲਡਨ ਗਰਲ' ਰਾਜਬੀਰ ਕੌਰ ਦੇ ਪਤੀ ਗੁਰਮੇਲ ਸਿੰਘ ਜੋ ਕਿ ਪੁਲਿਸ ਅਧਿਕਾਰੀ ਹਨ ਨੂੰ ਜਬਰਨ ਸੇਵਾਮੁਕਤ ਕੀਤੇ ਜਾਣ ਉੱਤੇ ਕੜੀ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਹੈ ਕਿ ਗੁਰਮੇਲ ਸਿੰਘ ਨੂੰ 'ਆਪ' ਨੇਤਾ ਰਾਜਬੀਰ ਕੌਰ ਦੇ ਪਤੀ ਹੋਣ ਕਾਰਨ ਜਬਰਦਸਤੀ ਸੇਵਾਮੁਕਤ ਕੀਤਾ ਗਿਆ ਹੈ।ਸ਼ਨੀਵਾਰ ਨੂੰ 'ਆਪ' ਵਲੋਂ ਜਾਰੀ ਸੰਯੁਕਤ ਬਿਆਨ ਵਿੱਚ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਰਾਸ਼ਟਰੀ ਬੁਲਾਰੀ ਸੰਜੈ ਸਿੰਘ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਲੋਕਾਂ ਦੇ ਭਾਰੀ ਸਮਰਥਨ ਨੂੰ ਵੇਖ ਕੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਪੂਰੀ ਤਰ੍ਹਾਂ ਬੌਖਲਾ ਚੁੱਕੀ ਹੈ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਿੱਲੀ ਵਿੱਚ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਪੰਜਾਬ ਵਿੱਚ ਹਰ ਰੋਜ 'ਆਪ' ਦੇ ਆਗੂਆਂ ਅਤੇ ਸਮਰੱਥਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਗੁਰਮੇਲ ਸਿੰਘ ਵੀ ਅਕਾਲੀ-ਭਾਜਪਾ ਸਰਕਾਰ ਦੇ ਇਸ ਤਾਨਾਸ਼ਾਹੀ ਰਵੈਏ ਦਾ ਸ਼ਿਕਾਰ ਬਣੇ ਹਨ, ਕਿਉਂਕਿ ਉਨ੍ਹਾਂ ਦੀ ਪਤਨੀ ਰਾਜਬੀਰ ਕੌਰ ਆਮ ਆਦਮੀ ਪਾਰਟੀ ਦੀ ਇਕ ਸਰਗਰਮ ਨੇਤਾ ਹੈ।
ਸੰਜੈ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਨੇ ਸੁਪਰਡੈਂਟ ਆਫ ਪੁਲਿਸ (ਐਸਪੀ) ਗੁਰਮੇਲ ਸਿੰਘ ਦੇ ਖਿਲਾਫ ਰਾਜਨੀਤੀ ਤੋਂ ਪ੍ਰੇਰਿਤ ਘਿਨੌਣਾ ਫੈਸਲਾ ਲੈਣ ਤੋਂ ਪਹਿਲਾਂ ਗੁਰਮੇਲ ਸਿੰਘ ਦੇ ਭਾਰਤੀ ਹਾਕੀ ਅਤੇ ਦੇਸ਼ ਨੂੰ ਦਿਵਾਏ ਸਨਮਾਨ ਦੀ ਕੋਈ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਨੇ ਕਿਹਾ, 'ਬਾਦਲ ਸਰਕਾਰ ਦੀ ਇਹ ਨਿੰਦਣਯੋਗ ਕਾਰਵਾਈ ਹੈ। ਬਾਦਲ ਭੁੱਲ ਗਏ ਕਿ 1980 ਵਿੱਚ ਜਿਸ ਭਾਰਤੀ ਹਾਕੀ ਟੀਮ ਨੇ ਦੇਸ਼ ਨੂੰ ਸੋਨਾ ਅਤੇ 1982 ਵਿੱਚ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ ਦਿਵਾਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ, ਗੁਰਮੇਲ ਸਿੰਘ ਉਸੀ ਟੀਮ ਵਿੱਚ ਸ਼ਾਮਲ ਸਨ। ਉਨ੍ਹਾਂ ਨੇ ਦੱਸਿਆ ਕਿ ਐਸਪੀ ਗੁਰਮੇਲ ਸਿੰਘ ਨੇ 31 ਅਗਸਤ 2017 ਨੂੰ ਸੇਵਾਮੁਕਤ ਹੋਣਾ ਸੀ, ਪਰੰਤੂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪਹਿਲਾਂ ਹੀ ਜਬਰਦਸਤੀ ਸੇਵਾਮੁਕਤ ਕਰ ਦਿੱਤਾ।ਭਗਵੰਤ ਮਾਨ ਨੇ ਕਿਹਾ ਕਿ ਬਾਦਲ ਸਰਕਾਰ ਦੇ ਜ਼ੁਲਮ ਤੋਂ ਪੰਜਾਬ ਦਾ ਹਰ ਵਰਗ ਦੁੱਖੀ ਹੈ। ਆਮ ਆਦਮੀ ਪਾਰਟੀ ਦੇ ਵਾਲੰਟਿਅਰਸ ਅਤੇ ਆਗੂਆਂ ਨੂੰ ਜਿਸ ਤਰ੍ਹਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ, 2017 ਦੇ ਚੋਣ ਵਿੱਚ ਪੰਜਾਬ ਦੀ ਜਨਤਾ ਉਸਦਾ ਚੰਗੀ ਤਰ੍ਹਾਂ ਜਵਾਬ ਦੇਵੇਗੀ।