ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ ਦਸਵੀਂ ਤੇ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਮੋਹਰੀ ਰਹੇ ਵਿਦਿਆਰਥੀਆਂ ਨੂੰ ਅੱਜ ਮੁਹਾਲੀ ਵਿਖੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵੱਲੋਂ ਸਨਮਾਨਤ ਕੀਤਾ ਗਿਆ। ਪਹਿਲੀਆਂ ਤਿੰਨ ਪੁਜੀਸ਼ਨਾਂ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਨਗਦ ਇਨਾਮ ਅਤੇ ਮੈਰਿਟ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਮਿਲੇ ਉਥੇ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਖੁਸ਼ੀ ਆਪਣੇ ਚਹੇਤੇ ਸਿੱਖਿਆ ਮੰਤਰੀ ਡਾ.ਚੀਮਾ ਨਾਲ ਤਸਵੀਰਾਂ ਖਿਚਵਾ ਕੇ ਹੋਈ।ਡਾ.ਚੀਮਾ ਨੇ ਪਹਿਲਾਂ ਸਮਾਗਮ ਦੌਰਾਨ ਹਰ ਇਕ ਵਿਦਿਆਰਥੀ ਨੂੰ ਖੁਦ ਸਰਟੀਫਿਕੇਟ ਦਿੱਤਾ ਉਥੇ ਕੁਝ ਵਿਦਿਆਰਥੀਆਂ ਵੱਲੋਂ ਤਸਵੀਰ ਖਿਚਵਾਏ ਜਾਣ ਦੀ ਮੰਗ 'ਤੇ ਡਾ.ਚੀਮਾ ਨੇ ਵਿਦਿਆਰਥੀਆਂ ਨਾਲ ਤਸਵੀਰਾਂ ਖਿਚਵਾਉਣ ਲਈ ਖੁੱਲ੍ਹਾ ਸੈਸ਼ਨ ਰੱਖਿਆ। ਇਸ ਦੌਰਾਨ ਜਦੋਂ ਬਾਰ੍ਹਵੀਂ ਦੇ ਕਾਮਰਸ ਗਰੁੱਪ ਦੇ ਟੌਪਰ ਸਾਹਿਲ ਮਿੱਢਾ ਨੇ ਸਿੱਖਿਆ ਮੰਤਰੀ ਨਾਲ ਸੈਲਫੀ ਖਿਚਵਾਉਣ ਦੀ ਮੰਗ ਕੀਤੀ ਤਾਂ ਡਾ.ਚੀਮਾ ਵੱਲੋਂ ਖੁੱਲ੍ਹੇ ਦਿਲ ਨਾਲ ਗੱਲ ਕਬੂਲੇ ਜਾਣ ਤੋਂ ਬਾਅਦ ਤਾਂ ਸਮੂਹ ਵਿਦਿਆਰਥੀਆਂ ਵਿੱਚ ਸੈਲਫੀਆਂ ਕਰਵਾਉਣ ਦੀ ਹੋੜ ਲੱਗ ਗਈ। ਹਰ ਇਕ ਵਿਦਿਆਰਥੀ ਨੇ ਵਾਰੋ-ਵਾਰੀ ਆ ਕੇ ਸਿੱਖਿਆ ਮੰਤਰੀ ਨਾਲ ਸੈਲਫੀਆਂ ਖਿਚਵਾਈਆਂ। ਵਿਦਿਆਰਥੀਆਂ ਲਈ ਨਗਦ ਇਨਾਮ ਤੇ ਸਰਟੀਫਿਕੇਟ ਹਾਸਲ ਕਰਨ ਨਾਲੋਂ ਸਿੱਖਿਆ ਮੰਤਰੀ ਨਾਲ ਸੈਲਫੀਆਂ ਲੈਣ ਦੀ ਜ਼ਿਆਦਾ ਖੁਸ਼ੀ ਸੀ।ਸਿੱਖਿਆ ਮੰਤਰੀ ਡਾ.ਚੀਮਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅੱਜ ਉਨ੍ਹਾਂ ਨੂੰ ਖੁਦ ਵਿਦਿਆਰਥੀਆਂ ਨਾਲ ਤਸਵੀਰ ਖਿਚਵਾ ਕੇ ਖੁਸ਼ੀ ਹੋ ਰਹੀ ਹੈ ਕਿਉਂਕਿ ਅੱਜ ਪੰਜਾਬ ਦੇ ਸਰਵੋਤਮ ਵਿਦਿਆਰਥੀਆਂ ਨਾਲ ਉਹ ਮਿਲ ਰਹੇ ਹਨ।