ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਵੱਲੋਂ ਅੱਜ ਇੱਥੇ ਆਮ ਸਭਾ ਦੌਰਾਨ ਸਿੱਖ ਮਾਰਸ਼ਲ ਆਰਟ 'ਗੱਤਕੇ' ਨੂੰ ਪ੍ਰਫੁੱਲਤ ਕਰਨ ਪ੍ਰਤੀ ਗਤੀਵਿਧੀਆਂ ਹੋਰ ਤੇਜ਼ ਕਰਨ ਦੇ ਮਕਸਦ ਨਾਲ ਦੇਸ਼ ਵਿੱਚ ਵੱਖ-ਵੱਖ ਰਾਜਾਂ ਵਿੱਚ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਕਰਵਾਉਣ ਤੋਂ ਇਲਾਵਾ ਰਾਜ ਪੱਧਰ ਅਤੇ ਨੈਸ਼ਨਲ ਪੱਧਰ 'ਤੇ ਗੱਤਕਾ ਖੇਡਾਂ ਕਰਵਾਉਣ ਦਾ ਵਿਆਪਕ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸਮਾ ਵੱਲੋਂ ਗੱਤਕਾ ਰੂਲਾਂ ਸਬੰਧੀ ਇਹ ਵੀ ਫੈਸਲਾ ਕੀਤਾ ਗਿਆ ਕਿ ਸਕੂਲਾਂ-ਕਾਲਜਾਂ 'ਚ ਗੱਤਕਾ ਖੇਡਾਂ ਦੇ ਮੁਕਾਬਲਿਆਂ ਦੌਰਾਨ ਸਿਰਫ ਸਿੰਗਲ ਸੋਟੀ ਤੇ ਫੱਰੀ-ਸੋਟੀ (ਸਟਿੱਕ ਫਾਈਟ) ਦੇ ਹੀ ਵੱਖ-ਵੱਖ ਮੁਕਾਬਲੇ ਹੋਣਗੇ ਅਤੇ ਸ਼ਸ਼ਤਰ ਪ੍ਰਦਰਸ਼ਨੀ (ਡੈਮੋਸਟਰੇਸ਼ਨ) ਦੇ ਮੁਕਾਬਲੇ ਨਹੀਂ ਹੋਣਗੇ।ਇਹ ਸਿਧਾਂਤਕ ਫੈਸਲਾ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਚੇਅਰਮੈਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਦੀ ਪ੍ਰਧਾਨਗੀ ਹੇਠ ਅੰਮ੍ਰਿਤ ਇੰਡੋ-ਕੈਨੇਡੀਅਨ ਅਕੈਡਮੀ ਲਾਦੀਆਂ ਖੁਰਦ (ਲੁਧਿਆਣਾ) ਵਿਖੇ ਹੋਈ ਉਚੇਚੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਿਆ ਗਿਆ ਜਿਸ ਵਿੱਚ ਰਾਜ ਦੇ ਵੱਖ-ਵੱਖ ਜਿਲਿਆਂ ਤੋਂ ਜਿਲਾ ਕੋਆਰਡੀਨੇਟਰ, ਜਿਲਾ ਪ੍ਰਧਾਨ ਅਤੇ ਜਨਰਲ ਸਕੱਤਰ ਹਾਜ਼ਰ ਸਨ।ਗੱਤਕਾ ਨਿਯਮਾਂਵਲੀ ਬਾਰੇ ਕੀਤੇ ਨਵੇਂ ਫੈਸਲੇ ਅਨੁਸਾਰ ਗੱਤਕਾ ਸ਼ਸ਼ਤਰ ਪ੍ਰਦਰਸ਼ਨੀ (ਡੈਮੋਸਟਰੇਸ਼ਨ) ਮੁਕਾਬਲੇ ਹੁਣ ਸਿਰਫ ਵਿਰਸਾ ਸੰਭਾਲ ਗੱਤਕਾ ਮੁਕਾਬਲਿਆਂ ਮੌਕੇ ਹੀ ਹੋਇਆ ਕਰਨਗੇ। ਸਕੂਲੀ ਖੇਡਾਂ ਜਾਂ ਯੂਨੀਵਰਸਿਟੀ ਖੇਡਾਂ ਦੌਰਾਨ ਇਸ ਸ਼ਸ਼ਤਰ ਪ੍ਰਦਰਸ਼ਨੀ ਨੂੰ ਮਨਫੀ ਕਰਦਿਆਂ ਸਿਰਫ ਗੱਤਕਾ ਸਿੰਗਲ ਸੋਟੀ ਅਤੇ ਫੱਰੀ-ਸੋਟੀ (ਵਿਅਕਤੀਗਤ ਅਤੇ ਟੀਮ ਇਵੈਂਟ) ਦੇ ਹੀ ਮੁਕਾਬਲੇ ਕਰਵਾਉਣ ਦਾ ਨਿਰਣਾ ਲਿਆ ਗਿਆ।
ਉਨ੍ਹਾਂ ਇਸਮਾ ਵੱਲੋਂ ਅਰੰਭੇ ਕਾਰਜਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਨੌਜਵਾਨਾਂ ਨੂੰ ਅਮੀਰ ਵਿਰਸੇ ਨਾਲ ਜੋੜਨ ਅਤੇ ਜੰਗਜੂ ਕਲਾ ਗੱਤਕੇ ਦੀ ਪ੍ਰਫੁੱਲਤਾ ਲਈ ਪੰਜਾਬ ਸਮੇਤ ਦੇਸ਼ ਭਰ ਵਿਚ ਵਿਰਸਾ ਸੰਭਾਲ ਗੱਤਕਾ ਮੁਕਾਬਲਿਆਂ ਦੀ ਲੜੀ ਆਰੰਭੀ ਗਈ ਹੈ ਜਿਸ ਨੂੰ ਵਿਦੇਸ਼ਾਂ ਵਿਚ ਵੀ ਲਿਜਾਇਆ ਜਾਵੇਗਾ। ਸ. ਗਰੇਵਾਲ ਨੇ ਕਿਹਾ ਕਿ ਦੇਸ਼ ਦੀ ਮਾਣਮੱਤੀ ਖੇਡ ਗੱਤਕਾ ਨੂੰ ਹੋਰਨਾਂ ਖੇਡਾਂ ਵਾਂਗ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਪ੍ਰਸਿੱਧੀ ਦਿਵਾਈ ਜਾਵੇਗੀ।ਉਨਾਂ ਦੱਸਿਆ ਕਿ ਗੱਤਕੇ ਦੀ ਪ੍ਰਫੁੱਲਤਾ ਲਈ ਤਿਆਰ ਕੀਤੀ ਵਿਆਪਕ ਯੋਜਨਾ ਤਹਿਤ ਦੇਸ਼ ਭਰ ਵਿੱਚ ਗੱਤਕਾ ਸਿਖਲਾਈ ਕੈਂਪ, ਗੱਤਕਾ ਸੈਮੀਨਾਰ ਅਤੇ ਵਰਕਸ਼ਾਪਾਂ ਦਾ ਪ੍ਰਬੰਧ ਕੀਤਾ ਜਾਵੇਗਾ ਜਿੱਥੇ ਸਿੱਖਿਅਤ ਗੱਤਕਾ ਕੋਚ ਅਤੇ ਉਘੇ ਬੁੱਧੀਜੀਵੀ ਆਪਣੇ ਕੀਮਤੀ ਵਿਚਾਰ ਸਾਂਝੇ ਕਰਿਆ ਕਰਨਗੇ ਜਿਸ ਨਾਲ ਉੱਭਰਦੇ ਖਿਡਾਰੀਆਂ ਨੂੰ ਮਹੱਤਵਪੂਰਣ ਜਾਣਕਾਰੀ ਅਤੇ ਨੁਕਤੇ ਮਿਲ ਸਕਣਗੇ।ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਚੇਅਰਮੈਨ ਗਰੇਵਾਲ ਨੇ ਸਮੂਹ ਨੌਜਵਾਨਾਂ ਅਤੇ ਖੇਡ ਕਲੱਬਾਂ ਨੂੰ ਸੱਦਾ ਦਿੱਤਾ ਕਿ ਉਹ ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ, ਪਤਿੱਤਪੁਣੇ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਅਮੀਰ ਵਿਰਸੇ ਦੀ ਸੰਭਾਲ ਖਾਤਰ ਅੱਗੇ ਆਉਣ ਅਤੇ ਪਿੰਡ ਪੱਧਰ 'ਤੇ ਗੱਤਕੇਬਾਜ਼ੀ ਦੇ ਵਿਰਾਸਤੀ ਮੁਕਾਬਲੇ ਕਰਵਾਕੇ ਨੌਜਵਾਨਾਂ ਖਾਸ ਕਰਕੇ ਲੜਕੀਆਂ ਨੂੰ ਸਵੈ-ਰੱਖਿਆ ਦੀ ਮਾਣਮੱਤੀ ਤੇ ਸੱਭਿਆਚਾਰ ਨਾਲ ਜੁੜੀ ਇਹ ਖੇਡ ਅਪਨਾਉਣ ਲਈ ਪ੍ਰੇਰਿਤ ਕਰਨ।
ਉਨਾਂ ਦੱਸਿਆ ਕਿ ਵਿਸ਼ਵ ਵਿੱਚ ਇਤਿਹਾਸਕ ਖੇਡ ਗੱਤਕੇ ਸਬੰਧੀ ਜਾਗਰੂਕਤਾ ਲਈ ਵੀ ਉਚੇਚੇ ਯਤਨ ਜਾਰੀ ਹਨ ਅਤੇ ਇਨਾਂ ਯਤਨਾਂ ਤਹਿਤ ਗੱਤਕਾ ਅਖਾੜਿਆਂ ਦੀ ਕੌਮਾਂਤਰੀ ਪੱਧਰ ਦੀ ਡਾਇਰੈਕਟਰੀ ਤਿਆਰ ਕੀਤੀ ਜਾ ਰਹੀ ਹੈ ਅਤੇ ਗੱਤਕੇ ਦੀ ਪ੍ਰਫੁੱਲਤਾ ਲਈ ਇਕ ਮਾਸਿਕ ਰਸਾਲਾ ਵੀ ਜਲਦ ਪ੍ਰਕਾਸ਼ਿਤ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਮ੍ਰਿਤ ਇੰਡੋ-ਕੈਨੇਡੀਅਨ ਅਕੈਡਮੀ ਦੇ ਡਾਇਰੈਕਟਰ ਹਰਮਿੰਦਰ ਸਿੰਘ ਤੇ ਪਿੰ੍ਰਸੀਪਲ ਜਸਕਿਰਨ ਕੌਰ, ਇਸਮਾ ਦੇ ਉਪ ਚੇਅਰਮੈਨ ਅਵਤਾਰ ਸਿੰਘ ਗੱਤਕਾ ਕੋਚ ਅਤੇ ਰਘਵੀਰ ਚੰਦ ਚੰਡੀਗੜ੍ਹ, ਸਕੱਤਰ ਉਦੈ ਸਿੰਘ, ਵਿੱਤ ਸਕੱਤਰ ਬਲਜੀਤ ਸਿੰਘ ਸੈਣੀ ਅਤੇ ਜ਼ਿਲ੍ਹਾ ਕੋਆਰਡੀਨੇਟਰਾਂ ਵਿੱਚ ਤਲਵਿੰਦਰ ਸਿੰਘ ਫਿਰੋਜ਼ਪੁਰ, ਹਰਕਿਰਨਜੀਤ ਸਿੰਘ ਫਾਜ਼ਿਲਕਾ, ਲਖਬੀਰ ਸਿੰਘ ਹੁਸ਼ਿਆਰਪੁਰ, ਹਰਜੀਤ ਸਿੰਘ ਗਿੱਲ ਬਠਿੰਡਾ, ਹਰਜਿੰਦਰ ਸਿੰਘ ਤਰਨਤਾਰਨ, ਮਨਜੀਤ ਸਿੰਘ ਬੁਟਾਹਰੀ, ਪ੍ਰੈਸ ਸਕੱਤਰ ਹਰਜਿੰਦਰ ਤੋਂ ਇਲਾਵਾ ਹਰਬੀਰ ਸਿੰਘ ਫਿਰੋਜਪੁਰ, ਪਰਮਿੰਦਰ ਸਿੰਘ ਸਿੱਧੂ, ਹਰਪ੍ਰਿਤਪਾਲ ਸਿੰਘ ਜਲੰਧਰ, ਸ਼ਿੰਦਰਪਾਲ ਸਿੰਘ, ਹਰਵਿੰਦਰ ਸਿੰਘ ਪਠਾਨਕੋਟ, ਸੁਖਦੀਪ ਸਿੰਘ, ਕੁਲਦੀਪ ਸਿੰਘ, ਅਮਨਦੀਪ ਸਿੰਘ ਭੱਟੀ, ਅੰਗਰੇਜ ਸਿੰਘ, ਪ੍ਰਿਤਪਾਲ ਸਿੰਘ ਬੱਸੀਆਂ, ਸ਼ਿਵਕਰਨ ਸਿੰਘ ਭਾਈਰੂਪਾ, ਜਗਸੀਰ ਸਿੰਘ ਬਰਨਾਲਾ, ਬਲਵਿੰਦਰ ਸਿੰਘ ਹੰਭੜਾਂ ਤੇ ਸੁਖਦਰਸ਼ਨ ਸਿੰਘ ਵੀ ਹਾਜ਼ਰ ਸਨ।