ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ (ਡੀ.ਏ.) ਦੀ ਬਾਕਾਇਆ ਰਾਸ਼ੀ (ਏਰੀਅਰ) ਨਗਦ ਦੇਣ ਦਾ ਫੈਸਲਾ ਕੀਤਾ ਹੈ। ਇਹ ਐਲਾਨ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕਰਦਿਆਂ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ 1 ਜੁਲਾਈ 2014 ਤੋਂ 28 ਫਰਵਰੀ 2015 ਤੱਕ ਅੱਠ ਮਹੀਨਿਆਂ ਦਾ 7 ਫੀਸਦੀ ਦੀ ਦਰ ਨਾਲ ਡੀ.ਏ. ਦਾ ਏਰੀਅਰ ਅਤੇ 1 ਜਨਵਰੀ 2014 ਤੋਂ 30 ਸਤੰਬਰ 2014 ਤੱਕ ਨੌਂ ਮਹੀਨਿਆਂ ਦਾ 10 ਫੀਸਦੀ ਦਰ ਡੀ.ਏ. ਦਾ ਏਰੀਅਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਗਦ ਮਿਲੇਗਾ।ਸ.ਢੀਂਡਸਾ ਨੇ ਦੱਸਿਆ ਕਿ 1 ਜੁਲਾਈ 2014 ਤੋਂ 28 ਫਰਵਰੀ 2015 ਤੱਕ ਅੱਠ ਮਹੀਨਿਆਂ ਦੇ 7 ਫੀਸਦੀ ਦੀ ਦਰ ਨਾਲ ਡੀ.ਏ. ਦੇ ਏਰੀਅਰ ਦੀ 50 ਫੀਸਦੀ ਰਾਸ਼ੀ 1 ਜੁਲਾਈ 2016 ਤੋਂ 30 ਸਤੰਬਰ 2016 ਤੱਕ ਦੇ ਸਮੇਂ ਦੌਰਾਨ ਅਤੇ ਬਾਕੀ ਬਚਦੀ 50 ਫੀਸਦੀ ਰਾਸ਼ੀ 1 ਅਕਤੂਬਰ 2016 ਤੋਂ 31 ਦਸੰਬਰ 2016 ਤੱਕ ਦੇ ਸਮੇਂ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਗਦ ਮਿਲੇਗੀ। ਇਸੇ ਤਰ੍ਹਾਂ 1 ਜਨਵਰੀ 2014 ਤੋਂ 30 ਸਤੰਬਰ 2014 ਤੱਕ ਨੌਂ ਮਹੀਨਿਆਂ ਦੇ 10 ਫੀਸਦੀ ਦਰ ਨਾਲ ਡੀ.ਏ. ਦੇ ਏਰੀਅਰ ਦੀ 50 ਫੀਸਦੀ ਰਾਸ਼ੀ 1 ਜਨਵਰੀ 2017 ਤੋਂ 31 ਮਾਰਚ 2017 ਤੱਕ ਦੇ ਸਮੇਂ ਅਤੇ ਬਾਕੀ ਬਚਦੀ 50 ਫੀਸਦੀ ਰਾਸ਼ੀ 1 ਅਪਰੈਲ 2017 ਤੋਂ 30 ਜੂਨ 2017 ਤੱਕ ਦੇ ਸਮੇਂ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਗਦ ਰਾਸ਼ੀ ਮਿਲੇਗੀ।ਇਸ ਸਬੰਧੀ ਵਿੱਤ ਵਿਭਾਗ ਵੱਲੋਂ ਅੱਜ ਬਾਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਕੇ ਇਸ ਦੀ ਕਾਪੀ ਸਮੂਹ ਵਿਭਾਗਾਂ ਦੇ ਮੁਖੀਆਂ, ਡਿਵੀਜ਼ਨਾਂ ਦੇ ਕਮਿਸ਼ਨਰਾਂ, ਪੰਜਾਬਾ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ, ਜ਼ਿਲਾ ਤੇ ਸੈਸ਼ਨ ਜੱਜਾਂ ਅਤੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਭੇਜ ਦਿੱਤੀ ਹੈ।