ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਵੱਲੋਂ 9 ਸਾਲਾਂ ਵਿਚ ਵੱਖ-ਵੱਖ ਖੇਤਰਾਂ ਵਿਚ ਕੀਤੇ ਇਤਿਹਾਸਕ ਅਤੇ ਮਾਣਮੱਤੇ ਵਿਕਾਸ ਦੀ ਗੱਲ ਕਰਦਿਆਂ ਪੰਜਾਬਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਲੋਕ 2017 ਵਿਚ ਫਿਰ ਤੋਂ ਉਨ੍ਹਾਂ ਦੀ ਸਰਕਾਰ ਨੂੰ ਸੇਵਾ ਦਾ ਮੌਕਾ ਦੇਣ ਤਾਂ ਜੋ ਹਰੇਕ ਖੇਤਰ ਜਿਵੇਂ ਸ਼ਹਿਰੀ, ਦਿਹਾਤੀ, ਸਨਅਤਾਂ ਅਤੇ ਵੱਖ-ਵੱਖ ਸਮਾਜਿਕ ਖੇਤਰਾਂ ਦੀ ਕਾਇਆ ਕਲਪ ਵਿਚ ਹੋਰ ਤੇਜ਼ੀ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਮੇਂ ਕੇਂਦਰ ਵਿਚ ਵੀ ਉਨ੍ਹਾਂ ਦੀ ਭਾਈਵਾਲ ਪਾਰਟੀ ਭਾਜਪਾ ਦੀ ਹਕੂਮਤ ਹੈ ਇਸ ਲਈ ਪੰਜਾਬ ਵਿਚ ਅਕਾਲੀ-ਭਾਜਪਾ ਦੀ ਸਰਕਾਰ ਬੇਹਤਰ ਤਾਲਮੇਲ ਰਾਹੀਂ ਸੂਬੇ ਦੇ ਵਿਕਾਸ ਨੂੰ ਹੋਰ ਬੁਲੰਦੀਆਂ 'ਤੇ ਲੈ ਜਾ ਸਕੇਗੀ। ਉਨ੍ਹਾਂ ਕਿਹਾ ਕਿ ਅਗਲੇ ਸਾਲਾਂ ਵਿਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਜਾਵੇਗਾ।ਇੱਥੇ ਕੇਂਦਰ ਸਰਕਾਰ ਦੇ ਦੋ ਸਾਲ ਪੂਰੇ ਹੋਣ ਮੌਕੇ ਕਰਵਾਏ ਇਕ ਸਮਾਗਮ 'ਐਨ.ਡੀ.ਏ. ਜਨਤਾ ਦਰਬਾਰ ਵਿਚ' ਮੌਕੇ ਆਪਣੇ ਸੰਬੋਧਨ ਦੌਰਾਨ ਸ. ਸੁਖਬੀਰ ਸਿੰਘ ਬਾਦਲ ਨੇ ਇਕ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਵਿਕਾਸ ਕਾਰਜਾਂ ਦੀ ਝੜੀ ਲਾ ਦਿੱਤੀ ਹੈ ਪਰ ਸਿਆਸੀ ਵਿਰੋਧੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਅਤੇ ਉਹ ਆਪਣੇ ਸਿਆਸੀ ਹਿੱਤਾਂ ਕਾਰਣ ਝੂਠਾ ਪ੍ਰਚਾਰ ਕਰ ਰਹੇ ਹਨ ਜਿਸ ਨਾਲ ਪੰਜਾਬ ਬਦਨਾਮ ਹੋ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿਚ ਪੰਜਾਬ ਸਰਕਾਰ ਨੇ ਵਿੱਤੀ ਹਾਲਤ ਨੂੰ ਸੁਧਾਰਨ ਲਈ ਕਈ ਸਾਰਥਕ ਕਦਮ ਚੁੱਕੇ ਹਨ ਜਿਸ ਨਾਲ ਜਿੱਥੇ ਨਾ ਸਿਰਫ ਸੂਬੇ ਦੀ ਵਿੱਤੀ ਹਾਲਤ ਵਿਚ ਸੁਧਾਰ ਹੋਇਆ ਬਲਕਿ ਪੰਜਾਬ ਵਿਚ ਟੈਕਸ ਪ੍ਰਾਪਤੀਆਂ ਦਾ ਵਾਧਾ ਹੋਇਆ ਅਤੇ ਕਰਜ਼ੇ ਦੀ ਦਰ ਵਿਚ ਵੀ ਕਮੀ ਆਈ। ਉਨ੍ਹਾਂ ਕਿਹਾ ਕਿ ਕਰਜ਼ੇ ਬਾਰੇ ਵਿਰੋਧੀ ਸਿਆਸੀ ਝੂਠਾ ਪ੍ਰਚਾਰ ਕਰ ਰਹੇ ਹਨ ਜਦਕਿ ਹਰਿਆਣਾ, ਤਾਮਿਲਨਾਡੂ ਅਤੇ ਗੁਜਰਾਤ ਵਰਗੇ ਸੂਬਿਆਂ ਵਿਚ ਕਰਜ਼ਾ ਦਰ ਪੰਜਾਬ ਨਾਲੋਂ ਕਿਤੇ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਮਦਨ ਵਧਾ ਕੇ ਤਰੱਕੀ ਕੀਤੀ ਹੈ ਜਦਕਿ ਕਰਜ਼ਾ ਉਸ ਦਰ ਨਾਲ ਕਾਫੀ ਘੱਟ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੌਜੂਦਾ ਸਰਕਾਰ ਨੇ ਬੁਨਿਆਦੀ ਸਹੂਲਤਾਂ ਦੇ ਖੇਤਰ ਵਿਚ ਵੀ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਬਿਜਲੀ ਪੈਦਾਵਾਰ, ਪ੍ਰਸ਼ਾਸਕੀ ਸੁਧਾਰ ਅਤੇ ਸਨਅਤੀ ਖੇਤਰਾਂ ਦੀ ਬੇਹਤਰੀ ਲਈ ਲਏ ਫੈਸਲਿਆਂ ਨੇ ਜਿੱਥੇ ਪੰਜਾਬਵਾਸੀਆਂ ਦਾ ਜੀਵਨ ਸੁਖਾਲਾ ਕੀਤਾ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਵੱਲੋਂ ਵੋਟਰਾਂ ਨਾਲ ਕੀਤੇ ਵਾਅਦਿਆਂ ਦੀ ਵੀ ਸਫਲਤਾਪੂਰਵਕ ਪ੍ਰਾਪਤੀ ਕੀਤੀ ਗਈ ਹੈ। ਇਸ ਮੌਕੇ ਉੱਪ ਮੁੱਖ ਮੰਤਰੀ ਨੇ ਵਿਰੋਧੀਆਂ ਵੱਲੋਂ ਜਾਣ ਬੁੱਝ ਕੇ ਨਸ਼ਿਆਂ, ਵਿੱਤੀ ਹਾਲਾਤ ਅਤੇ ਪੰਜਾਬ ਸਰਕਾਰ ਬਾਰੇ ਕੀਤੇ ਜਾ ਰਹੇ ਝੂਠੇ ਅਤੇ ਨਾਕਰਾਤਮਕ ਪ੍ਰਚਾਰ ਦੀ ਗੱਲ ਤੱਥਾਂ ਸਹਿਤ ਕੀਤੀ ਅਤੇ ਪੰਜਾਬ ਦੀ ਮੌਜੂਦਾ ਅਸਲੀਅਤ ਲੋਕਾਂ ਸਾਹਮਣੇ ਰੱਖੀ। ਕੇਂਦਰੀ ਟੈਕਸਾਂ ਵਿਚ ਕਾਣੀਵੰਡ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਿਰਫ 29 ਫੀਸਦੀ ਹਿੱਸਾ ਮਿਲਦਾ ਹੈ ਜਦਕਿ ਉੱਤਰਪ੍ਰਦੇਸ਼ ਨੂੰ 76 ਫੀਸਦੀ, ਝਾਰਖੰਡ ਨੂੰ 81 ਫੀਸਦੀ ਅਤੇ ਬਿਹਾਰ ਨੂੰ ਕੇਂਦਰੀ ਟੈਕਸਾਂ ਵਿਚੋਂ 120 ਫੀਸਦੀ ਹਿੱਸਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਖੇਤਰਫਲ ਅਤੇ ਜਨਸੰਖਿਆ ਦੇ ਆਧਾਰ 'ਤੇ ਪੰਜਾਬ ਨੂੰ ਕੇਂਦਰੀ ਫੰਡਾਂ ਵਿਚੋਂ ਘੱਟ ਹਿੱਸਾ ਮਿਲਦਾ ਸੀ। ਯੂਪੀਏ ਦੀ ਸਰਕਾਰ ਦੌਰਾਨ ਸਾਨੂੰ ਸਾਡੀ ਯੋਗਤਾ ਦੀ ਸਜ਼ਾ ਘੱਟ ਟੈਕਸਾਂ ਦੇ ਰੂਪ ਵਿਚ ਮਿਲਦੀ ਰਹੀ ਹੈ ਜਦਕਿ ਹੁਣ ਐਨਡੀਏ ਦੀ ਸਰਕਾਰ ਆਉਣ ਤੋਂ ਬਾਅਦ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਪੰਜਾਬ ਦੀ ਬਾਂਹ ਫੜੀ ਹੈ।ਹੋਰ ਪ੍ਰਾਪਤੀਆਂ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਪੰਜਾਬ ਦੇਸ਼ ਦਾ ਇਕੋ ਇਕ ਅਜਿਹਾ ਸੂਬਾ ਹੈ ਜੋ ਵਾਧੂ ਬਿਜਲੀ ਵਾਲਾ ਹੈ ਅਤੇ ਇੱਥੇ ਹਰੇਕ ਘਰ ਨੂੰ ਬਿਜਲੀ ਦੀ 24 ਘੰਟੇ ਸੱਤੇ ਦਿਨ ਨਿਰੰਤਰ ਸਪਲਾਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇਸ਼ ਦਾ ਇਕੋ ਇਕ ਅਜਿਹਾ ਸੂਬਾ ਹੈ ਜਿੱਥੇ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪੀਐਸਪੀਸੀਐਲ ਜਿਸਨੂੰ ਕਿ ਬਿਹਤਰੀਨ ਬਿਜਲੀ ਵਰਤੋਂ ਦਾ ਐਵਾਰਡ ਮਿਲ ਚੁੱਕਿਆ ਹੈ, 2007 ਵਿਚ ਘਾਟੇ ਵਿਚ ਸੀ ਜਿਸਨੂੰ ਕਿ ਹੁਣ ਲਾਭ ਵਿਚ ਲਿਆਂਦਾ ਗਿਆ ਹੈ। ਪੀਐਸਪੀਸੀਐਲ ਨੂੰ ਦੇਸ਼ ਭਰ ਵਿਚੋਂ ਬਿਹਤਰੀਨ ਬਿਜਲੀ ਵੰਡ ਦਾ ਐਵਾਰਡ ਵੀ ਮਿਲ ਚੁੱਕਾ ਹੈ। ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਰਾਜ ਦੌਰਾਨ ਇਕ ਵੀ ਨਵਾਂ ਥਰਮਲ ਪਲਾਂਟ ਨਹੀਂ ਲਾਇਆ ਜਦਕਿ ਅਕਾਲੀ-ਭਾਜਪਾ ਸਰਕਾਰ ਨੇ ਤਿੰਨ ਨਵੇਂ ਪਲਾਂਟ ਸਥਾਪਿਤ ਕੀਤੇ ਹਨ।
ਉਨਾਂ ਦੱਸਿਆ ਕਿ ਪੰਜਾਬ ਨੇ ਦੁਨੀਆਂ ਭਰ ਦੇ ਨਿਵੇਸ਼ਕਾਂ ਨੂੰ ਸੌਖੇ ਅਤੇ ਖੱਜਲ-ਖੁਆਰੀ ਰਹਿਤ ਤਰੀਕੇ ਨਾਲ ਸੇਵਾਵਾਂ ਦੇਣ ਦੀ ਪਹਿਲਕਦਮੀ ਕੀਤੀ ਹੈ ਜਿਸ ਲਈ ਇਕ ਵਿਲੱਖਣ ਅਤੇ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਪੰਜਾਬ ਇਨਵੈਸਟ ਪ੍ਰਮੋਸ਼ਨ ਬਿਊਰੋ ਨਾਂ ਦਾ ਦਫਤਰ ਖੋਲਿ•ਆ ਹੈ ਜਿੱਥੇ ਨਵੀਂ ਸਨਅਤ ਖੋਲ•ਣ ਲਈ 18 ਵਿਭਾਗਾਂ ਦੀ ਮੰਜ਼ੂਰੀ ਦੀਆਂ ਤਾਕਤਾਂ ਇਕ ਹੀ ਅਧਿਕਾਰੀ ਨੂੰ ਦੇ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਤਜ਼ਰਬਾ ਹੋਰ ਕਿਤੇ ਵੀ ਕਿਸੇ ਨੇ ਕਦੇ ਨਹੀਂ ਵਰਤਿਆਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇਸ ਪਹਿਲਕਦਮੀ ਦੇ ਸਫਲ ਨਤੀਜੇ ਸਾਹਮਣੇ ਆਏ ਹਨ। ਉਨਾਂ ਕਿਹਾ ਕਿ ਹੁਣ ਸਥਿਤੀ ਇਹ ਹੈ ਕਿ ਪੰਜਾਬ ਵਿਚ ਨਵਾਂ ਨਿਵੇਸ਼ ਕਰਨ ਵਾਲੀਆਂ ਸਨਅਤਾਂ ਨੂੰ ਦੇਸ਼ ਭਰ ਵਿਚੋਂ ਸਭ ਤੋਂ ਘੱਟ 4.99 ਰੁਪਏ ਪ੍ਰਤੀ ਯੂਨਿਟ ਦੇ ਭਾਅ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਦੇਸ਼ ਦੇ ਹੋਰ ਸੂਬੇ ਸਨਅਤਾਂ ਨੂੰ 7 ਤੋਂ 10 ਰੁਪਏ ਪ੍ਰਤੀ ਯੂਨਿਟ ਤੱਕ ਬਿਜਲੀ ਸਪਲਾਈ ਕਰ ਰਹੇ ਹਨ। ਇਸੇ ਤਰਾਂ ਪੰਜਾਬ ਦੇ ਮੁਕਾਬਲੇ ਹਰਿਆਣਾ, ਦਿੱਲੀ ਅਤੇ ਹੋਰ ਸੂਬਿਆਂ ਵਿਚ ਘਰੇਲੂ ਬਿਜਲੀ ਵੀ ਕਿਤੇ ਮਹਿੰਗੀ ਦਿੱਤੀ ਜਾ ਰਹੀ ਹੈ। ਸ. ਬਾਦਲ ਨੇ ਕਿਹਾ ਕਿ ਸਮਾਜਿਕ, ਵਿੱਤੀ ਅਤੇ ਖੇਤੀ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਦੇ ਨਾਲ-ਨਾਲ ਪੰਜਾਬ ਨੇ ਸੜਕੀ ਨੈੱਟਵਰਕ ਵਿਚ ਵੀ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਹੈ। ਉਨ੍ਹਾਂ ਕਿਹਾ ਕਿ 20000 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਵੱਖ-ਵੱਖ ਸੜਕਾਂ ਨੂੰ 4-6 ਮਾਰਗੀ ਕੀਤਾ ਜਾ ਰਿਹਾ ਹੈ ਜਦਕਿ ਕਾਂਗਰਸ ਸਰਕਾਰ ਦੌਰਾਨ ਸੜਕਾਂ ਦੇ ਨਿਰਮਾਣ ਉੱਤੇ ਸਿਰਫ 3000 ਕਰੋੜ ਰੁਪਏ ਖਰਚ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਪੰਜਾਬ ਵਿਚ ਸੜਕਾਂ ਦੀ ਨੁਹਾਰ ਬਦਲ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਹਵਾਈ ਆਵਾਜਾਈ ਦੇ ਖੇਤਰ ਵਿਚ ਵੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਮਾਣਮੱਤੀਆਂ ਹਨ। ਉਨ੍ਹਾਂ ਕਿਹਾ ਕਿ ਛੋਟੇ ਜਿਹੇ ਸੂਬੇ ਵਿਚ ਅੰਮ੍ਰਿਤਸਰ ਅਤੇ ਐਸ.ਏ.ਐਸ. ਨਗਰ ਦੋ ਕੌਮਾਂਤਰੀ ਏਅਰਪੋਰਟ ਹੋ ਜਾਣ ਨਾਲ ਪੰਜਾਬ ਦੇਸ਼ ਦੇ ਚੋਣਵੇਂ ਰਾਜਾਂ ਵਿਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਬਠਿੰਡਾ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਬਹੁਤ ਜਲਦ ਸ਼ੁਰੂ ਹੋ ਰਹੀਆਂ ਹਨ।
ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਦੀ ਨੁਹਾਰ ਬਦਲਣ ਵਿਚ ਵੀ ਸਾਡੀ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਅਤੇ ਪਿਛਲੀ ਕਾਂਗਰਸ ਸਰਕਾਰ ਦੇ ਮੁਕਾਬਲੇ ਕਈ ਗੁਣਾਂ ਜ਼ਿਆਦਾ ਪੈਸਾ ਸ਼ਹਿਰਾਂ ਦੇ ਵਿਕਾਸ 'ਤੇ ਲਾਇਆ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਹੈ। ਇਸ ਦੇ ਨਾਲ ਹੀ ਸਰਕਾਰੀ ਨੌਕਰੀਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ 1.15 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਚੁੱਕਾ ਹੈ ਅਤੇ 1.13 ਲੱਖ ਭਰਤੀਆਂ ਦੀ ਪ੍ਰਕਿਰਿਆ ਜਾਰੀ ਹੈ ਜਦਕਿ 2002-07 ਦੀ ਕਾਂਗਰਸ ਸਰਕਾਰ ਨੇ ਸਿਰਫ 24000 ਨੌਕਰੀਆਂ ਦਿੱਤੀਆਂ। ਇਸ ਮੌਕੇ ਉੱਪ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਬਠਿੰਡਾ ਨੂੰ ਆਲ ਇੰਡੀਆ ਮੈਡੀਕਲ ਇੰਸਟੀਚਿਊਟ, ਅੰਮ੍ਰਿਤਸਰ ਨੂੰ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਪੰਜਾਬ ਲਈ ਹੋਰ ਵੱਡੇ ਤੇ ਵੱਕਾਰੀ ਪ੍ਰੋਜੈਕਟ ਦੇਣ ਲਈ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਬੋਲਦਿਆਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਯੂ.ਪੀ.ਏ. ਸਰਕਾਰ ਨੇ ਹਮੇਸ਼ਾਂ ਪੰਜਾਬ ਨਾਲ ਵਿਤਕਰਾ ਕੀਤਾ ਅਤੇ ਪੰਜਾਬ ਖਾਸ ਤੌਰ 'ਤੇ ਬਠਿੰਡਾ ਦੇ ਵਿਕਾਸ ਨੂੰ ਅਣਡਿੱਠਾ ਕੀਤਾ ਜਦਕਿ ਐਨ.ਡੀ.ਏ. ਸਰਕਾਰ ਨੇ ਬਠਿੰਡਾ ਨੂੰ ਉਨ੍ਹਾਂ 200 ਸ਼ਹਿਰਾਂ ਵਿਚੋਂ ਇਕ ਚੁਣਿਆਂ ਜਿੱਥੇ ਐਨ.ਡੀ.ਏ. ਸਰਕਾਰ ਦੇ 2 ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਦੱਸਿਆ ਜਾਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 6 ਮਹੀਨਿਆਂ ਵਿਚ ਦੇਸ਼ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਵਿਚ ਹੋਏ ਵਾਧੇ ਸਦਕਾ ਭਾਰਤ ਦੀ ਵਿਕਾਸ ਦਰ ਵੱਧ ਕੇ 7.9 ਫੀਸਦੀ ਹੋ ਗਈ ਹੈ। ਸ੍ਰੀਮਤੀ ਬਾਦਲ ਨੇ ਕਿਹਾ ਕਿ ਇਸ ਦੇ ਉਲਟ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਘਪਲਿਆਂ ਦੀ ਸਰਕਾਰ ਸੀ ਅਤੇ ਉਸ ਦੇ 10 ਸਾਲਾਂ ਦੇ ਰਾਜ ਦੌਰਾਨ ਨਿੱਤ ਕੋਈ ਨਾ ਕੋਈ ਘਪਲਾ ਉਜਾਗਰ ਹੁੰਦਾ ਰਹਿੰਦਾ ਸੀ।
ਬਾਅਦ ਵਿਚ ਬੋਲਦਿਆਂ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਐਨ.ਡੀ.ਏ. ਸਰਕਾਰ ਦੀਆਂ ਪਿਛਲੇ ਦੋ ਸਾਲਾਂ ਦੌਰਾਨ ਦੀਆਂ ਵੱਡੀਆਂ ਪ੍ਰਾਪਤੀਆਂ ਗਿਣਾਈਆਂ ਅਤੇ ਕਿਹਾ ਕਿ ਕੇਂਦਰ ਸਰਕਾਰ ਨੇ ਛੋਟੇ ਸ਼ਹਿਰਾਂ ਵਿਚ 35 ਨਵੇਂ ਹਵਾਈ ਅੱਡੇ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਐਨ.ਡੀ.ਏ. ਸਰਕਾਰ ਨੇ ਪਿਛਲੇ ਦੋ ਸਾਲਾਂ ਦੌਰਾਨ 10000 ਕਿਲੋਮੀਟਰ ਹਾਈਵੇਅ ਸੜਕਾਂ ਬਣਾਈਆਂ ਹਨ ਜਦਕਿ 400 ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਦਿੱਖ ਦੇਣ ਦੀ ਤਿਆਰੀ ਹੈ। ਕੈਪਟਨ ਅਮਰਿੰਦਰ ਸਿੰਘ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਜਦੋਂ ਉਸ ਦੇ ਪਰਿਵਾਰ ਦੇ ਵਿਦੇਸ਼ੀ ਖਾਤਿਆਂ ਵਿਚ ਕਾਲਾ ਧਨ ਹੋਣ ਬਾਰੇ ਪਤਾ ਚੱਲ ਗਿਆ ਹੈ ਤਾਂ ਕੈਪਟਨ ਬੇਮਤਲਬੇ ਬਿਆਨ ਦੇ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕੇਂਦਰ ਦੀ ਐਨ.ਡੀ.ਏ. ਸਰਕਾਰ ਹਮੇਸ਼ਾਂ ਹੀ ਪੰਜਾਬ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੈ ਅਤੇ ਅਕਾਲੀ-ਭਾਜਪਾ ਗੱਠਜੋੜ ਵਿਕਾਸ ਦੇ ਮੁੱਦੇ 'ਤੇ 2017 ਵਿਚ ਜਿੱਤ ਦੀ ਹੈਟ੍ਰਿਕ ਲਗਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਂਦਰੀ ਸਮਾਜਿਕ ਨਿਆਂ ਮੰਤਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਵਿਜੇ ਸਾਂਪਲਾ, ਕੇਂਦਰੀ ਰਾਜ ਮੰਤਰੀ ਸ੍ਰੀ ਉਪਿੰਦਰ ਕੁਸ਼ਵਾਹਾ, ਸੰਸਦ ਮੈਂਬਰ ਸ੍ਰੀ ਪ੍ਰਭਾਤ ਝਾਅ, ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ, ਪੰਜਾਬ ਦੇ ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ, ਮੇਅਰ ਬਲਵੰਤ ਰਾਏ ਨਾਥ, ਸਾਬਕਾ ਪੰਜਾਬ ਭਾਜਪਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਤੇ ਅਸ਼ਵਨੀ ਸ਼ਰਮਾ ਅਤੇ ਬਠਿੰਡਾ ਜ਼ਿਲਾ ਭਾਜਪਾ ਪ੍ਰਧਾਨ ਸ੍ਰੀ ਮੋਹਿਤ ਗੁਪਤਾ, ਸੀਨੀਅਰ ਡਿਪਟੀ ਮੇਅਰ ਸ੍ਰੀ ਤਰਸੇਮ ਗੋਇਲ, ਡਿਪਟੀ ਮੇਅਰ ਸ੍ਰੀਮਤੀ ਗੁਰਿੰਦਰ ਕੌਰ ਮਾਂਗਟ, ਸਾਬਕਾ ਐਮ.ਪੀ. ਬੀਬੀ ਪਰਮਜੀਤ ਕੌਰ ਗੁਲਸ਼ਨ, ਸਟੇਟ ਮੀਡੀਆ ਇੰਚਾਰਜ਼ ਭਾਜਪਾ ਸ੍ਰੀ ਸੁਨੀਲ ਸਿੰਗਲਾ, ਕੁਆਡੀਨੇਟਰ ਸ੍ਰੀ ਦਿਆਲ ਸਿੰਘ ਸੋਢੀ ਅਤੇ ਸ੍ਰੀ ਨੀਰਜ਼ ਤਾਇਲ, ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਸ਼੍ਰੀ ਜੀਤ ਮਹਿੰਦਰ ਸਿੰਘ ਸਿੱਧੂ, ਡਾ. ਓਮ ਪ੍ਰਕਾਸ਼ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ-ਭਾਜਪਾ ਆਗੂ ਹਾਜ਼ਰ ਸਨ।