ਸਿੱਖ ਦੇ ਸਰਤਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 300 ਸਾਲਾ ਸ਼ਤਾਬਦੀ 'ਤੇ ਕੰਟੀਨੇਂਟਲ ਗਰੁੱਪ ਆਫ ਇੰਸਟੀਚਿਊਟ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਟ ਭੇਂਟ ਕੀਤੇ। ਇਸ ਮੌਕੇ ਸਜਾਏ ਗਏ ਨਗਰ ਕੀਰਤਨ 'ਖਾਲਸਾ ਸ਼ਹੀਦੀ ਮਾਰਚ' ਦਾ ਕੰਟੀਨੇਂਟਲ ਗਰੁੱਪ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਨਿੱਘਾ ਸਵਾਗਤ ਕੀਤਾ।ਇਹ ਮਾਰਚ ਜੋ ਗੁਰਦਾਸ ਨੰਗਲ ਤੋਂ 21 ਮਈ ਨੂੰ ਸਵੇਰੇ ਸ਼ੁਰੂ ਹੋਇਆ ਸੀ, ਅੱਜ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਰੁਕਣ ਤੋਂ ਬਾਅਦ 29 ਮਈ ਨੂੰ ਦਿੱਲੀ ਪਹੁੰਚੇਗਾ।ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਾਲਕੀ ਨੂੰ ਫੁੱਲਾਂ ਨਾਲ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਜਾਇਆ ਹੋਇਆ ਸੀ ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ 'ਤੇ ਹੋ ਰਹੀ ਰੰਗ-ਬਿਰੰਗੇ ਫੁੱਲਾਂ ਦੀ ਵਰਖਾ ਦੌਰਾਨ ਮਿੱਠੀ-ਮਿੱਠੀ ਖੂਸ਼ਬੂ ਆ ਰਹੀ ਸੀ ਅਤੇ ਲੋਕ ਸ਼ਬਦ ਪੜ੍ਹਦੇ ਜਾ ਰਹੇ ਸਨ।ਇਸ ਮੌਕੇ 'ਤੇ ਡਾਇਰੈਕਟਰ ਡਾ. ਐਮ. ਐਸ. ਗਰੇਵਾਲ ਨੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕਰਦੇ ਹੋਏ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਵੱਲੋਂ ਦਰਸਾਏ ਮਾਰਗ 'ਤੇ ਚੱਲਦੇ ਹੋਏ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ. ਦੀਦਾਰ ਸਿੰਘ ਭੱਟੀ ਵੀ ਮੌਜੂਦ ਰਹੇ ਅਤੇ ਆਈ ਹੋਈ ਸੰਗਤ ਲਈ ਠੰਡੇ-ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ।