ਸੰਤ ਕਬੀਰ ਜੀ ਦੇ 618ਵੇਂ ਪ੍ਰਗਟ ਦਿਵਸ ਮੌਕੇ 12 ਜੂਨ ਨੂੰ ਪਾਣੀ ਵਾਲੀ ਟੈਂਕੀ ਨੇੜੇ ਜਵਾਹਰ ਨਗਰ ਕੈਂਪ 'ਚ ਸਲਾਨਾ ਸਮਾਰੋਹ ਦਾ ਅਯੋਜਨ ਕੀਤਾ ਜਾ ਰਿਹਾ ਹੈ। ਸਮਾਰੋਹ ਦੀਆਂ ਤਿਆਰੀਆਂ ਨੂੰ ਲੈ ਕੇ ਸਤਗੁਰੂ ਕਬੀਰ ਸੇਵਾ ਸੰਘ ਦੀ ਇਕ ਮੀਟਿੰਗ ਦਾ ਅਯੋਜਨ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਬਲਜਿੰਦਰ ਸਿੰਘ ਬੰਟੀ ਨੇ ਕੀਤੀ। ਜਿਥੇ ਉਨ੍ਹਾ ਨੇ ਸਮਾਰੋਹ ਦੀਆਂ ਤਿਆਰੀਆਂ ਨੂੰ ਲੈ ਕੇ ਵੱਖ ਵੱਖ ਮੁੱਦਿਆਂ 'ਤੇ ਚਰਚਾ ਕੀਤੀ।ਮੀਟਿੰਗ ਦੀ ਕਾਰਵਾਈ ਦੇ ਸਬੰਧ 'ਚ ਜਾਣਕਾਰੀ ਦਿੰਦਿਆਂ ਬੰਟੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ 12 ਜੂਨ ਨੂੰ ਅਯੋਜਿਤ ਕੀਤੇ ਜਾ ਰਹੇ ਇਸ ਸਮਾਰੋਹ 'ਚ 10ਵੀਂ ਤੇ 12ਵੀਂ ਜਮਾਤ 'ਚ ਵਧੀਆ ਨੰਬਰ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਸੰਸਥਾ ਸਮਾਜ ਭਲਾਈ 'ਚ ਅਗਾਂਹਵਧੂ ਲੋਕਾਂ ਨੂੰ ਵੀ ਸਨਮਾਨਿਤ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸੰਸਥਾ ਦਾ ਉਦੇਸ਼ ਸੰਤ ਕਬੀਰ ਜੀ ਦੀ ਸੋਚ 'ਤੇ ਚੱਲਦਿਆਂ ਉਨ੍ਹਾਂ ਦੇ ਮਹਾਨ ਵਿਚਾਰਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਹੈ। ਇਸ ਉਦੇਸ਼ ਹੇਠ ਹਰ ਸਾਲ ਵੱਡੇ ਪੱਧਰ 'ਤੇ ਪ੍ਰੋਗਰਾਮ ਦਾ ਅਯੋਜਨ ਕੀਤਾ ਜਾਂਦਾ ਹੈ। ਬੰਟੀ ਨੇ ਦੱਸਿਆ ਕਿ ਸਮਾਰੋਹ ਨੂੰ ਲੈ ਕੇ ਸਾਰੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ ਅਤੇ ਮੈਂਬਰਾਂ ਤੇ ਇਲਾਕੇ ਦੇ ਲੋਕਾਂ 'ਚ ਅਯੋਜਨ ਨੂੰ ਲੈ ਕੇ ਕਾਫੀ ਉਤਸਾਹ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਤਿਲਕ ਰਾਜ ਕੋਸ਼ਲ, ਸੁਭਾਸ਼ ਭਗਤ, ਰਾਜ ਕੁਮਾਰ ਭਗਤ, ਪੁਰਸ਼ੋਤਮ ਲਾਲ, ਰਾਮ ਲਾਲ ਬੱਗੀ, ਮਾਸਟਰ ਗੁਰਦੇਵ ਭਗਤ, ਅਸ਼ਵਨੀ ਬਾਬਾ, ਜੀਤ ਲਾਲ, ਸੁਨੀਲ ਕੁਮਾਰ, ਤਰਸੇਮ ਲਾਲ, ਵਿਨੋਦ ਕੁਮਾਰ ਵੀ ਮੌਜ਼ੂਦ ਰਹੇ।