ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਮੌਜੂਦਾ ਸਰਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਸਰਕਾਰ ਨੇ ਸਾਰੇ ਧਰਮਾਂ ਦੇ ਸੁਭ ਦਿਹਾੜਿਆਂ ਨੂੰ ਸਰਕਾਰੀ ਪੱਧਰ ਤੇ ਮਨਾਉਣ ਨੂੰ ਤਰਜੀਹ ਦਿੱਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਸਨਾਤਨ ਧਰਮ ਮੰਦਿਰ ਲੋਹਗੜ੍ਹ (ਜੀਰਕਪੁਰ) ਵਿਖੇ ਮੁੱਖ ਸੰਸਦੀ ਸਕੱਤਰ ਸ੍ਰੀ ਐਨ.ਕੇ. ਸ਼ਰਮਾ ਦੀ ਦੇਖਰੇਖ ਹੇਠ ਕਰਵਾਏ ਗਏ ਮੂਰਤੀ ਸਥਾਪਨਾ ਸਬੰਧੀ ਮਹਾਂ ਉਤਸਵ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ।ਉਪ ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਧਾਰਮਿਕ ਸਥਾਨਾਂ ਤੇ ਜਾਣ ਦੇ ਇਛੂਕ ਸਰਧਾਲੂਆਂ ਲਈ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਸ਼ੁਰੂ ਕੀਤੀ ਹੈ। ਜਿਸ ਤਹਿਤ ਸਰਧਾਲੂਆਂ ਨੂੰ ਤਖ਼ਤ ਸ੍ਰੀ ਹਜੂਰ ਸਾਹਿਬ, ਕਾਂਸ਼ੀ ਧਾਮ ਬਾਰਾਨਸੀ, ਮਾਤਾ ਵੈਸਨੂੰ ਦੇਵੀ, ਅਜਮੇਰ ਸਰੀਫ ਦਰਗਾਹ ਦੇ ਦਰਸ਼ਨ ਵਿਸ਼ੇਸ ਰੇਲ ਗੱਡੀਆਂ ਰਾਹੀਂ ਕਰਵਾਏ ਜਾ ਰਹੇ ਹਨ। ਜਿਸ ਤੇ ਸਾਰਾ ਖਰਚਾ ਪੰਜਾਬ ਸਰਕਾਰ ਕਰ ਰਹੀਂ ਹੈ ਅਤੇ ਸੰਗਤਾਂ ਦੇ ਖਾਣ ਪੀਣ ਅਤੇ ਠਹਿਰਣ ਦਾ ਖਰਚਾ ਵੀ ਪੰਜਾਬ ਸਰਕਾਰ ਵੱਲੋਂ ਹੀ ਕੀਤਾ ਜਾਂਦਾ ਹੈ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ, ਸੰਗਰੂਰ ਜ਼ਿਲ੍ਹੇ ਦੇ ਪਿੰਡ ਕੁੱਪ ਰੋਹੀੜਾ ਵਿਖੇ ਵੱਡੇ ਘੱਲੂਘਾਰੇ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਾਹਨੂੰਵਾਲ ਛੰਭ ਵਿਖੇ ਛੋਟੇ ਘੱਲੂਘਾਰੇ ਦੀ ਯਾਦਗਾਰ ਅਤੇ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਦੀ ਉਸਾਰੀ ਕੀਤੀ ਗਈ ਹੈ ਅਤੇ ਖੁਰਾਲਗੜ੍ਹ (ਹੁਸ਼ਿਆਰਪੁਰ) ਵਿਖੇ ਗੁਰੂ ਰਵਿਦਾਸ ਜੀ ਦੀ ਯਾਦਗਾਰ ਦੀ ਉਸਾਰੀ ਤੇ 200 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਮੌਕੇ ਸ੍ਰੀ ਐਨ.ਕੇ. ਸ਼ਰਮਾ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਵੱਲੋਂ ਲੋਹਗੜ੍ਹ ਵਿਖੇ ਸ੍ਰੀ ਸਨਾਤਨ ਧਰਮ ਮੰਦਿਰ ਦੀ ਉਸਾਰੀ ਵਿੱਚ ਪਾਏ ਗਏ ਵੱਡੇ ਯੋਗਦਾਨ ਦੀ ਭਰਵੀਂ ਸਲਾਘਾ ਕੀਤੀ।
ਉਪ ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮੋਜੂਦਾ ਸਰਕਾਰ ਜਿਥੇ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਉਥੇ ਪੰਜਾਬ ਨੂੰ ਦੇਸ਼ ਦਾ ਹਰ ਪੱਖੋਂ ਮੋਹਰੀ ਸੂਬਾ ਬਣਾਉਣ ਲਈ ਵੀ ਪੁਰੀ ਤਨਦੇਹੀ ਨਾਲ ਕੰਮ ਕਰ ਰਹੀਂ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵੀ ਵਿਕਾਸ ਦੇ ਮੁੱਦੇ ਤੇ ਹੀ ਲੜੀਆਂ ਜਾਣਗੀਆਂ ਅਤੇ ਲੋਕ ਪੰਜਾਬ ਦੇ ਕੀਤੇ ਵਿਕਾਸ ਕਾਰਜਾਂ ਕਾਰਨ ਮੁੜ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਹੀ ਫਤਵਾ ਦੇਣਗੇ ਕਿਉਂਕਿ ਲੋਕ ਹੁਣ ਵਿਕਾਸ ਚਾਹੁੰਦੇ ਹਨ ਅਤੇ ਕਿਸੇ ਦੇ ਬਹਿਕਾਵੇ ਵਿੱਚ ਨਹੀਂ ਆਉਣਗੇ।ਉਪ ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਜੀਰਕਪੁਰ ਅਤੇ ਡੇਰਾਬੱਸੀ ਦਾ ਵਿਕਾਸ ਮੋਹਾਲੀ ਦੀ ਤਰਜ਼ ਤੇ ਕੀਤਾ ਜਾਵੇਗਾ ਅਤੇ ਇਨ੍ਹਾਂ ਸ਼ਹਿਰਾਂ ਨੂੰ ਖੂਬਸੂਰਤ ਸ਼ਹਿਰ ਬਣਾਉਣ ਲਈ ਪੈਸੇ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਸ ਮੌਕੇ ਜੀਰਕਪੁਰ ਦੇ ਵਿਕਾਸ ਕਾਰਜਾਂ ਲਈ 150 ਕਰੋੜ ਰੁਪਏ ਹੋਰ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਮੁੱਖ ਸੰਸਦੀ ਸਕੱਤਰ ਸ੍ਰੀ ਐਨ.ਕੇ. ਸ਼ਰਮਾ ਵੱਲੋਂ ਉਪ ਮੁੱਖ ਮੰਤਰੀ ਪੰਜਾਬ ਦਾ ਧਾਰਮਿਕ ਸਮਾਗਮ ਵਿੱਚ ਪੁੱਜਣ ਤੇ ਉਨ੍ਹਾਂ ਨੂੰ ਸਿਰੀ ਸਾਹਿਬ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ। ਬਾਅਦ ਵਿੱਚ ਉਪ ਮੁੱਖ ਮੰਤਰੀ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਮੁੜ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਬਣਨੀ ਤਹਿ ਹੈ। ਕਾਂਗਰਸ ਪਾਰਟੀ ਤੋਂ ਲੋਕਾਂ ਦਾ ਮੁਕੰਮਲ ਤੌਰ ਤੇ ਮੋਹ ਭੰਗ ਹੋ ਚੁੱਕਾ ਹੈ ਅਤੇ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ । ਪੱਤਰਕਾਰਾਂ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਦੇਸ਼ੀ ਫੇਰੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਤਾਂ ਆਪਣੀ ਫਿਤਰਤ ਮੁਤਾਬਿਕ ਸੈਰ ਤੇ ਗਏ ਹਨ । ਵੋਟਾਂ ਮੰਗਣ ਨਹੀਂ।
ਇਸ ਤੋਂ ਪਹਿਲਾਂ ਮੁੱਖ ਸੰਸਦੀ ਸਕੱਤਰ ਅਤੇ ਹਲਕਾ ਵਿਧਾਇਕ ਸ੍ਰੀ ਐਨ.ਕੇ.ਸ਼ਰਮਾ ਨੇ ਉਪ ਮੁੱਖ ਮੰਤਰੀ ਦਾ ਧਾਰਮਿਕ ਸਮਾਗਮ ਵਿੱਚ ਪੁੱਜਣ ਤੇ ਜੀ ਆਇਆ ਆਖਿਆ। ਉਨ੍ਹਾਂ ਇਸ ਮੌਕੇ ਬੋਲਦਿਆਂ ਦੱਸਿਆ ਕਿ ਸ੍ਰੀ ਸਨਾਤਨ ਧਰਮ ਮੰਿਦਰ 12 ਸਾਲ ਵਿੱਚ ਮੁਕੰਮਲ ਹੋਇਆ ਹੈ ਜਿਸ ਵਿੱਚ ਲੋਕਾਂ ਨੇ ਵੀ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਤੇ ਉਪ ਮੁੱਖ ਮੰਤਰੀ ਪੰਜਾਬ ਦੇ ਯਤਨਾਂ ਸਦਕਾ ਇਸ ਹਲਕੇ ਦਾ ਸਰਬਪੱਖੀ ਵਿਕਾਸ ਹੋਇਆ ਹੈ ਅਤੇ ਹਲਕੇ ਦੇ ਵਿਕਾਸ ਕਾਰਜਾਂ ਤੇ 500 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਲੜੂ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ 25 ਏਕੜ 'ਚ ਗਊਸਾਲਾਂ ਦੀ ਉਸਾਰੀ ਕੀਤੀ ਗਈ ਹੈ। ਇਸ ਮੌਕੇ ਸ੍ਰੀ ਐਨ.ਕੇ ਸ਼ਰਮਾ ਦੇ ਪਿਤਾ ਸ੍ਰੀ ਵੀ.ਐਨ ਸ਼ਰਮਾ, ਉਪ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ ਸ੍ਰ: ਚਰਨਜੀਤ ਸਿੰਘ ਬਰਾੜ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸ਼ਨ ਬੀਬੀ ਪਰਮਜੀਤ ਕੌਰ ਲਾਂਡਰਾਂ, ਕਮਿਸ਼ਨ ਦੀ ਮੈਂਬਰ ਬੀਬੀ ਸਤਵੰਤ ਕੌਰ ਜੋਹਲ, ਨਗਰ ਕੌਂਸਲ ਜੀਰਕਪੁਰ ਦੇ ਪ੍ਰਧਾਨ ਸ੍ਰੀ ਕੁਲਵਿੰਦਰ ਸਿੰਘ ਸੋਹੀ, ਡੇਰਾਬੱਸੀ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਭੁਪਿੰਦਰ ਸੈਣੀ, ਸ੍ਰੀ ਐਨ.ਕੇ. ਸ਼ਰਮਾ ਦੇ ਸਿਆਸੀ ਸਲਾਹਾਕਾਰ ਸ੍ਰੀ ਕ੍ਰਿਸ਼ਨ ਪਾਲ ਸ਼ਰਮਾ, ਸ੍ਰੀ ਯਾਦਵਿੰਦਰ ਸ਼ਰਮਾ, ਸ੍ਰੀ ਧਰਮਿੰਦਰ ਸ਼ਰਮਾ, ਮਾਰਕੀਟ ਕਮੇਟੀ ਬਨੂੰੜ ਦੇ ਚੇਅਰਮੈਨ ਸ੍ਰ: ਸਾਧੂ ਸਿੰਘ ਖਲੌਰ ਸਮੇਤ ਹੋਰ ਸਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਸਰਧਾਲੂ ਮੌਜੂਦ ਸਨ।