ਬਾਇਓਲੌਜੀ ਲੈਕਚਰਾਰ ਚੁਣੀ ਗਈ ਗੁਰਪ੍ਰੀਤ ਕੌਰ ਨੂੰ 6 ਦਿਨਾਂ ਦੇ ਅੰਦਰ ਦੂਜਾ ਤੋਹਫਾ ਮਿਲਿਆ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਨਵੇਂ ਚੁਣੇ ਗਏ ਲੈਕਚਰਾਰਾਂ ਨੂੰ ਮਨਪਸੰਦ ਦੇ ਸਟੇਸ਼ਨਾਂ ਦੀ ਅਲਾਟਮੈਂਟ ਸਮੇਤ ਨਿਯੁਕਤ ਪੱਤਰ ਦੇਣ ਲਈ ਬੁਲਾਇਆ ਹੋਇਆ ਸੀ। ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵੱਲੋਂ ਇਹ ਨਿਯੁਕਤੀ ਪੱਤਰ ਸੌਂਪੇ ਜਾਣੇ ਸਨ। ਡਾ.ਚੀਮਾ ਜਦੋਂ ਆਡੀਟੋਰੀਅਮ ਪਹੁੰਚੇ ਤਾਂ ਗੁਰਪ੍ਰੀਤ ਕੌਰ ਆਪਣੇ 6 ਦਿਨਾਂ ਦੀ ਨਵ ਜਨਮੀ ਬੇਟੀ ਨਾਲ ਬਾਹਰ ਕੁਰਸੀ 'ਤੇ ਬੈਠੀ ਸੀ। ਡਾ.ਚੀਮਾ ਨੇ ਜਦੋਂ ਸਿੱਖਿਆ ਅਧਿਕਾਰੀਆਂ ਕੋਲੋਂ ਲੜਕੀ ਦੇ ਬਾਹਰ ਬੈਠਣ ਬਾਰੇ ਪੁੱਛਿਆ ਗਿਆ ਤਾਂ ਪਤਾ ਲੱਗਿਆ ਕਿ ਗੁਰਪ੍ਰੀਤ ਕੌਰ ਨਾਂ ਦੀ ਇਸ ਲੜਕੀ ਦੀ ਬਾਇਓਲੌਜੀ ਦੇ ਲੈਕਚਰਾਰ ਵਜੋਂ ਚੋਣ ਹੋਈ ਹੈ। ਸਿੱਖਿਆ ਮੰਤਰੀ ਨੇ ਤੁਰੰਤ ਗੁਰਪ੍ਰੀਤ ਕੌਰ ਦਾ ਨਿਯੁਕਤੀ ਪੱਤਰ ਫੜਦਿਆਂ ਆਡੀਟੋਰੀਅਮ ਤੋਂ ਬਾਹਰ ਆ ਗਏ ਅਤੇ ਸਭ ਤੋਂ ਪਹਿਲਾਂ ਨਵ ਜਨਮੀ ਲੜਕੀ ਨੂੰ ਸ਼ਗਨ ਦਿੱਤਾ ਅਤੇ ਫੇਰ ਉਸ ਦੀ ਮਾਤਾ ਗੁਰਪ੍ਰੀਤ ਕੌਰ ਉਸ ਦੀ ਮਨਪਸੰਦ ਦੇ ਸਟੇਸ਼ਨ ਵਾਲਾ ਨਿਯੁਕਤੀ ਪੱਤਰ ਸੌਂਪਿਆ।
ਰਾਸ਼ਟਰੀ ਮਾਧਿਅਮਕ ਸਿੱਖਿਆ ਅਭਿਆਨ (ਰਮਸਾ) ਅਧੀਨ ਪਛੜੇ ਬਲਾਕਾਂ ਵਿੱਚ ਚੱਲ ਰਹੇ ਮਾਡਲ ਸਕੂਲਾਂ ਲਈ ਚੁਣੇ ਗਏ ਪੋਸਟ ਗਰੈਜੂਏਟ ਟੀਚਰਾਂ (ਪੀ.ਜੀ.ਟੀ.) ਭਾਵ ਲੈਕਚਰਾਰਾਂ ਨੂੰ ਮਨਪਸੰਦ ਦੇ ਸਟੇਸ਼ਨ ਦੀ ਚੋਣ ਅਤੇ ਨਿਯੁਕਤੀ ਪੱਤਰ ਦੇਣ ਲਈ ਅੱਜ ਬੋਰਡ ਕੰਪਲੈਕਸ ਬੁਲਾਇਆ ਗਿਆ ਸੀ। ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਦੀ ਹਾਜ਼ਰੀ ਵਿੱਚ ਅੱਜ ਬੁਲਾਏ ਗਏ ਨਵੇਂ ਚੁਣੇ 153 ਲੈਕਚਰਾਰਾਂ ਨੂੰ ਖਾਲੀ ਸਟੇਸ਼ਨਾਂ ਦੀ ਲਿਸਟ ਦਿਖਾਈ ਗਈ। ਇਸ ਉਪਰੰਤ ਮੈਰਿਟ ਅਨੁਸਾਰ ਲੈਕਚਰਾਰਾਂ ਨੂੰ ਮਨਪਸੰਦ ਦੇ ਸਟੇਸ਼ਨ ਅਲਾਟ ਕੀਤੇ ਗਏ। ਇਸ ਤੋਂ ਬਾਅਦ ਸਿੱਖਿਆ ਮੰਤਰੀ ਨੇ ਇਨ੍ਹਾਂ ਲੈਕਚਰਾਰਾਂ ਨੂੰ ਮਨਪਸੰਦ ਦੇ ਸਟੇਸ਼ਨਾਂ ਦੇ ਨਾਲ ਨਿਯੁਕਤੀ ਪੱਤਰ ਸੌਂਪੇ। ਇਨ੍ਹਾਂ ਲੈਕਚਰਾਰਾਂ ਵਿੱਚ ਅੰਗਰੇਜ਼ੀ ਦੇ 21, ਪੰਜਾਬੀ, ਫਿਜੀਕਸ, ਕੈਮਿਸਟਰੀ ਤੇ ਗਣਿਤ ਦੇ 20-20, ਬਾਇਓਲੌਜੀ ਦੇ 19, ਰਾਜਨੀਤੀ ਸ਼ਾਸਤਰ ਦੇ 14, ਭੂਗੋਲ ਦੇ 11 ਤੇ ਕਾਮਰਸ ਦੇ 8 ਲੈਕਚਰਾਰ ਸ਼ਾਮਲ ਹਨ। ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਲੈਕਚਰਾਰਾਂ ਨੂੰ ਦਿੱਤੇ ਗਏ ਸਟੇਸ਼ਨ 'ਤੇ ਜੁਆਇਨ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਹੈ। ਭਲਕੇ 33 ਹੋਰ ਲੈਕਚਰਾਰਾਂ ਤੇ 110 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਲੈਕਚਰਾਰਾਂ ਦੀ ਨਵੀਆਂ ਨਿਯੁਕਤੀਆਂ ਨਾਲ ਮਾਡਲ ਸਕੂਲਾਂ ਵਿੱਚ 11ਵੀਂ ਤੇ 12ਵੀਂ ਦੀਆਂ ਜਮਾਤਾਂ ਲਈ ਦਾਖਲਿਆਂ ਨੂੰ ਵੱਡਾ ਹੁਲਾਰਾ ਮਿਲੇਗਾ।
ਇਸ ਮੌਕੇ ਨਵੇਂ ਚੁਣੇ ਲੈਕਚਰਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਡਾ.ਚੀਮਾ ਨੇ ਆਸ ਪ੍ਰਗਟਾਈ ਕਿ ਉਹ ਤਨਦੇਹੀ, ਮਿਹਨਤ ਤੇ ਇਮਾਨਦਾਰੀ ਨਾਲ ਸਿੱਖਿਆ ਖੇਤਰ ਨੂੰ ਹੋਰ ਬੁਲੰਦੀਆਂ 'ਤੇ ਪਹੁੰਚਣਗੇ। ਉਨ੍ਹਾਂ ਕਿਹਾ ਕਿ ਨਵੀਆਂ ਨਿਯੁਕਤੀਆਂ ਨਾਲ ਮਾਡਲ ਸਕੂਲਾਂ ਵਿੱਚ ਨਵੇਂ ਵਿਦਿਆਰਥੀਆਂ ਨੂੰ ਦਾਖਲ ਕਰਵਾਉਣ ਲਈ ਚੱਲ ਰਹੀ ਮੁਹਿੰਮ ਨੂੰ ਚੰਗਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਨਵੇਂ ਲੈਕਚਰਾਰਾਂ ਨੂੰ ਮਨਪਸੰਦ ਦੇ ਸਟੇਸ਼ਨ ਦਿੱਤੇ ਗਏ ਹਨ ਤਾਂ ਜੋ ਜੁਆਇਨਿੰਗ ਤੋਂ ਬਾਅਦ ਬਦਲੀਆਂ ਲਈ ਭੱਜ-ਨੱਠ ਨਾ ਕਰਨੀ ਪਵੇ ਅਤੇ ਆਪਣਾ ਸਾਰਾ ਧਿਆਨ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ। ਇਸ ਮੌਕੇ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ, ਵਧੀਕ ਸਟੇਟ ਪ੍ਰਾਜੈਕਟ ਡਾਇਰੈਕਟਰ ਡਾ.ਗੁਰਜੀਤ ਸਿੰਘ, ਡਿਪਟੀ ਡਾਇਰੈਕਟਰ ਸ੍ਰੀ ਕਰਮਜੀਤ ਸਿੰਘ, ਸਹਾਇਕ ਪ੍ਰਾਜੈਕਟ ਡਾਇਰੈਕਟਰ ਮਨੋਜ ਕੁਮਾਰ ਤੇ ਸ੍ਰੀ ਸੱਤਪਾਲ ਵੀ ਹਾਜ਼ਰ ਸਨ।