ਪੰਜਾਬ ਸਰਕਾਰ ਆਉਣ ਵਾਲੇ ਦੋ ਮਹੀਨਿਆਂ ਦੇ ਅੰਦਰ-ਅੰਦਰ ਸੂਬੇ ਦੀਆਂ ਕੇਂਦਰੀ ਜੇਲ੍ਹਾਂ 'ਚ ਬੰਦ ਕੈਦੀਆਂ ਨੂੰ ਹੁਨਰਮੰਦ ਕਾਮੇ ਬਨਾਉਣ ਲਈ ਵਿਸ਼ੇਸ਼ ਤਕਨੀਕੀ ਸਿਖਲਾਈ ਕੇਂਦਰ ਸਥਾਪਤ ਕਰਨ ਜਾ ਰਹੀ ਹੈ। ਤਕਨੀਕੀ ਸਿੱਖਿਆ ਅਤੇ ਸਿਖਲਾਈ ਬੋਰਡ ਦੇ ਚੇਅਰਮੈਨ ਸੇਵਾ ਸਿੰਘ ਸੇਖਵਾਂ ਨੇ ਅੱਜ ਇੱਥੇ ਚੰਡੀਗੜ੍ਹ ਪੌਲੀਟੈਕਨਿਕ ਕਾਲਜ ਘੜੂੰਆਂ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਦੀ ਇਸ ਮਹੱਤਵਪੂਰਨ ਯੋਜਨਾ ਦਾ ਆਗ਼ਾਜ਼ ਕੇਂਦਰੀ ਜੇਲ ਪਟਿਆਲਾ ਤੋਂ ਕੀਤਾ ਜਾਵੇਗਾ। ਸ. ਸੇਖਵਾਂ ਨੇ ਦੱਸਿਆ ਕਿ ਇਸ ਨਵੀਂ ਯੋਜਨਾ ਤਹਿਤ ਇਸ ਸਾਲ 1 ਹਜ਼ਾਰ ਕੈਦੀਆਂ ਨੂੰ ਮੁਫ਼ਤ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ ਜਦਕਿ ਸਮੁੱਚੇ ਤੌਰ 'ਤੇ ਇਸ ਯੋਜਨਾ ਦਾ ਲਾਭ ਕੁੱਲ 20 ਹਜ਼ਾਰ ਕੈਦੀਆਂ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਕੋਰਸ ਮੁਕੰਮਲ ਹੋਣ ਉਪਰੰਤ ਕੈਦੀਆਂ ਨੂੰ ਵਿਸ਼ੇਸ਼ ਪ੍ਰਮਾਣ ਪੱਤਰ ਵੀ ਦਿੱਤੇ ਜਾਣਗੇ, ਜੋ ਭਵਿੱਖ 'ਚ ਉਨ੍ਹਾਂ ਨੂੰ ਕੈਦ ਸਮਾਪਤ ਹੋਣ ਉਪਰੰਤ ਵੱਖ-ਵੱਖ ਖੇਤਰਾਂ 'ਚ ਰੁਜ਼ਗਾਰ ਪ੍ਰਾਪਤ ਕਰਨ 'ਚ ਸਹਾਇਕ ਸਿੱਧ ਹੋਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿਖਲਾਈ ਕੇਂਦਰਾਂ 'ਚ ਸਿੱਖਿਅਤ ਕੈਦੀਆਂ ਲਈ ਜੇਲ੍ਹਾਂ 'ਚ ਵਿਸ਼ੇਸ਼ ਪ੍ਰੋਡੱਕਸ਼ਨ ਸੈੱਲ ਵੀ ਸਥਾਪਤ ਕੀਤੇ ਜਾਣਗੇ ਤਾਂ ਜੋ ਕੈਦੀ ਇਨ੍ਹਾਂ ਪ੍ਰੋਡੱਕਸ਼ਨ ਸੈੱਲਾਂ 'ਚ ਕੰਮ ਕਰਕੇ ਕਮਾਈ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸਰਕਾਰ ਵੱਲੋਂ 40 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਅਧੀਨ ਬੇਕਰੀ, ਪਲੰਬਰ, ਕਾਰਪੇਂਟਰ, ਪੌਲਸ਼ਿੰਗ ਆਦਿ ਵੱਖ-ਵੱਖ ਖੇਤਰਾਂ ਨਾਲ ਸਬੰਧਤ ਕਿੱਤਾਮੁਖੀ ਕੋਰਸਾਂ ਦੀ ਸਖਲਾਈ ਮੁਹੱਈਆ ਕਰਵਾਈ ਜਾਵੇਗੀ। ਸ. ਸੇਖਵਾਂ ਨੇ ਆਖਿਆ ਸਰਕਾਰ ਜਿੱਥੇ ਡਿਪਲੋਮਾ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਦੇ ਢੁੱਕਵੇਂ ਅਵਸਰ ਪ੍ਰਦਾਨ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ, ਉੱਥੇ ਹੀ ਉਨ੍ਹਾਂ ਨੂੰ ਬਹੁ-ਕੌਮੀ ਕੰਪਨੀਆਂ 'ਚ ਰੁਜ਼ਗਾਰ ਦਿਵਾਉਣ ਵਾਸਤੇ ਵੀ ਢੁੱਕਵੇਂ ਪ੍ਰਬੰਧ ਕਰ ਰਹੀ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਇਸ ਮੌਕੇ ਆਖਿਆ ਕਿ ਸਾਨੂੰ ਇਸ ਗੱਲ ਦੀ ਬੇਹੱਦ ਖ਼ੁਸ਼ੀ ਹੈ ਕਿ ਅਸੀਂ ਨਾ ਕੇਵਲ ਆਪਣੇ ਕਾਲਜ ਦੇ ਸਗੋਂ ਪੰਜਾਬ ਦੀਆਂ ਹੋਰਨਾਂ ਸੰਸਥਾਵਾਂ ਦੇ ਤਕਨੀਕੀ ਵਿਵਹਾਰਕ ਸਿੱਖਿਆ ਪ੍ਰਾਪਤ ਵਿਦਿਆਰਥੀਆਂ ਨੂੰ ਵੀ ਦੇਸ਼ ਦੀਆਂ ਮੋਹਰੀ ਕੰਪਨੀਆਂ 'ਚ ਰੁਜ਼ਗਾਰ ਦਿਵਾਉਣ 'ਚ ਸਫਲ ਰਹੇ ਹਾਂ।