ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕੈਂਪਸ ਵੱਲੋਂ ਮਨੁੱਖੀ ਜਿੰਦੜੀ ਦੀ ਸੇਵਾ ਵਿਚ ਇਕ ਹੋਰ ਉਪਰਾਲਾ ਕਰਦੇ ਹੋਏ ਕੈਂਪਸ ਵਿਚ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਝੰਜੇੜੀ ਕਾਲਜ ਦੇ ਐਨ ਸੀ ਸੀ ਯੂਨਿਟ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਮਾਨਵਤਾ ਦੀ ਸੇਵਾ ਵਿਚ 214 ਯੂਨਿਟ ਖੂਨ ਦਾਨ ਕੀਤਾ ਗਿਆ। ਪੀ ਜੀ ਆਈ ਚੰਡੀਗੜ੍ਹ ਦੇ ਖ਼ੂਨਦਾਨ ਸੁਸਾਇਟੀ ਨਾਲ ਮਿਲ ਕੇ ਕਰਵਾਏ ਗਏ ਇਸ ਕੈਂਪ ਦਾ ਉਦਘਾਟਨ ਬ੍ਰਿਗੇਡੀਅਰ ਅਸ਼ੋਕ ਕੁਮਾਰ, ਗਰੁੱਪ ਕਮਾਂਡਰ ਪਟਿਆਲਾ ਵੱਲੋਂ ਕੀਤਾ ਗਿਆ। ਜਦ ਕਿ ਕਰਨਲ ਆਰ ਐੱਸ ਗੁਲੇਰੀਆ, ਕਮਾਂਡਰ ਅਫ਼ਸਰ, 23 ਪੰਜਾਬ ਬਟਾਲੀਅਨ ਅਤੇ ਲੈਫੀਨੈਂਟ ਕਰਨਲ ਵਿਵੇਕ ਜੈਸਵਾਲ,ਐਡਮਿਨ ਅਫ਼ਸਰ, 23 ਪੰਜਾਬ ਬਟਾਲੀਅਨ ਖ਼ਾਸ ਮਹਿਮਾਨ ਸਨ। ਇਸ ਦੌਰਾਨ ਜਿੱਥੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਖ਼ੂਨਦਾਨ ਕਰਨ ਦਾ ਉਤਸ਼ਾਹ ਉਨ੍ਹਾਂ ਦੀ ਉਡੀਕ ਦੀ ਲੰਬੀ ਲਾਈਨ ਤੋਂ ਨਜ਼ਰ ਆਇਆ। ਉੱਥੇ ਹੀ ਸੀ ਜੀ ਸੀ ਗਰੁੱਪ ਮੈਂਨਜ਼ਮੈਂਟ ਅਤੇ ਪੀ ਜੀ ਆਈ ਦੇ ਸਟਾਫ਼ ਵੱਲੋਂ ਕੀਤੇ ਪ੍ਰਬੰਧ ਵੀ ਸ਼ਲਾਘਾਯੋਗ ਰਹੇ ।
ਇਸ ਮੌਕੇ ਤੇ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਖੂਨ ਦਾਨ ਕਰਨ ਵਾਲੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੀ ਸ਼ਲਾਘਾ ਸ਼ਲਾਘਾ ਕਰਦੇ ਹੋਏ ਕਿਹਾ ਕਿ ਖੂਨ ਦਾਨ ਮਹਾਂ ਦਾਨ ਹੁੰਦਾ ਹੈ ਜੋ ਕਿ ਅਨਮੋਲ ਜ਼ਿੰਦਗੀ ਬਚਾਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਹੋਰਨਾ ਲੋਕਾਂ ਨੂੰ ਵੀ ਖੂਨ ਦਾਨ ਲਈ ਪ੍ਰੇਰਿਤ ਕਰਨ ਲਈ ਕਿਹਾ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਖੂਨ ਦਾਨ ਕਰਨ ਤੋਂ ਵੱਡਾ ਹੋਰ ਕੋਈ ਪਵਿੱਤਰ ਕੰਮ ਨਹੀਂ ਹੈ । ਉਨ੍ਹਾਂ ਵਿਦਿਆਰਥੀਆਂ ਦੁਆਰਾ ਮਾਨਵਤਾ ਲਈ ਕੀਤੀ ਕੋਸ਼ਿਸ਼ ਤੇ ਖੂਨ ਦਾਨ ਕਰਨ ਵਾਲਿਆਂ ਦੀ ਸ਼ਲਾਘਾ ਕੀਤੀ । ਡਾਇਰੈਕਟਰ ਜਰਨਲ ਜੀ ਡੀ ਬਾਂਸਲ ਨੇ ਦੱਸਿਆਂ ਕਿ ਇਸ ਖੂਨ ਦਾਨ ਕੈਂਪ ਦਾ ਇੱਕ ਹੋਰ ਉਦੇਸ਼ ਵਿਦਿਆਰਥੀਆਂ ਨੂੰ ਖੂਨ ਦਾਨ ਦੇ ਫ਼ਾਇਦਿਆਂ ਤੋਂ ਜਾਣੂ ਕਰਵਾਉਣਾ ਵੀ ਹੈ ਤਾਂ ਜੋ ਉਹ ਅੱਗੋਂ ਵੀ ਖੂਨ ਦਾਨ ਕਰਨ ਤੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਵੀ ਖੂਨ ਦਾਨ ਕਰਨ ਲਈ ਪ੍ਰੇਰਿਤ ਕਰਨ । ਇਸ ਦੌਰਾਨ ਖ਼ੂਨਦਾਨੀਆਂ ਲਈ ਦੁੱਧ,ਫਲਾਂ ਅਤੇ ਹੋਰ ਡਾਈਟ ਦਾ ਪ੍ਰਬੰਧ ਵੀ ਸੀ ਜੀ ਸੀ ਮੈਂਨਜ਼ਮੈਂਟ ਵੱਲੋਂ ਕੀਤਾ ਗਿਆ।