"ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਮ ਆਦਮੀ ਪਾਰਟੀ ਤੋਂ ਪਰੇਸ਼ਾਨ ਹੋਣ ਦੀ ਬਜਾਏ ਚੋਣਾ ਦੋਰਾਨ ਪੰਜਾਬ ਦੀ ਜਨਤਾ ਨਾਲ ਕੀਤੇ ਵੱਡੇ-ਵੱਡੇ ਫੋਕੇ ਵਾਅਦਿਆਂ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਹਨਾਂ ਨੂੰ ਆਪਣੀਆਂ ਗਲਤ ਨੀਤੀਆਂ ਦੇ ਕਾਰਣ ਸੁਬੇ ਵਿੱਚ ਪੈਦਾ ਹੋਈ ਬੇਰੋਜ਼ਗਾਰੀ ਅਤੇ ਨਸ਼ਿਆਂ ਬਾਰੇ ਇੱਕ ਬਾਰ ਜ਼ਰੂਰ ਸੋਚਣਾ ਚਾਹੀਦਾ ਹੈ"। ਇਹ ਸ਼ਬਦ ਆਮ ਆਦਮੀ ਪਾਰਟੀ ਦੇ ਆਗੂ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਜੀ ਨੇ ਰਾਮਾ ਮੰਡੀ ਵਿੱਚ ਮਾਘੀ ਮੇਲੇ ਦੀ ਕਾਨਫਰੰਸ ਦੀਆਂ ਤਿਆਰੀਆਂ ਸੰਬੰਧੀ ਰੱਖੀ ਗਈ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹੇ। ਸ. ਮਾਨ ਨੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਅਤੇ ਉੱਥੋਂ ਦੀ ਜਨਤਾ ਸਰਕਾਰ ਦੀਆਂ ਲੋਕ-ਹਿਤ ਨੀਤੀਆਂ ਤੋਂ ਬਹੁਤ ਖੁਸ਼ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਦੀ ਜਨਤਾ ਦੁਆਰਾ ਆਮ ਆਦਮੀ ਪਾਰਟੀ ਦੀਆਂ ਕੋਸ਼ਿਸ਼ਾਂ ਦਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਅੰਤਰਰਾਸ਼ਟਰੀ ਮੀਡੀਆ ਵੀ ਆਪ ਦੀ ਸਰਕਾਰ ਦੇ ਕੰਮਾਂ ਦੀ ਪ੍ਰਸ਼ੰਸਾ ਕਰਦੀ ਆ ਰਹੀ ਹੈ ਅਤੇ ਭਾਰਤ ਦੇ ਚੀਫ ਜਸਟਿਸ ਵੀ ਆਪਣੇ ਦਫਤਰ ਪਹੁੰਚਣ ਲਈ ਆਪਣੇ ਸਾਥੀਆਂ ਨਾਲ ਕਾਰ ਪੂਲ ਕਰਕੇ ਆਪ ਦੀ ਸਰਕਾਰ ਦੇ ਜਿੰਸਤ-ਟਾਂਕ ਫਾਰਮੂਲੇ ਦਾ ਸਵਾਗਤ ਕਰਦਿਆਂ ਸਹਿਯੋਗ ਕਰ ਰਹੇ ਹਨ।
ਮਾਨ ਨੇ ਕਿਹਾ ਕਿ ਦਿੱਲੀ ਵਿੱਚ ਸਿਹਤ ਸਹੂਲਤਾਂ ਨੂੰ ਵਿੱਚ ਵਾਧਾ ਕਰਨ ਲਈ ਆਪ ਦੀ ਸਰਕਾਰ ਨੇ ਹਰ ਇੱਕ ਮੁਹੱਲੇ ਵਿੱਚ ਮੁਹੱਲਾ ਕਲੀਨਿਕਾਂ ਦੀ ਸਥਾਪਨਾ ਕੀਤੀ ਹੈ। ਦਿੱਲੀ ਵਿੱਚ ਛੇ-ਲਾਈਨ ਵਾਲਾ ਪੁੱਲ ਨਿਰਧਾਰਿਤ ਸਮੇਂ ਤੋਂ ਵੀ ਪਹਿਲਾਂ ਸਿਰਫ ੧੦੦ ਕਰੋੜ ਰੁਪਏ ਵਿੱਚ ਬਣਾ ਦਿੱਤਾ ਗਿਆ। ਆਪ ਦੀ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵਿੱਚੋਂ ਮੈਨੇਜਮੈਂਟ ਕੋਟਾ ਖਤਮ ਕਰਕੇ ਦਿੱੱਲੀ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਲਈ ਬਰਾਬਰ ਦਾ ਮੋਕਾ ਪ੍ਰਦਾਨ ਕੀਤਾ।ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਵਕਤਾ ਅਤੇ ਲੀਗਲ ਸੈਲ ਦੇ ਹੈੱਡ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਅਕਾਲੀ ਬੀਜੇਪੀ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਨੇ ਸੁਬੇ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਸਰਕਾਰ ਕੋਲ ਆਪਣੇ ਸਰਕਾਰੀ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਲਈ ਪੈਸੇ ਵੀ ਨਹੀਂ ਹਨ ਅਤੇ ਸਰਕਾਰੀ ਗਤੀਵਿਧੀਆਂ ਨੂੰ ਚਲਾਉਣ ਲਈ ਸਰਕਾਰੀ ਬਿਲਡਿੰਗਾਂ ਨੂੰ ਗਿਰਵੀ ਰੱਖਿਆ ਜਾ ਰਿਹਾ ਹੈ। ਸ. ਸ਼ੇਰਗਿੱਲ ਨੇ ਇੰਡਸਟਰੀ ਦੀ ਮੰਦੀ ਹਾਲਤ ਲਈ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਸਖਤ ਸ਼ਬਦਾ ਵਿੱਚ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਸੁਬੇ ਵਿੱਚ ਦਲਿਤਾਂ ਤੇ ਜ਼ੁਲਮ ਵੱਧ ਰਹੇ ਹਨ ਅਤੇ ਉਹ ਹੋਰ ਅਸੁਰੱਖਿਅਤ ਹੋ ਰਹੇ ਹਨ। ਸੁਬੇ ਦੀ ਪੁਲਿਸ ਨੂੰ ਉਹਨਾਂ ਲੋਕਾਂ ਦੀ ਆਵਾਜ਼ ਦਬਾਉਣ ਲਈ ਵਰਤਿਆ ਜਾ ਰਿਹਾ ਹੈ ਜੋ ਸਰਕਾਰ ਦੇ ਘਟੀਆਂ ਨੀਤੀਆਂ ਦੇ ਖਿਲਾਫ ਆਪਣੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦੇ ਹਨ।
ਸ਼ੇਰਗਿੱਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੇ ਆਮ ਆਦਮੀ ਪਾਰਟੀ ਦੇ ਵਿਰੋਧ ਵਿੱਚ ਦਿੱਤੇ ਗਏ ਬਿਆਨਾਂ ਤੋਂ ਸਪਸ਼ਟ ਹੈ ਕਿ ਬਾਦਲ ਪਰੀਵਾਰ ਨੂੰ ਸੱਤਾ ਹੱਥ ਵਿੱਚੋਂ ਜਾਣ ਦਾ ਡਰ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਲਹਿਰ ਨੂੰ ਪੰਜਾਬ ਦਾ ਹਰ ਵਾਸੀ ਮਹਿਸੂਸ ਕਰ ਰਿਹਾ ਹੈ ਅਤੇ ਬੀਜੇਪੀ ਦੇ ਇੱਕ ਵਿਧਾਇਕ ਵੀ ਆਮ ਆਦਮੀ ਪਾਰਟੀ ਦੀ ਸੋਚ ਦੀ ਪ੍ਰਸ਼ੰਸਾ ਕਰ ਚੁੱਕੇ ਹਨ ਅਤੇ ਉਹ ਆਉਣ ਵਾਲੀਆਂ ਚੋਣਾ ਵਿੱਚ ਪੰਜਾਬ ਦੀ ਜਨਤਾ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦੀ ਸਲਾਹ ਵੀ ਦੇ ਚੁੱਕੇ ਹਨ। ਸ. ਸ਼ੇਰਗਿੱਲ ਨੇ ਕਿਹਾ ਕਿ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਵਿੱਚ ਆਮ ਆਦਮੀ ਪਾਰਟੀ ਦੀ ਕਾਨਫਰੰਸ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਆਮਦ ਪਾਰਟੀ ਦੇ ਵਾਲੰਟੀਅਰਜ਼ ਅਤੇ ਪੰਜਾਬ ਦੀ ਜਨਤਾ ਦਾ ਹੋਸਲਾਂ ਸਿਖਰ ਤੇ ਲੈ ਜਾਵੇਗੀ।