ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਕੈਂਪਸ ਵਿਖੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਆਯੋਜਿਤ ਫਰੈਸ਼ਰ ਪਾਰਟੀ 'ਆਗਾਜ਼ 2015' ਦੌਰਾਨ ਸ਼ੁਭਮ ਨਮਿਸਟਰ ਫਰੈਸ਼ਰ ਤੇ ਸ਼ੁਰਭੀ ਮਿਸ ਫਰੈਸ਼ਰ ਚੁਣੇ ਗਏ ਜਦਕਿ ਸਭ ਤੋਂ ਸੋਹਣੀ ਤੋਰ ਦਾ ਖ਼ਿਤਾਬ ਮੁੰਡਿਆਂ 'ਚੋਂ ਜੈ ਮਲਹੋਤਰਾ ਅਤੇ ਕੁੜੀਆਂ 'ਚੋਂ ਕਿੰਗ ਜ਼ੈਨ ਦੇ ਹਿੱਸੇ ਆਇਆ।ਇਸ ਮੌਕੇ ਕਰਵਾਏ ਗਏ ਫ਼ੈਸ਼ਨ ਸ਼ੋਅ ਅਤੇ ਵੱਖ-ਵੱਖ ਪ੍ਰਤਿਭਾ ਖੋਜ ਮੁਕਾਬਲਿਆਂ ਦੌਰਾਨ ਮੰਚ 'ਤੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਵਾਲੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ 'ਚੋਂ ਸਭ ਤੋਂ ਵੱਧ ਆਕਰਸ਼ਕ ਸ਼ਖ਼ਸੀਅਤ ਵਾਲੇ ਗੱਭਰੂ ਦਾ ਰੁਤਬਾ ਚੇਤਨ ਸਿੰਘ ਨੂੰ ਅਤੇ ਸਭ ਤੋਂ ਸੁੰਦਰ ਮੁਟਿਆਰ ਦਾ ਵਿਸ਼ੇਸ਼ ਰੁਤਬਾ ਆਸ਼ਿਮਾ ਨੂੰ ਮਿਲਿਆ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਚ ਬੇਹੱਦ ਲੋਕਪ੍ਰਿਅਤਾ ਹਾਸਲ ਕਰ ਚੁੱਕੀ ਫਰੈਸ਼ਰ ਪਾਰਟੀ 'ਆਗਾਜ਼ 2015' ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੇਸ਼ਕਾਰੀਆਂ ਨਾਲ ਯਾਦਗਾਰੀ ਹੋ ਨਿੱਬੜੀ। ਫਰੈਸ਼ਰ ਪਾਰਟੀ ਦੌਰਾਨ ਅਫਰੀਕੀ ਵਿਦਿਆਰਥੀਆਂ ਦੇ ਭੰਗੜੇ ਨੇ ਦਰਸ਼ਕਾਂ ਅਤੇ ਸਰੋਤਿਆਂ ਦਾ ਪੂਰੀ ਤਰ੍ਹਾਂ ਮਨ ਮੋਹ ਲਿਆ।
ਇਸ ਸਮਾਗਮ ਦੌਰਾਨ ਜਿੱਥੇ 26 ਰਾਜਾਂ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੱਭਿਆਚਾਰਾਂ ਦੀ ਅਮੀਰੀ ਨੂੰ ਦਰਸਾਉਂਦੇ ਲੋਕ ਨਾਚਾਂ ਤੇ ਲੋਕ ਗੀਤਾਂ ਦੀਆਂ ਖਿੱਚ ਭਰਪੂਰ ਵੰਨਗੀਆਂ ਰਾਹੀਂ ਮਨੀਪੁਰੀ, ਆਸਾਮੀ, ਰਾਜਸਥਾਨੀ, ਗੁਜਰਾਤੀ, ਕਸ਼ਮੀਰੀ, ਹਿਮਾਚਲੀ ਅਤੇ ਹਰਿਆਣਵੀ ਮਿੰਨੀ ਇੰਡੀਆ ਦੀ ਝਾਕੀ ਪੇਸ਼ ਕੀਤੀ ਗਈ ਉੱਥੇ ਹੀ 19 ਦੇਸ਼ਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਥਾਈ, ਨਾਈਜੀਰੀਅਨ, ਨੇਪਾਲੀ, ਅਫਰੀਕੀ ਅਤੇ ਏਸ਼ੀਆਈ ਦੇਸ਼ਾਂ ਦੀਆਂ ਵਿਭਿੰਨ ਵੰਨਗੀਆਂ ਰਾਹੀਂ ਵੱਖ-ਵੱਖ ਅੰਤਰਰਾਸ਼ਟਰੀ ਸੱਭਿਆਚਾਰਾਂ ਦੀ ਝਲਕ ਵੀ ਵੇਖਣ ਨੂੰ ਮਿਲੀ। ਇਸ ਮੌਕੇ ਕਰਵਾਏ ਗਏ ਵੱਖ-ਵੱਖ ਪ੍ਰਤਿਭਾ ਖੋਜ ਮੁਕਾਬਲਿਆਂ 'ਚ ਪਹਿਲੇ ਸਾਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਤਹਿਤ ਗੱਤਕਾ, ਮਲਵਈ ਗਿੱਧਾ, ਲੈਲਾ ਮਜਨੂੰ ਸਬੰਧੀ ਸੰਗੀਤਕ ਨਾਟਕ, ਦਾ ਸੇਮ ਵੇਅ ਬੈਂਡ, ਸਕਿੱਟ, ਕਲਾਸੀਕਲ ਡਾਂਸ, ਉੱਤਰ-ਪੂਰਬੀ ਨਾਚ, ਕੁੜੀਆਂ ਦਾ ਭੰਗੜਾ, ਦੋਗਾਣਾ, ਕੱਵਾਲੀ, ਮਾਈਮ, ਮਾਡਲਿੰਗ, ਟੌਲੀਵੁੱਡ ਡਾਂਸ, ਬੈਂਡ, ਵੈਸਟਰਨ ਫਿਊਜ਼ਨ ਡਾਂਸ ਨੇ ਵਿਦਿਆਰਥੀਆਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਵੱਖ-ਵੱਖ ਸੱਭਿਆਚਾਰਾਂ ਦੀ ਤਰਜਮਾਨੀ ਕਰਦੇ ਲੋਕ ਨਾਚਾਂ ਲਾਵਾਣੀ, ਜਿੰਦੂਆ, ਰਖਤਚ੍ਰਿਤ, ਕੁੜੀਆਂ ਦਾ ਭੰਗੜਾ ਆਦਿ ਪੇਸ਼ਕਾਰੀਆਂ ਤੋਂ ਇਲਾਵਾ ਵਿਦਿਆਰਥੀਆਂ ਨੇ ਸਮਾਜਿਕ ਬੁਰਾਈਆਂ 'ਤੇ ਵਿਅੰਗਮਈ ਸਕਿੱਟਾਂ ਰਾਹੀਂ ਵੀ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ।
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕੁਲਪਤੀ ਸ. ਸਤਨਾਮ ਸਿੰਘ ਸੰਧੂ ਨੇ ਇਸ ਮੌਕੇ ਫਰੈਸ਼ਰ ਪਾਰਟੀ 'ਆਗਾਜ਼ 2015' ਦੇ ਉੱਚ-ਪੱਧਰੀ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸਾਨੂੰ ਇਸ ਗੱਲ ਦੀ ਬੇਹੱਦ ਖ਼ੁਸ਼ੀ ਹੈ ਕਿ ਸਾਡੇ ਵਿਦਿਆਰਥੀ ਜਿੱਥੇ ਅਕਾਦਮਿਕ ਖੇਤਰ 'ਚ ਵਧੀਆ ਕਾਰਗੁਜ਼ਾਰੀ ਵਿਖਾਉਂਦੇ ਹੋਏ ਉੱਘੀਆਂ ਬਹੁ-ਕੌਮੀ ਕੰਪਨੀਆਂ 'ਚ ਉੱਚੇ ਤਨਖਾਹ ਪੈਕੇਜਾਂ 'ਤੇ ਪਲੇਸਮੈਂਟ ਪ੍ਰਾਪਤ ਕਰ ਰਹੇ ਹਨ, ਉੱਥੇ ਹੀ ਸੱਭਿਆਚਾਰਕ ਗਤੀਵਿਧੀਆਂ 'ਚ ਵੀ ਆਪਣੇ ਬੇਮਿਸਾਲ ਪ੍ਰਦਰਸ਼ਨ ਨਾਲ ਬਹੁ-ਪੱਖੀ ਹੁਨਰ ਦਾ ਸਬੂਤ ਪੇਸ਼ ਕਰ ਰਹੇ ਹਨ। ਉਨ੍ਹਾਂ ਇਸ ਮੌਕੇ ਕੈਂਪਸ ਵਿਖੇ ਚੱਲ ਰਹੀ ਪਲੇਸਮੈਂਟ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਆਖਿਆ ਕਿ ਮਲਟੀਨੈਸ਼ਨਲ ਕੰਪਨੀਆਂ ਵੱਲੋਂ 1500 ਵਿਦਿਆਰਥੀਆਂ ਦੀ ਪਲੇਸਮੈਂਟ ਦਾ ਨਤੀਜਾ ਵੀ ਅੱਜ ਹੀ ਐਲਾਨਿਆ ਗਿਆ ਹੈ, ਜੋ ਚੰਡੀਗੜ੍ਹ ਯੂਨੀਵਰਸਿਟੀ 'ਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸ਼ੁਭ ਸੰਕੇਤ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਬਹੁ-ਕੌਮੀ ਕੰਪਨੀ ਗ੍ਰੇਲ ਰਿਸਰਚ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਖੋਜ ਸੇਵਾਵਾਂ ਸ੍ਰੀ ਵਿਵੇਕ ਨਾਇਬ ਨੂੰ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।