ਪੰਜਾਬ ਦੀ ਧਰਤੀ 'ਤੇ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਰੋਕਣ ਲਈ ਕੋਈ ਉਪਰਾਲੇ ਕਰਨ ਦੀ ਥਾਂ ਭਾਵੇਂ ਪੰਜਾਬ ਸਰਕਾਰ ਘੂਕ ਨੀਂਦ ਵਿਚ ਸੁੱਤੀ ਪਈ ਹੈ, ਪਰ ਪੇਂਡੂ ਖੇਡ ਕਲੱਬਾਂ ਵਲੋਂ ਆਪਣੇ ਪੱਧਰ 'ਤੇ ਖੇਡ ਟੂਰਨਾਮੈਂਟ ਕਰਵਾਕੇ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਨ ਦੇ ਜੋ ਉਪਰਾਲੇ ਕੀਤੇ ਜਾ ਰਹੇ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ| ਇਹ ਗੱਲ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਨਜ਼ਦੀਕੀ ਪਿੰਡ ਮਨੋਲੀ ਵਿਖੇ ਗੁੱਗਾ ਮਾੜੀ ਯੂਥ ਵੈਲਫੇਅਰ ਕਲੱਬ (ਰਜਿ.) ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਪਹਿਲੇ ਕਬੱਡੀ ਕੱਪ ਟੂਰਨਾਮੈਂਟ ਦੌਰਾਨ ਖੇਡ ਪ੍ਰੇਮੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਖੀ| ਵਿਧਾਇਕ ਸਿੱਧੂ ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਵਜੋਂ ਆਪਣੀ ਹਾਜ਼ਰੀ ਲਗਵਾ ਰਹੇ ਸਨ ਅਤੇ ਉਨਾਂ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਖੇਡ ਕਲੱਬ ਨੂੰ 11 ਹਜ਼ਾਰ ਰੁਪਏ ਦੀ ਨਗਦ ਮਾਲੀ ਇਮਦਾਦ ਵੀ ਭੇਂਟ ਕੀਤੀ|੦
ਇਲਾਕੇ ਭਰ ਵਿਚੋਂ ਜੁੜੇ ਖੇਡਾਂ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸਿੱਧੂ ਨੇ ਕਿਹਾ ਕਿ ਖੇਡਾਂ ਜਿਥੇ ਅਨੁਸ਼ਾਸਨ ਦਾ ਪਾਠ ਪੜਾਉਂਦੀਆਂ ਹਨ, ਉਥੇ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ| ਉਨਾਂ ਕਿਹਾ ਕਿ ਖੇਡ ਮੇਲਿਆਂ ਨਾਲ ਲੋਕਾਂ ਵਿਚ ਆਪਸੀ ਭਾਈਚਾਰਿਕ ਸਾਂਝ ਵੀ ਵਧਦੀ ਹੈ, ਇਸ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਖੇਡ ਮੁਕਾਬਲਿਆਂ ਵਿਚ ਆਪਣਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਹੋਰਨਾਂ ਯੂਥ ਕਲੱਬਾਂ ਨੂੰ ਵੀ ਅਜਿਹੇ ਖੇਡ ਮੇਲੇ ਤੇ ਹੋਰ ਸਮਾਜਸੇਵੀ ਕੰਮ ਵੱਲ ਪ੍ਰੇਰਿਤ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ| ਇਸ ਮੌਕੇ ਕਰਵਾਏ ਗਏ ਖੇਡ ਮੁਕਾਬਲਿਆਂ ਵਿਚ ਕਬੱਡੀ 70 ਕਿਲੋ ਵਿਚ ਸਿਆੜ ਦੀ ਟੀਮ ਨੇ ਪਹਿਲਾ ਅਤੇ ਭਗਤ ਆਸਾ ਅਕੈਡਮੀ ਸੋਹਾਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ| ਇਸ ਤੋਂ ਇਲਾਵਾ ਇਕ ਪਿੰਡ ਓਪਨ 'ਚ ਪੰਮਾ ਸੋਹਾਣਾ ਦੀ ਟੀਮ ਨੇ ਪਹਿਲਾ ਅਤੇ ਭਗਤ ਆਸਾ ਅਕੈਡਮੀ ਸੋਹਾਣਾ ਦੀ ਟੀਮ ਦੂਜੇ ਨੰਬਰ 'ਤੇ ਰਹੀ, ਜਿਨਾਂ ਨੂੰ ਕ੍ਰਮਵਾਰ 41 ਅਤੇ 31 ਹਜ਼ਾਰ ਰੁਪਏ ਦੇ ਨਗਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਬੈਸਟ ਰੇਡਰ ਅਮਨ ਸੋਹਾਣਾ, ਬੈਸਟ ਜਾਫੀ ਸੋਹਣ ਸੋਹਾਣਾ ਤੇ ਲਾਲੀ ਸੋਹਾਣਾ ਨੂੰ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨਿਤ ਕੀਤਾ ਗਿਆ| ਜਦਕਿ ਸਾਬਕਾ ਕਬੱਡੀ ਖਿਡਾਰੀ ਕੁਲਦੀਪ ਸਿੰਘ ਚਿੱਲਾ ਨੂੰ ਹੀਰੋ ਹਾਂਡਾ ਮੋਟਰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਹਰਪ੍ਰੀਤ ਸਿੰਘ ਬਾਬਾ ਭਾਰਤੀ ਟੀਮ ਦੇ ਕੋਚ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜੀ.ਐੱਸ. ਰਿਆੜ, ਸੁਖਵਿੰਦਰ ਸਿੰਘ ਪ੍ਰਧਾਨ, ਹਜ਼ਾਰਾ ਸਿੰਘ ਪੰਚ ਸਰਪ੍ਰਸਤ, ਮਨਜੀਤ ਸਿੰਘ ਕਾਲਾ, ਜਗਤਾਰ ਸਿੰਘ ਗੋਲਡੀ, ਅਮਰੀਕ ਸਿੰਘ ਗਿੱਲ, ਹਰਜੀਤ ਸਿੰਘ ਘੋਲੂ, ਓਮਰਾਓ ਸਿੰਘ ਐੱਨ.ਆਰ.ਆਈ. ਮੌਲੀ ਬੈਦਵਾਣ, ਅਵਤਾਰ ਸਿੰਘ ਸਰਪੰਚ ਮੌਲੀ ਬੈਦਵਾਣ, ਗੁਰਦੀਪ ਸਿੰਘ, ਹਰਜੋਤ ਸਿੰਘ ਗੱਬਰ ਕਬੱਡੀ ਖਿਡਾਰੀ, ਪ੍ਰਿੰਸ ਸਟਾਰ ਪ੍ਰਾਪਰਟੀ, ਸ਼ਿਆਮ ਸ਼ਾਕਾ ਉੱਘੇ ਬਿਲਡਰ ਆਦਿ ਵੀ ਹਾਜ਼ਰ ਸਨ|