ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਵਿਚ ਆਵਾਜਾਈ ਨੂੰ ਨਿਰਵਿਘਨ ਚਲਾਉਣ ਲਈ ਪੁਲਿਸ ਨੇ ਅਹਿਮ ਕਦਮ ਪੁੱਟਦਿਆਂ ਸੜਕਾਂ ਤੇ ਵਾਹਨ ਪਾਰਕਿੰਗ ਕਰਨ ਵਾਲਿਆਂ ਦੇ ਚਲਾਨ ਕਰਨ ਦੀ ਮੁਹਿੰਮ ਵਿੰਢੀ ਹੈ ਅਤੇ ਸ਼ਹਿਰ ਵਿੱਚ ਟਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਫੈਸਲਾ ਲਿਆ ਹੈ। ਇਸ ਗੱਲ ਦੀ ਜਾਣਕਾਰੀ ਟਰੈਫਿਕ ਇੰਸਪੈਕਟਰ ਸ੍ਰੀ ਗੁਰਮੀਤ ਸਿੰਘ ਸੋਹਲ ਨੇ ਦਿੰਦਿਆ ਦੱਸਿਆ ਕਿ ਬਹੁਤ ਸਾਰੇ ਲੋਕ ਸ਼ਹਿਰ ਦੀਆਂ ਸੜਕਾਂ ਤੇ ਆਪਣੇ ਵਾਹਨ ਖੜ੍ਹਾ ਕੇ ਖਰੀਦੋ ਫਰੋਖਤ ਕਰਦੇ ਹਨ । ਜਿਸ ਨਾਲ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਅਤੇ ਐਕਸੀਡੈਂਟ ਵੀ ਹੁੰਦੇ ਹਨ। ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਟਰੈਫਿਕ ਪੁਲਿਸ ਹੁਣ ਵਾਹਨ ਮਾਲਕਾਂ ਵਿਰੁੱਧ ਕਾਰਵਾਈ ਕਰੇਗੀ।
ਸ੍ਰੀ ਸੋਹਲ ਨੇ ਕਈ ਥਾਵਾਂ ਤੇ ਨੌ-ਪਾਰਕਿੰਗ ਜਿਸ ਵਿੱਚ ਵਿਸ਼ੇਸ ਤੌਰ ਤੇ ਫਰੈਂਕੋ ਹੋਟਲ ਤੋਂ ਲੈ ਕੇ ਫੇਜ਼ -6 ਦੇ ਗੁਰੂਦੁਆਰਾ ਸਾਹਿਬ ਤੱਕ, ਕੋਰਟ ਰੋਡ, ਫੇਜ-11 ਅਤੇ 3 –5 ਫੇਜ਼ ਵਾਲੀ ਸੜਕ ਤੇ ਜਿਥੇ ਕਿ ਲੋਕੀ ਅਕਸਰ ਆਪਣੇ ਵਾਹਨ ਸੜਕ ਤੇ ਹੀ ਖੜ੍ਹੇ ਕਰ ਦਿੰਦੇ ਹਨ। ਨੌ-ਪਾਰਕਿੰਗ ਦੇ ਬੋਰਡ ਆਪਣੀ ਨਿਗਰਾਨੀ ਹੇਠ ਲਗਾਏ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੌ-ਪਾਰਕਿੰਗ ਵਾਲੀ ਥਾਂ ਤੇ ਆਪਣੇ ਵਾਹਨ ਖੜ੍ਹੇ ਨਾ ਕਰਨ ਨਹੀਂ ਤਾਂ ਉਨ੍ਹਾਂ ਦੇ ਵਾਹਨ ਟਰੈਫਿਕ ਪੁਲਿਸ ਵੱਲੋਂ ਜਬਤ ਕਰ ਲਏ ਜਾਣਗੇ। ਉਨ੍ਹਾਂ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।