ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਮੋਗਾ ਉਪ ਚੋਣ ਕੈਪਟਨ ਅਮਰਿੰਦਰ ਸਿੰਘ ਦੀ ਆਖਰੀ ਚੋਣ ਹੋ ਨਿਬੜੇਗੀ ਕਿਉਂ ਜੋ ਇਸ ਚੋਣ ਵਿਚ ਹੋਣ ਵਾਲੀ ਨਮੋਸ਼ੀ ਜਨਕ ਹਾਰ ਪਿਛੋਂ ਕੈਪਟਨ ਅਮਰਿੰਦਰ ਸਿੰਘ ਰਾਜ ਵਿਚ ਹੋਣ ਵਾਲੀ ਕਿਸੇ ਵੀ ਚੋਣ ਵਿਚ ਭਾਗ ਲੈਣ ਦੀ ਜੁਅਰਤ ਨਹੀਂ ਕਰਨਗੇ। ਅੱਜ ਇਥੇ ਸ਼ਹੀਦ ਬਚਨ ਸਿੰਘ ਮੈਮੋਰੀਅਲ ਕਬੱਡੀ ਕੱਪ ਦੀ ਪ੍ਰਧਾਨਗੀ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਮੋਗਾ ਉਪ ਚੋਣ ਉਪਰੰਤ ਕੈਪਟਨ ਅਮਰਿੰਦਰ ਦੀ ਸਿਆਸੀ ਸਿਤਾਰਾ ਪੂਰੀ ਤਰ੍ਹਾਂ ਅਸਤ ਹੋਣਾ ਨਿਸ਼ਚਿਤ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੇ ਇਹ ਚੋਣ ਘੱਟ ਤੋਂ ਘੱਟ 50,000 ਵੋਟਾਂ ਦੇ ਫਰਕ ਨਾਲ ਜਿੱਤਣੀ ਹੈ। ਉਨ੍ਹਾਂ ਕਿਹਾ ਕਿ ਅਰਾਮਪ੍ਰਸਤ ਸਿਆਸਤਦਾਨ ਅਮਰਿੰਦਰ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਹਰ ਚੋਣ ਵਿਚ ਬੂਰੀ ਤਰ੍ਹਾਂ ਅਸਫਲ ਹੋਇਆ ਹੈ ਅਤੇ ਮੋਗਾ ਤੋਂ ਬਾਅਦ ਉਹ ਕਿਸੇ ਸਿਆਸੀ ਪਿੜ ਵਿਚ ਉਤਰਨ ਦੀ ਜੁਰਅਤ ਨਹੀਂ ਕਰੇਗਾ। ਉਨ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਨੂੰ ਸਲਾਹ ਦਿੱਤੀ ਕਿ ਉਹ ਆਪਣੇ 'ਸ਼ੌਕ' ਪੂਰੇ ਕਰਨ ਲਈ ਸਰਗਰਮ ਸਿਆਸਤ ਤੋਂ ਸੰਨਿਆਸ ਲੈ ਲਵੇ। ਉਨ੍ਹਾਂ ਅਮਰਿੰਦਰ ਸਿੰਘ ਵਲੋਂ ਕੀਤੇ ਮੋਗਾ ਉਪ ਚੋਣ ਵਿਚ ਜਿੱਤਣ ਦੇ ਦਾਅਵੇ ਦੀ ਮੁੰਗੇਰੀ ਲਾਲ ਦੇ ਹਸੀਨ ਸੁਪਨਿਆਂ ਨਾਲ ਤੁਲਣਾ ਕਰਦਿਆਂ ਕਿਹਾ ਕਿ ਕੈਪਟਨ ਦਾ ਸੁਭਾਅ ਹੈ ਕਿ ਜਦੋਂ ਵੀ ਕਿਸੇ ਸਿਆਸੀ ਮੁਹਿੰਮ ਵਿਚ ਜਾਂਦਾ ਹੈ ਤਾਂ ਵੱਡੇ ਦਾਅਵੇ ਕਰਦਾ ਹੈ ਪਰ ਪੰਜਾਬ ਦੇ ਲੋਕ ਉਸ ਨੂੰ ਉਸਦੀ ਅਸਲੀ ਥਾਂ ਦਿਖਾ ਦਿੰਦੇ ਹਨ।
ਸ. ਬਾਦਲ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂ ਮੋਗਾ ਵਿਚ ਸ਼ਰਤੀਆ ਵੱਡੀ ਹਾਰ ਦੀ ਨਮੋਸ਼ੀ ਤੋਂ ਪਹਿਲਾਂ ਕਈ ਤਰ੍ਹਾਂ ਦੇ ਦੋਸ਼ਾਂ ਦਾ ਸਹਾਰਾ ਲੈਣ ਦਾ ਅਸਫਲ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਦੀ ਹੌਲੀ ਸਿਆਸਤ ਤੋਂ ਭਲੀ-ਭਾਂਤ ਵਾਕਫ ਹੋ ਗਏ ਹਨ ਅਤੇ ਉਹ ਆਜ਼ਾਦੀ ਉਪਰੰਤ ਕਾਂਗਰਸ ਦੀ ਕਾਰਗੁਜ਼ਾਰੀ ਤੋਂ ਏਨੇ ਖਫ਼ਾ ਹਨ ਕਿ ਉਹ ਕਦੇ ਵੀ ਕਾਂਗਰਸੀ ਆਗੂਆਂ ਦਾ ਵਿਸ਼ਵਾਸ਼ ਨਹੀਂ ਕਰ ਸਕਦੇ। ਪ੍ਰਧਾਨ ਮੰਤਰੀ ਦੇ ਅਹੁਦੇ ਸਬੰਧੀ ਕਿਸੇ ਆਗੂ ਦੀ ਉਮੀਦਵਾਰੀ ਦੇ ਸਮਰਥਨ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਐਨ.ਡੀ.ਏ ਦਾ ਸਭ ਤੋਂ ਪੁਰਾਣਾ ਅਤੇ ਪਰਖਿਆ ਹੋਇਆ ਭਾਈਵਾਲ ਹੈ ਅਤੇ ਇਹ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਐਨ.ਡੀ.ਏ ਦੀ ਪਸੰਦ ਦਾ ਸਮਰਥਨ ਕਰੇਗਾ।