ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ 'ਚ ਕਿਤੇ ਵੀ ਨਜਾਇਜ਼ ਤੌਰ ਤੇ ਇੱਟਾਂ, ਰੇਤਾ, ਬਜਰੀ ਆਦਿ ਨਾਲ ਓਵਰ ਲੋਡ ਟਰੱਕ, ਟਿੱਪਰ, ਟਰੈਕਟਰ-ਟਰਾਲੀਆਂ ਆਦਿ ਨੂੰ ਨਹੀਂ ਖੜ੍ਹਨ ਦਿੱਤਾ ਜਾਵੇਗਾ। ਇਹ ਜਾਣਕਾਰੀ ਐਸ.ਡੀ.ਐਮ ਸ੍ਰੀ ਲਖਮੀਰ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ ਸੋਹਾਣਾ ਸ੍ਰੀ ਰਾਜੀਵ ਕੁਮਾਰ, ਐਸ.ਡੀ.ਓ ਪੁਡਾ ਦਵਿੰਦਰ ਕੁਮਾਰ ਦੀ ਟੀਮ ਵੱਲੋਂ ਸੈਕਟਰ 78-79 ਨੂੰ ਵੰਡਦੀ ਸੜਕ ਤੇ ਅੱਜ ਅਚਾਨਕ ਛਾਪਾ ਮਾਰਨ ਉਪਰੰਤ ਨਜਾਇਜ ਖੜ੍ਹੇ ਟਰੱਕ, ਟਰੈਕਟਰ-ਟਰਾਲੀਆਂ ਨੂੰ ਕਾਬੂ ਕਰਨ ਉਪਰੰਤ ਦਿੱਤੀ। ਉਨ੍ਹਾਂ ਦੱਸਿਆ ਕਿ ਸੈਕਟਰ 78-79 ਨੂੰ ਵੰਡਦੀ ਸੜਕ ਤੇ ਟਰੱਕ ਅਤੇ ਟਰੈਕਟਰ-ਟਰਾਲੀਆਂ ਇਟਾਂ, ਰੇਤਾ ਅਤੇ ਬਜਰੀ ਨਾਲ ਭਰਕੇ ਨਜਾਇਜ਼ ਤੌਰ ਤੇ ਖੜ੍ਹੇ ਕੀਤੇ ਹੋਏ ਸਨ।
ਐਸ.ਡੀ.ਐਮ ਨੇ ਦੱਸਿਆ ਕਿ ਉਨ੍ਹਾਂ ਨੂੰ ਰੈਜੀਡੈਂਟ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ ਸੈਕਟਰ 78 ਵੱਲੋ ਵੀ ਸੂਚਨਾ ਮਿਲੀ ਸੀ ਕਿ ਸੈਕਟਰ 78-79 ਨੂੰ ਵੰਡਦੀ ਸੜਕ ਤੇ ਇੱਟਾਂ, ਬਜਰੀ ਅਤੇ ਰੇਤੇ ਨਾਲ ਓਵਰਲੋਡ ਟਰੱਕ, ਟਰੈਕਟਰ-ਟਰਾਲੀਆਂ ਨਜਾਇਜ਼ ਖੜ੍ਹੇ ਰਹਿੰਦੇ ਹਨ ਅਤੇ ਡਰਾਈਵਰ, ਕੰਡਕਟਰ ਸੜਕ ਵਿਚਕਾਰ ਹੀ ਗੱਡੀਆਂ ਖੜ੍ਹੀਆਂ ਕਰਕੇ ਤਾਸ਼ ਆਦਿ ਖੇਡਦੇ ਹਨ ਅਤੇ ਸ਼ਾਮ ਸਮੇਂ ਸ਼ਰਾਬ ਵਗੈਰਾ ਪੀ ਕੇ ਮਹੌਲ ਖਰਾਬ ਕਰਦੇ ਹਨ। ਉਨ੍ਹਾਂ ਦੱਸਿਆ ਕਿ ਨਜਾਇਜ਼ ਖੜ੍ਹੇ ਟਰੱਕ, ਟਰੈਕਟਰ-ਟਰਾਲੀਆਂ ਨੂੰ ਐਸ.ਐਚ.ਓ ਸੋਹਾਣਾ ਰਾਜੀਵ ਕੁਮਾਰ ਵੱਲੋਂ ਥਾਣੇ ਵਿੱਚ ਬੰਦ ਕਰ ਦਿੱਤਾ ਗਿਆ ਹੈ। ਜਿਥੇ ਮੈਇਨਿੰਗ ਅਫ਼ਸਰ ਵੱਲੋਂ ਇਹ ਪੜਤਾਲ ਕੀਤੀ ਜਾਵੇਗੀ ਕਿ ਇਹ ਰੇਤਾ, ਬਜਰੀ ਕਾਨੂੰਨੀ ਤੌਰ ਤੇ ਲਿਅਉਂਦਾ ਗਿਆ ਹੈ ਜਾਂ ਗੈਰ-ਕਾਨੂੰਨੀ ਮਾਇਨਿੰਗ ਕੀਤੀ ਹੋਈ ਹੈ। ਉਸ ਦੀ ਰਿਪੋਰਟ ਅਨੁਸਾਰ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੜਕ ਤੇ ਸਟਰੀਟ ਲਾਈਟਾਂ ਲਗਵਾਉਣ , ਪਾਣੀ ਦੀ ਨਿਕਾਸੀ ਲਈ ਗਟਰਾਂ ਨੂੰ ਖੁਲਵਾਉਣ ਅਤੇ ਟੁੱਟੀ ਸੜਕ ਦੀ ਮੁਰੰਮਤ ਕਰਾਉਣ ਲਈ ਗਮਾਡਾ ਨੂੰ ਲਿਖਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਥੇ ਨਜਾਇਜ ਤੌਰ ਤੇ ਬਣਾਏ ਗਏ ਰੇਤਾ ਬਜਰੀ ਦੇ ਡੰਪਾਂ ਨੂੰ ਹਟਾਉਣ ਲਈ ਵੀ ਪੁੱਡਾ ਵੱਲੋਂ ਕਾਰਵਾਈ ਕੀਤੀ ਜਾਵੇਗੀ।