ਭਾਂਵੇ ਅਸੀਂ ਸਿੱਖਿਆ ਅਤੇ ਵਿਗਿਆਨਕ ਪੱਖੋਂ ਚੌਖੀ ਤਰੱਕੀ ਹਾਸਲ ਕਰ ਲਈ ਹੈ ਪਰੰਤੂ ਮਾਨਵੀ ਕਦਰਾਂ ਕੀਮਤਾਂ ਅਤੇ ਪੇਸ਼ਵਰੀ ਨੈਤਕਿਤਾ ਵਿਚ ਬੇਹੱਦ ਗਿਰਾਵਟ ਆਈ ਹੈ ਜੋ ਕਿ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਮਾਨਵੀ ਕਦਰਾਂ ਕੀਮਤਾਂ ਤੋਂ ਬਿਨਾਂ ਕੋਈ ਵੀ ਦੇਸ਼ , ਸੂਬਾ ਅਤੇ ਸਮਾਜ ਤਰੱਕੀ ਨਹੀ ਕਰ ਸਕਦਾ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਮਦਨ ਮੋਹਨ ਮਿੱਤਲ ਨੇ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ ਮੋਹਾਲੀ ਵਿਖੇ ਪੀ ਟੀ ਯੂ ਦੇ ਇੰਟਰਨੈਸ਼ਨਲ ਰਿਸੋਰਸ ਸੈਂਟਰ ਫਾਰ ਯੂਨੀਵਰਸਲ ਹਿਊਮਨ ਵੈਲਯੂ ਦੇ ਪਿਛਲੇ ਪੰਜ ਸਾਲਾਂ ਦੀ ਕਾਰਗੁਜਾਰੀ ਦੀ ਸਮੀਖਿਆ ਸਬੰਧੀ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੀਟਿੰਗ ਵਿਚ ਪੰਜਾਬ ਭਰ ਦੀਆਂ ਤਕਨੀਕੀ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਸਮਾਜ ਸੇਵੀ ਅਤੇ ਵਿਦਿਆਰਥੀ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ।
ਸ੍ਰੀ ਮਿੱਤਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੀ.ਟੀ.ਯੂ ਵੱਲੋਂ ਮਾਨਵੀ ਕਦਰਾਂ ਦੀ ਸਿੱਖਿਆ ਨੂੰ ਪੀ.ਟੀ.ਯੂ ਦੇ ਪਾਠ ਕਰਮ ਦਾ ਹਿੱਸਾ ਬਣਾਉਣਾ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ ਜਿਸ ਨਾਲ ਮਾਨਵੀ ਕਦਰਾਂ ਕੀਮਤਾਂ ਦੀ ਸਿੱਖਿਆ ਨੂੰ ਅਪਨਾਉਣ ਦੀ ਪ੍ਰੀਕ੍ਰਿਆ ਰਾਹੀਂ ਸਕਾਰਾਅਤਮਕ ਤਬਦੀਲੀਆਂ ਆਈਆਂ ਹਨ, ਜਿਸ ਦਾ ਘੇਰਾ ਹੋਰ ਵਿਸ਼ਾਲ ਬਣਾਉਣ ਦੀ ਲੋੜ ਹੈ। ਉਨਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਪੜਾਈ ਦੇ ਨਾਲ ਨਾਲ ਮਾਨਵੀ ਕਦਰਾਂ ਕੀਮਤਾਂ ਅਤੇ ਪੇਸ਼ਾਵਰੀ ਨੈਤਕਿਤਾ ਸਿੱਖਿਆ ਦੇਣ ਦੀ ਲੋੜ ਤੇ ਜੋਰ ਦਿੱਤਾ ਹੈ। ਉਨਾਂ ਕਿਹਾ ਕਿ ਮਾਨਵੀ ਕਦਰਾ ਕੀਮਤਾਂ ਦਾ ਵਿਸ਼ਾ ਬਹੁਤ ਹੀ ਮਹੱਤਵ ਪੂਰਨ ਅਤੇ ਗੰਭੀਰ ਵਿਸ਼ਾ ਹੈ। ਜਿਸ ਤੇ ਸਾਨੂੰ ਤਵੱਜੋਂ ਦੇਣ ਦੀ ਲੋੜ ਹੈ ਅਤੇ ਮਾਨਵੀ ਕਦਰਾਂ ਕੀਮਤਾਂ ਵਾਸਤੇ ਉਪਰਾਲੇ ਕਰਨੇ ਚਾਹੀਦੇ ਹਨ। ਜਿਸ ਨਾਲ ਸਮਾਜ ਵਿਚ ਉਸਾਰੂ ਸੋਚ ਪੈਦਾ ਹੋਵੇਗੀ। ਉਨਾਂ ਕਿਹਾ ਕਿ ਮਾਨਵੀ ਕਦਰਾਂ ਕੀਮਤਾਂ ਦੀ ਗਿਰਾਵਟ ਕਾਰਣ ਹੀ ਮਨੁੱਖ ਅੱਜ ਕੁਦਰਤ ਨਾਲ ਛੇੜ ਛਾੜ ਕਰ ਰਿਹਾ ਹੈ ਜਿਸ ਕਾਰਣ ਸਾਨੂੰ ਵਿਸ਼ਵ ਤਪਸ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਝੂਝਣਾ ਪੈ ਰਿਹਾ ਹੈ ਜਿਸ ਨਾਲ ਸਾਨੂੰ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਹੈ।
ਇਸ ਤੋਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿੱਤਲ ਨੇ ਦੱਸਿਆ ਕਿ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਮਾਨਵੀ ਕਦਰਾਂ ਕੀਮਤਾਂ ਅਤੇ ਪੇਸ਼ਾਵਰੀ ਨੈਤੀਕਤਾ ਸਬੰਧੀ ਬੁਨਿਆਦੀ ਸਿੱਖਿਆ ਆਰੰਭ ਕਰਕੇ ਇਕ ਬਹੁਤ ਵੱਡਾ ਉਦਮ ਕੀਤਾ ਹੈ ਜਿਸ ਨਾਲ ਵਿਦਿਆਰਥੀ ਉਸਾਰੂ ਅਤੇ ਚੰਗੀ ਸੋਚ ਦੇ ਮਾਲਕ ਬਣਨਗੇ ਅਤੇ ਉਹ ਸਮਾਜਿਕ ਕਦਰਾਂ ਕੀਮਤਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਗੇ ।ਪੱਤਰਕਾਰਾਂ ਵੱਲੋਂ ਰਾਜ ਵਿਚ ਹੁਨਰ ਸਿਖਲਾਈ ਪ੍ਰੋਗਰਾਮ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਰਾਜ ਵਿਚ ਹੁਨਰ ਸਿਖਲਾਈ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਖੋਲੇ ਜਾ ਰਿਹੇ ਹਨ ਤਾਂ ਜੋ ਨੌਜਵਨ ਹੁਨਰਮੰਦ ਸਿਖਲਾਈ ਪ੍ਰਾਪਤ ਕਰਕੇ ਰੁਜ਼ਗਾਰ ਹਾਸਲ ਕਰ ਸਕਣ।ਮੀਟਿੰਗ ਨੂੰ ਸਲਾਹਕਾਰ ਯੂਵਾ ਅਤੇ ਸਭਿਆਚਾਰਕ ਮਾਮਲੇ ਪੀ.ਟੀ.ਯੂ ਡਾਕਟਰ ਐਸ.ਐਮ ਕਾਂਤ ,ਇੰਚਾਰਜ ਪੀ.ਟੀ.ਯੂ ਮੋਹਾਲੀ ਕੈਂਪਸ ਡਾ. ਪ੍ਰਭਜੋਤ ਕੌਰ, ਰਜਿਸਟਰਾਰ ਪੀ.ਟੀ.ਯੂ ਡਾ. ਅਮਨਪ੍ਰੀਤ ਸਿੰਘ, ਪ੍ਰੋ: ਆਰ.ਆਰ.ਗੌੜ, ਸ੍ਰੀ ਰਾਜੂਲ ਅਸਥਾਨਾ ਨੇ ਵੀ ਸੰਬੋਧਨ ਕੀਤਾ। ਮੀਟਿੰਗ ਵਿਚ ਐਸ.ਡੀ.ਐਮ ਮੋਹਾਲੀ ਲਖਮੀਰ ਸਿੰਘ ਸਮੇਤ ਹੋਰਨਾਂ ਸਖ਼ਸ਼ੀਅਤਾਂ ਵੀ ਸ਼ਾਮਲ ਹੋਈਆਂ ।