ਵਿਧਾਨ ਸਭਾ ਹਲਕਾ ਐਸ.ਏ.ਐਸ.ਨਗਰ 'ਚ ਪੇਂਡੂ ਲਿੰਕ ਸੜਕਾਂ ਤੇ ਆਵਾਜਾਈ ਨੂੰ ਸੁਖਾਲੀ ਬਣਾਉਣ ਅਤੇ ਲੋਕਾਂ ਨੂੰ ਬਿਹਤਰ ਆਵਾਜਾਈ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਅਹਿੰਮ ਫੈਸਲਾ ਲੈਦਿਆਂ ਸੜਕਾਂ ਦੀ ਮੁਰੰਮਤ ਤੇ 5 ਕਰੋੜ 52 ਲੱਖ 2 ਹਜ਼ਾਰ ਰੁਪਏ ਦੀ ਰਾਸੀ ਜਾਰੀ ਕਰ ਦਿੱਤੀ ਹੈ ਤਾਂ ਜੋ ਲੋਕਾਂ ਨੂੰ ਆਵਾਜਾਈ ਸਬੰਧੀ ਦਰਪੇਸ਼ ਮੁਸ਼ਕਲਾਂ ਤੋ ਛੁਟਕਾਰਾ ਹੋ ਸਕੇ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸ਼ਨ ਬੀਬੀ ਅਮਨ ਜੋਤ ਕੌਰ ਰਾਮੂਵਾਲੀਆ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਜ਼ਿਲ੍ਹਾ ਯੋਜਨਾ ਕਮੇਟੀ ਦੇ ਦਫ਼ਤਰ ਵਿਖੇ ਲੋਕ ਨਿਰਮਾਣ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਸੱਦੀ ਗਈ ਮੀਂਿਟੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਇਸ ਮੌਕੇ ਦੱਸਿਆ ਕਿ ਵਿਧਾਨ ਸਭਾ ਹਲਕਾ ਐਸ.ਏ.ਐਸ.ਨਗਰ ਵਿੱਚ 110.27 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਤੇ 4 ਕਰੋੜ 42 ਲੱਖ 54 ਹਜ਼ਾਰ ਰੁਪਏ ਖਰਚ ਕੀਤੇ ਜਾਣਗੇ ਅਤੇ 28.79 ਕਿਲੋਮੀਟਰ ਸੜਕਾਂ ਜ਼ਿਨ੍ਹਾਂ ਦੀ ਹਾਲਤ ਖਸਤਾ ਹੈ ਉਨ੍ਹਾਂ ਦੀ ਵਿਸ਼ੇਸ ਮੁਰੰਮਤ ਤੇ 1 ਕਰੋੜ 9 ਲੱਖ 48 ਹਜਾਰ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਇਸ ਮੌਕੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਲਿੰਕ ਸੜਕਾਂ ਦੀ ਮੁਰੰਮਤ ਅਤੇ ਲਿੰਕ ਸੜਕਾਂ ਦੀ ਵਿਸ਼ੇਸ ਮੁਰੰਮਤ ਦੇ ਕੰਮ ਨੂੰ ਮਿੱਥੇ ਸਮੇਂ ਤੇ ਮੁਕੰਮਲ ਕਰਨ ਦੇ ਨਾਲ-ਨਾਲ ਮਿਆਰੀ ਕੰਮ ਨੂੰ ਹੋਣਾ ਵੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਹੋਰ ਕਿਹਾ ਕਿ ਮਿਆਰੀ ਕੰਮ ਨੂੰ ਯਕੀਨੀ ਬਣਾਉਣ ਲਈ ਉਹ ਖੁਦ ਅਚਨਚੇਤੀ ਚੈਕਿੰਗ ਕਰਨਗੇ।
ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਿੰਕ ਸੜਕਾਂ ਦੀ ਮੁਰੰਮਤ ਕਰਨ ਸਬੰਧੀ ਅਹਿੰਮ ਫੈਸਲਾ ਲੈ ਕੇ ਫੰਡ ਜਾਰੀ ਕੀਤੇ ਗਏ ਹਨ ਕਿਉਂਕਿ ਲਿੰਕ ਸੜਕਾਂ ਦੀ ਖਸਤਾ ਹਾਲਤ ਹੋਣ ਕਾਰਨ ਆਮ ਲੋਕਾਂ ਨੂੰ ਆਵਾਜਾਈ ਵਿੱਚ ਪਰੇਸ਼ਾਨੀ ਆ ਰਹੀਂ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੀ ਮੁਰੰੰਮਤ ਹੋਣ ਨਾਲ ਲੋਕਾਂ ਦੀ ਪਰੇਸਾਨੀ ਦੂਰ ਹੋ ਜਾਵੇਗੀ। ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਤੇ 500 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਸ਼ਹਿਰ ਨੂੰ ਦੇਸ਼ ਦਾ ਸਭ ਤੋਂ ਸੁੰਦਰ ਸ਼ਹਿਰ ਬਣਾਉਣ ਲਈ ਪੈਸੇ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਮੋਹਾਲੀ ਸ਼ਹਿਰ ਦਾ ਵਿਕਾਸ ਚੰਡੀਗੜ੍ਹ ਦੇ ਪੱਧਰ ਤੋਂ ਵੀ ਉਪਰ ਉਠ ਕੇ ਕੀਤਾ ਜਾ ਰਿਹਾ ਹੈ।
ਬੀਬੀ ਰਾਮੂਵਾਲੀਆਂ ਨੇ ਅਗੋਂ ਕਿਹਾ ਕਿ ਮੋਹਾਲੀ ਸ਼ਹਿਰ ਨੂੰ ਖੇਡਾਂ ਦੇ ਹੱਬ ਵਜੋਂ ਵਿਕਸਤ ਕੀਤਾ ਗਿਆ ਹੈ। ਮੋਹਾਲੀ ਵਿਖੇ ਬਣਾਏ ਗਈ ਅੰਤਰ ਰਾਸ਼ਟਰੀ ਪੱਧਰ ਦੇ ਖੇਡ ਸਟੇਡੀਅਮ ਅਤੇ ਗੋਲਫ ਐਕਾਡਮੀ ਅਤੇ ਕਲੱਬ ਨਾਲ ਇਸ ਸ਼ਹਿਰ ਦੀ ਵਿਸ਼ਵ ਪੱਧਰ ਤੇ ਪਛਾਣ ਬਣੀ ਹੈ ਇਸ ਤੋਂ ਇਲਾਵਾ ਸ਼ਹਿਰ ਵਿਚ 7 ਮਲਟੀਪਰਪਰਜ਼ ਖੇਡ ਸਟੇਡੀਅਮ ਵੀ ਉਸਾਰੇ ਗਏ ਹਨ। ਜਿਸ ਨਾਲ ਸ਼ਹਿਰ ਵਿਚ ਬੱਚਿਆਂ ਅਤੇ ਖਿਡਾਰੀਆਂ ਦੀ ਖੇਡ ਵਿਚ ਰੁੱਚੀ ਵਧੀ ਹੈ। ਉਨਾਂ੍ਹ ਕਿਹਾ ਕਿ ਖੇਡਾਂ ਹੀ ਅਜਿਹਾ ਸਾਧਨ ਹਨ ਜਿਹੜੀਆਂ ਕਿ ਮੁੱਢ ਤੋਂ ਹੀ ਬੱਚਿਆਂ ਨੂੰ ਅਨੁਸ਼ਾਸਨ ਵਿਚ ਰਹਿਣਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਤ ਕਰਦੀਆਂ ਹਨ। ਉਨਾਂ੍ਹ ਕਿਹਾ ਕਿ ਪੰਜਾਬ ਸਰਕਾਰ ਨੇ ਖੇਡਾਂ ਵੱਲ ਵਿਸ਼ੇਸ ਤਵੱਜੋਂ ਦਿੱਤੀ ਹੈ । ਉਨਾਂ੍ਹ ਦੱਸਿਆ ਕਿ ਜਿਲ੍ਹੇ ਦੇ ਤਕਰੀਬਨ ਸਾਰੇ ਪਿੰਡਾਂ ਵਿਚ ਖੇਡ ਕਿੱਟਾਂ ਅਤੇ ਜਿੰਮਾਂ ਦਾ ਸਮਾਨ ਵੰਡਿਆ ਗਿਆ ਹੈ ਤਾਂ ਜੋ ਦਿਹਾਤੀ ਖੇਤਰ ਵਿਚ ਰਹਿਣ ਵਾਲੇ ਬੱਚੇ ਅਤੇ ਨੌਜਵਾਨ ਖੇਡਾਂ ਵੱਲ ਅਕਰਸ਼ਿਤ ਹੋ ਸਕਣ।ਇਸ ਮੌਕੇ ਸ੍ਰੀ ਗੁਰਸੇਵਕ ਸਿੰਘ ਸੰਘਾ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ, ਐਸ.ਡੀ.ਓ ਸ੍ਰੀ ਜਸਪ੍ਰੀਤ ਸਿੰਘ ਢੀਡਸਾ, ਸ੍ਰੀ ਹਰਵੀਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।