ਪੰਜਾਬ ਸਰਕਾਰ ਵਲੋਂ ਨਵਾਂਸ਼ਹਿਰ ਰੇਲਵੇ ਸਟੇਸ਼ਨ ਦਾ ਨਾਮ ਬਦਲਕੇ ਸ਼ਹੀਦ ਭਗਤ ਸਿੰਘ ਰੇਲਵੇ ਸਟੇਸ਼ਨ ਰੱਖਦਿਅਂ ਇਸ ਸਬੰਧੀ ਲੋੜੀਂਦੀ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਆਜਾਦੀ ਦੀ ਲੜਾਈ ਦਾ ਮੋਹਰੀ ਸੀ, ਜਿਸ ਨੂੰ ਬ੍ਰਿਟਿਸ਼ ਸਰਕਾਰ ਵਲੋਂ ਲਾਹੌਰ ਜੇਲ੍ਹ ਵਿਖੇ 1931 ਨੂੰ ਫਾਂਸੀ ਦਿੱਤੀ ਗਈ ਸੀ। 8 ਅਪ੍ਰੈਲ 1929 ਨੂੰ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਵਲੋਂ ਕੇਂਦਰੀ ਅਸੈਂਬਲੀ ਹਾਲ ਵਿਚ ਸ਼ੈਸ਼ਨ ਦੌਰਾਨ ਬੰਬ ਸੁੱਟਿਆ ਗਿਆ ਸੀ ਜਿਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਇਸ ਘਟਨਾ ਪਿੱਛੋਂ ਦੋਹਾਂ ਆਜਾਦੀ ਘੁਲਾਟੀਆਂ ਵਲੋਂ ਮੌਕੇ ਤੋਂ ਭੱਜਣ ਦੀ ਥਾਂ ਖੁਦ ਗ੍ਰਿਫਤਾਰੀ ਦਿੱਤੀ ਗਈ ਅਤੇ ਕੇਸ ਦੌਰਾਨ ਵੀ ਭਗਤ ਸਿੰਘ ਵਲੋਂ ਬਚਾਅ ਪੱਖ ਵਿਚ ਕੋਈ ਵਕੀਲ ਕਰਨ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ। ਜੇਲ੍ਹ ਵਿਚ ਭਗਤ ਸਿੰਘ ਵਲੋਂ ਕੈਦੀਆਂ ਨਾਲ ਹੋ ਰਹੇ ਅਣਮਨੁੱਖੀ ਵਿਵਹਾਰ ਦੇ ਵਿਰੋਧ ਵਿਚ ਭੁੱਖ ਹੜਤਾਲ ਕੀਤੀ ਗਈ। 7 ਅਕਤੂਬਰ , 1930 ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਵਿਸ਼ੇਸ਼ ਟ੍ਰਿਬਿਊਨਲ ਵਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਅਤੇ 23 ਮਾਰਚ 1931 ਨੂੰ ਤੜਕਸਾਰ ਫÎਾਂਸੀ ਦਿੱਤੀ ਗਈ ਸੀ। ਹਾਲ ਹੀ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਸੀ।